ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਜੈਵ ਵਿਭਿੰਨਤਾ ਦੀ ਸੰਭਾਲ ਅਤੇ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਜ਼ਿਲ੍ਹਾ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀ ਅਤੇ ਤਕਨੀਕੀ ਸਹਾਇਤਾ ਸਮੂਹ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ: ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਪਾਏ ਜਾਂਦੇ ਪੌਦਿਆਂ, ਝਾੜੀਆਂ, ਰੁਖਾਂ, ਦਵਾਈਆਂ ਵਾਲੇ ਪੌਦਿਆਂ, ਲੁਪਤ ਹੋ ਰਹੇ ਪੌਦਿਆਂ, ਪਾਲਤੂ ਅਤੇ ਜੰਗਲੀ ਜਾਨਵਰਾਂ, ਪੰਛੀਆਂ ਆਦਿ ਸਬੰਧੀ ਵੇਰਵੇ ਜੁਟਾਉਣ ਲਈ ਸਬੰਧਤ ਵਿਭਾਗਾਂ ਨੂੰ ਕੰਮ ਦੀ ਵੰਡ ਕੀਤੀ ਗਈ। ਇਸੇ ਤਰਾਂ ਜ਼ਿਲ੍ਹੇ ਵਿਚ ਜੜ੍ਹੀ ਬੁਟੀਆਂ ਰਾਹੀਂ ਇਲਾਜ ਕਰਨ ਵਾਲੇ ਹਕੀਮਾਂ ਸਬੰਧੀ ਜਾਣਕਾਰੀ ਸਮਾਜਿਕ ਸੰਗਠਨਾਂ ਦੀ ਮਦਦ ਨਾਲ ਇੱਕਠੀ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਹਕੀਮਾਂ ਤੋਂ ਅਜਿਹੇ ਪੌਦਿਆਂ ਦਾ ਪਤਾ ਲਗਾਇਆ ਜਾ ਸਕੇ ਜ਼ਿਨ੍ਹਾਂ ਤੋਂ ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਖੇਤੀ ਵਿਭਿੰਨਤਾ ਅਪਨਾਉਣ ਵਾਲੇ ਕਿਸਾਨਾਂ ਸਬੰਧੀ ਵਿਸਥਾਰ ਨਾਲ ਸੂਚਨਾ ਇੱਕਤਰ ਕਰੇ ਅਤੇ ਕੁਦਰਤੀ ਖੇਤੀ ਅਤੇ ਖੇਤੀ ਵਿਭਿੰਨਤਾ ਨੂੰ ਹੋਰ ਉਤਸਾਹਿਤ ਕਰੇ ਤਾਂ ਜੋ ਕੀਟਨਾਸਕਾਂ ਦੇ ਪੰਛੀਆਂ ਅਤੇ ਜੀਵਾਂ ‘ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ। ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕਰੇ। ਪੰਛੀਆਂ ਦੇ ਕੁਦਰਤੀ ਟਿਕਾਣਿਆਂ ਦੀ ਰਾਖੀ ਕਰਨ ਬਾਰੇ ਵੀ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਜੈਵ ਸੰਪਨਤਾ ਬਾਰੇ ਇਹ ਜਾਣਕਾਰੀਆਂ ਇੱਕਤਰ ਹੋਣ ਤੋਂ ਬਾਅਦ ਇਕ ਵਿਸਥਾਰਤ ਕਾਰਜ ਯੋਜਨਾ ਬਣਾਈ ਜਾਵੇਗੀ ਤਾਂ ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਜੈਵ ਵਿਭਿੰਨਤਾ ਨੂੰ ਸੰਭਾਲਿਆ ਜਾ ਸਕੇ ਹੈ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸ: ਹਰਦਿਆਲ ਸਿੰਘ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਸ: ਕਰਨ ਸਿੰਘ ਸਹਾਇਕ ਨਿਰਦੇਸ਼ਕ ਮੱਛੀ ਪਾਲਣ, ਖੇਤੀ ਬਾੜੀ ਵਿਭਾਗ ਤੋਂ ਸ: ਕੁਲਦੀਪ ਸਿੰਘ, ਕੇ.ਵੀ.ਕੇ. ਤੋਂ ਡਾ: ਪ੍ਰਦੀਪ ਗੋਇਲ, ਪ੍ਰਦੂਸ਼ਨ ਕੰਟਰੋਲ ਬੋਰਡ ਤੋਂ ਸ: ਗੁਰਮੀਤ ਸਿੰਘ ਐਸ.ਡੀ.ਓ., ਪਰਿੰਸੀਪਲ ਗੋਪਾਲ ਸਿੰਘ, ਪੌਦ ਵਿਗਿਆਨੀ ਡਾ: ਨਿਤਨੇਮ ਸਿੰਘ, ਵਣ ਮੰਡਲ ਅਫ਼ਸਰ ਸ: ਦਲਜੀਤ ਸਿੰਘ ਬਰਾੜ, ਬਾਗਬਾਨੀ ਵਿਭਾਗ ਤੋਂ ਸ: ਕੁਲਜੀਤ ਸਿੰਘ, ਸਿੱਖਿਆ ਵਿਭਾਗ ਤੋਂ ਸ: ਰਵਿੰਦਰਪਾਲ ਸਿੰਘ, ਵਣ ਰੇਂਜ ਅਫ਼ਸਰ ਸ: ਅਮ੍ਰਿਤਪਾਲ ਸਿੰਘ, ਡਾ: ਨਰੇਸ਼ ਪਰੂਥੀ ਆਦਿ ਵੀ ਹਾਜਰ ਸਨ।
ਕੀ ਹੈ ਜੈਵ ਵਿਭਿੰਨਤਾ
ਕਿਸੇ ਖੇਤਰ ਵਿਚ ਪਾਏ ਜਾਣ ਵਾਲੇ ਸਮੂਹ ਜੀਵ-ਜੰਤੂਆਂ, ਪੌਦਿਆਂ, ਰੁੱਖਾਂ, ਪੰਛੀਆਂ, ਕੀਟ ਪੰਤਗਿਆਂ, ਗੱਲ ਕੀ ਹਰ ਜੀਵਤ ਚੀਜ ਦੇ ਸਮੂਹ ਨੂੰ ਹੀ ਉਸ ਇਲਾਕੇ ਦੀ ਜੈਵ ਵਿਭਿੰਨਤਾ ਕਿਹਾ ਜਾਂਦਾ ਹੈ। ਕੁਦਰਤ ਦਾ ਸਮਤੋਲ ਬਣਾਈ ਰੱਖਣ ਲਈ ਕੁਦਰਤ ਨੇ ਸਾਡੀ ਧਰਤੀ ਨੂੰ ਜੈਵ ਵਿਭਿੰਨਤਾ ਨਾਲ ਅਮੀਰ ਕੀਤਾ ਸੀ। ਸਾਰੇ ਜੀਵ ਜੰਤੂ, ਪਸ਼ੂ-ਪੰਛੀ, ਪੇੜ ਪੌਦਿਆਂ ਦੇ ਇਸ ਸਮੂਹ ਦੀ ਆਪਸੀ ਸਾਂਝ ਕਾਰਨ ਹੀ ਸਾਡਾ ਚੌਗਿਰਦਾ ਠੀਕ ਠਾਕ ਰਹਿ ਸਕਦਾ ਹੈ।
ਕਿਉਂ ਜਰੂਰੀ ਹੈ ਜੈਵ ਵਿਭਿੰਨਤਾ ਦੀ ਸੰਭਾਲ
ਪੌਦ ਵਿਗਿਆਨੀ ਡਾ: ਨਿਤਨੇਮ ਸਿੰਘ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਸਮੇਂ ਕੋਈ 400 ਪ੍ਰਕਾਰ ਦੇ ਪੇੜ ਪੌਦੇ ਪਾਏ ਜਾਂਦੇ ਹਨ। ਜ਼ਿਲ੍ਹੇ ਵਿਚ ਪਿਛਲੇ ਸਮੇਂ ਵਿਚ ਮਨੱਖ ਵੱਲੋਂ ਕੀਤੀ ਗਈ ਕੁਦਰਤ ਨਾਲ ਛੇੜਛਾੜ ਕਾਰਨ 35-40 ਪ੍ਰਕਾਰ ਦੇ ਪੇੜ ਪੌਦਿਆਂ ਦੀ ਹੋਂਦ ਖਤਮ ਹੋ ਗਈ ਹੈ। ਜਦ ਕਿ ਹੋਰ 40-50 ਪ੍ਰਕਾਰ ਦੇ ਪੇੜ ਪੌਦਿਆਂ ਦੀ ਹੋਂਦ ਖਤਮ ਹੋਣ ਕਿਨਾਰੇ ਹੈ। ਇੰਜ ਹੀ ਜੰਗਲੀ ਜੀਵ ਲਗਭਗ ਅਲੋਪ ਹੋ ਗਏ ਹਨ। ਜਦ ਕਿਸੇ ਖੇਤਰ ਦੀ ਇਕ ਪ੍ਰਕਾਰ ਜੈਵ ਵਿਭਿੰਨਤਾ ਘੱਟਦੀ ਹੈ ਤਾਂ ਕੁਦਰਤ ਦਾ ਸਮਤੋਲ ਵਿਗੜ ਜਾਂਦਾ ਹੈ ਅਤੇ ਇਸ ਕਾਰਨ ਬਿਮਾਰੀਆਂ, ਭੁੱਖਮਰੀ, ਅਕਾਲ, ਜੀਵਾਂ ਦਾ ਪਲਾਇਨ ਵੱਧ ਜਾਂਦਾ ਹੈ ਜਿਸ ਦਾ ਸਿੱਧਾ ਪ੍ਰਭਾਵ ਮਨੁੱਖ ‘ਤੇ ਪੈਂਦਾ ਹੈ। ਇਸ ਲਈ ਮਨੁੱਖ ਦੀ ਆਪਣੀ ਹੋਂਦ ਨੂੰ ਵੀ ਬਣਾਈ ਰੱਖਣ ਲਈ ਜੈਵ ਵਿਭਿੰਨਤਾ ਦੀ ਸੰਭਾਲ ਲਾਜਮੀ ਹੈ।