ਅੰਮ੍ਰਿਤਸਰ:- ਦੇਸ਼ ਦੀ ਸਰਵ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵੱਲੋਂ 30 ਮਾਰਚ ਨੂੰ ਦਿੱਤੇ ਅਹਿਮ ਫੈਸਲੇ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿਗ ਕਮੇਟੀ ਦੀ ਅਹਿਮ ਬੈਠਕ 3 ਅਪ੍ਰੈਲ ਨੂੰ ਸਵੇਰੇ 11.00 ਵਜੇ ਨਵੇਂ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਘਰ ਵਿਖੇ ਬੁਲਾਈ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਜਾਰੀ ਪ੍ਰੈਸ ਰਲੀਜ਼ ‘ਚ ਜਾਣਕਾਰੀ ਦੇਦਿੰਆਂ ਸਕੱਤਰ ਸ.ਦਲਮੇਘ ਸਿੰਘ ਨੇ ਦੱਸਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 18 ਸਤੰਬਰ 2011 ‘ਚ ਹੋਈ ਜਨਰਲ ਚੋਣ ਤੋਂ ਬਾਅਦ 5 ਦਸੰਬਰ ਨੂੰ 15 ਮੈਂਬਰ ਸਾਹਿਬਾਨ ਕੋਆਪਟ ਕੀਤੇ ਗਏ ਸਨ। ਕੋਆਪਟ ਕੀਤੇ ਗਏ ਮੈਂਬਰ ਸਾਹਿਬਾਨ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਕਰਕੇ ਇਕ ਮਹੀਨੇ ਦੇ ਅੰਦਰ-ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਚੋਣ ਹੋਣੀ ਲਾਜਮੀ ਸੀ, ਜੋ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਪੂਰੀ ਨਹੀ ਸੀ ਕਰਵਾਈ ਗਈ। ਇਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਮ ਕਾਜ ਨੂੰ ਨਿਰੰਤਰ ਚਲਦਾ ਰੱਖਣ ਤੇ 31 ਮਾਰਚ ਤੋਂ ਪਹਿਲਾਂ-ਪਹਿਲਾਂ ਬਜ਼ਟ ਪਾਸ ਕਰਨ ਲਈ ਮਾਨਯੋਗ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਜਿਸ ਤੇ ਮਿਤੀ 17 ਫਰਵਰੀ 2012 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਦਿਆਂ ਨਵੇਂ ਚੁਣੇ ਹਾਊਸ ਦੇ ਮੈਂਬਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਤੇ ਕੇਂਦਰ ਸਰਕਾਰ ਨੂੰ 6 ਹਫਤਿਆਂ ਦੇ ਵਿੱਚ ਅਗਲੇਰੀ ਕਾਰਵਾਈ ਲਈ ਕਿਹਾ। ਪ੍ਰੰਤੂ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚਿਆਂ ਦਾ ਸਾਲਾਨਾ ਬਜ਼ਟ ਪਾਸ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਦੁਬਾਰਾ ਫਿਰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ।
ਉਹਨਾਂ ਕਿਹਾ ਕਿ 30 ਮਾਰਚ ਨੂੰ ਮਾਨਯੋਗ ਜੱਜ ਆਰ.ਐਮ. ਲੋਧਾ ਤੇ ਐਚ.ਐਲ.ਗੋਖਲੇ ਦੇ ਅਧਾਰ ਬੈਂਚ ਵੱਲੋਂ ਮਹਿਸੂਸ ਕਰਦਿਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਨੂੰ ਮੇਨ-ਟੇਨ ਰੱਖਣਾ ਜਰੂਰੀ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ 30 ਮਾਰਚ ਨੂੰ ਦਿੱਤੇ ਨਵੇਂ ਨਿਰਦੇਸ਼ ਤਹਿਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਸ.ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਬਾਦਲ ਯੂਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ ਸਿੰਘ ਮਹਿਤਾ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਸੁਰਜੀਤ ਸਿੰਘ ਗੜ੍ਹੀ, ਸ.ਨਿਰਮੈਲ ਸਿੰਘ ਜੌਲਾਂ ਕਲਾਂ, ਸ.ਕਰਨੈਲ ਸਿੰਘ ਪੰਜੋਲੀ, ਸ.ਸੂਬਾ ਸਿੰਘ ਡੱਬਵਾਲੀ, ਸ.ਮੋਹਨ ਸਿੰਘ ਬੰਗੀ, ਸ.ਗੁਰਬਚਨ ਸਿੰਘ ਕਰਮੂੰਵਾਲਾ, ਸ.ਮੰਗਲ ਸਿੰਘ ਸੰਧੂ ਤੇ ਸ.ਭਜਨ ਸਿੰਘ ਸ਼ੇਰਗਿੱਲ ਅੰਤ੍ਰਿੰਗ ਮੈਂਬਰਾਂ ਤੇ ਆਧਾਰਤ ਅੰਤ੍ਰਿਗ ਕਮੇਟੀ ਦੀ ਮੀਟਿੰਗ 3 ਅਪ੍ਰੈਲ ਨੂੰ ਨਵੇਂ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਘਰ ‘ਚ ਸਵੇਰੇ 11 ਵਜੇ ਬੁਲਾਈ ਗਈ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਟ੍ਰੱਸਟ ਫੰਡ ਅਤੇ ਧਰਮ ਪ੍ਰਚਾਰ ਕਮੇਟੀ ਦੇ ਬਜ਼ਟਸ, ਧਾਰਾ 85 ਦੇ ਸਮੂਹ ਗੁਰਦੁਆਰਾ ਸਾਹਿਬਾਨ, ਵਿਦਿਅਕ ਅਦਾਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਅਧੀਨ ਚਲ ਰਹੇ ਕਾਲਜਾਂ, ਸਕੂਲਾਂ, ਪ੍ਰਿੰਟਿੰਗ ਪ੍ਰੈਸਾਂ ਦੇ ਸਾਲ 1-4-2012 ਤੋਂ 31-3-2013 ਤੀਕ ਦੇ ਬਜ਼ਟਸ ਪੁਰ ਵਿਚਾਰ ਕੀਤੀ ਜਾਵੇਗੀ।