ਬਰਨਾਲਾ, (ਜੀਵਨ ਰਾਮਗੜ੍ਹ)–ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਨਕਲਾਬੀ ਕੇਂਦਰ ਪੰਜਾਬ ਵੱਲੋਂ ‘ਰਾਜ ਬਦਲੋ-ਸਮਾਜ ਬਦਲੋ’ ਮੁਹਿੰਮ ਤਹਿਤ ਮਨਾਏ ਜਾ ਰਹੇ ਪੰਦਰਵਾੜੇ ਦੀ ਕੜੀ ਤਹਿਤ ਆਜ਼ਾਦ ਨਗਰ, ਤਰਕਸ਼ੀਲ ਚੌਂਕ ਬਰਨਾਲਾ ਵਿਖੇ ਰਾਤ ਨੂੰ ਮਸ਼ਾਲ ਮਾਰਚ ਉਪਰੰਤ ਭਰਵੀਂ ਸ਼ਹੀਦੀ ਕਾਨਫਰੰਸ ਤੇ ਨਾਟਕ ਮੇਲਾ ਕਰਵਾਇਆ ਗਿਆ।
ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਬੇਸ਼ੱਕ ਸਾਡੇ ਇੰਨ੍ਹਾਂ ਮਹਾਨ ਸ਼ਹੀਦਾਂ ਨੂੰ ਫਿਰੰਗੀ ਹਕੂਮਤ ਨੇ ਇਕਾਸੀ ਸਾਲ ਪਹਿਲਾਂ ਜਿਸਮਾਨੀ ਰੂਪ ’ਚ ਖ਼ਤਮ ਕਰ ਦਿੱਤਾ ਸੀ ਪਰੰਤੂ ਸ਼ਹੀਦਾਂ ਦੀ ਸ਼ਹਾਦਤ ਅਤੇ ਵਿਚਾਰਾਂ ਦੇ ਰੂਪ ’ਚ ਅਮਰ ਸਰਮਾਇਆ ਅੱਜ ਵੀ ਸਾਡੇ ਮਿਹਨਤਕਸ਼ ਲੋਕਾਂ ਲਈ ਚਾਨਣ ਮੁਨਾਰਾ/ਅਕੀਦਾ ਤੇ ਰਾਹ ਦਸੇਰਾ ਬਣੀ ਹੋਈ ਹੈ ਕਿਉਂਕਿ ਅਖੌਤੀ ਆਜ਼ਾਦੀ ਦੇ 65 ਸਾਲ ਬੀਤ ਜਾਣ ’ਤੇ ਵੀ ਸਾਡੇ ਦੇਸੀ ਹਾਕਮ ਸਰਮਾਏਦਾਰੀ ਦੀ ਟਹਿਲ ਸੇਵਾ ’ਚ ਰੁਝੇ ਰਹਿਣ ਸਦਕਾ ਆਪ ਤਾਂ ਮਾਲੋ ਮਾਲ ਹੋ ਰਹੇ ਹਨ ਪ੍ਰੰਤੂ ਆਬਾਦੀ ਦਾ 85 ਫੀਸਦੀ ਹਿੱਸਾ ਕੰਗਾਲੀ ਦੀ ਕੰਢੇ ’ਤੇ ਖੜਾ ਹੈ। ਜਿਸ ਕਰਕੇ ਭਗਤ ਸਿੰਘ ਹੁਰਾਂ ਦੇ ਸੁਪਨਿਆਂ ਦੀ ਹਕੀਕੀ ਅਜ਼ਾਦੀ ‘ਲੁੱਟ ਜ਼ਬਰ ਤੇ ਦਾਬੇ ਤੋਂ ਰਹਿਤ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾਂ’ ਦਾ ਕਾਰਜ਼ ਸਾਡੇ ਲਈ ਦਰਪੇਸ਼ ਹੈ। ਇਸੇ ਕਰਕੇ ਸ਼ਹੀਦਾਂ ਵੱਲੋਂ ਦਰਸਾਏ ਸੰਗਰਾਮੀਂ ਮਾਰਗ ’ਤੇ ਦ੍ਰਿੜਤਾ ਨਾਲ ਚਲਦੇ ਰਹਿਣ ਦੀ ਲੋੜ ਹੈ। ਕਾਨਫਰੰਸ ਉਪਰੰਤ ਚੇਤਨਾਂ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋਂ ਹਰਵਿੰਦਰ ਦੀਵਾਨਾਂ ਦੀ ਨਿਰਦੇਸ਼ਨਾਂ ਹੇਠ ਦੋ ਨਾਟਕ ‘ਗੀਤ ਹਾਂ ਮੈਂ’ ਅਤੇ ‘ਮੈਂ ਫਿਰ ਆਵਾਂਗਾ’ ਨਾਟਕ ਮੰਚਨ ਤੋਂ ਇਲਾਵਾ ਕੋਰੀਓਗ੍ਰਾਫੀਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਸਟੇਜ਼ ਦਾ ਸੰਚਾਲਨ ਹਰਚਰਨ ਸਿੰਘ ਪੱਤੀ ਨੇ ਕੀਤਾ। ਅਜ਼ਮੇਰ ਆਕਲੀਆ, ਗਗਨ ਬਰਨਾਲਾ, ਗੁਰਪ੍ਰੀਤ ਗੋਪੀ ਤੇ ਜੱਸਾ ਠੀਕਰੀਵਾਲ ਨੇ ਇਨਕਲਾਬੀ ਗੀਤਾਂ ਨਾਲ ਰੰਗ ਬੰਨ੍ਹਿਆਂ।
ਇਸ ਸਮਾਗਮ ਲਈ ਸਫਲਤਾ ਲਈ ਮਾਸਟਰ ਬਲਵੰਤ ਸਿੰਘ, ਨਵਤੇਜ਼ ਉਗੋਕੇ, ਹਾਕਮ ਸਿੰਘ ਨੂਰ, ਹਰਭੋਲ ਸਿੰਘ ਜੇਈ, ਡਾ. ਸੁਖਵਿੰਦਰ ਸਿੰਘ ਠੀਕਰੀਵਾਲ ਅਤੇ ਯਾਦਵਿੰਦਰ ਸਿੰਘ ਠੀਕਰੀਵਾਲ ਨੇ ਵੀ ਸਰਗਰਮ ਭੂਮਿਕਾ ਨਿਭਾਈ।
ਆਜ਼ਾਦ ਨਗਰ ਬਰਨਾਲਾ ਵਿਖੇ ਹੋਈ ਸ਼ਹੀਦੀ ਕਾਨਫਰੰਸ ਤੇ ਨਾਟਕ ਮੇਲਾ
This entry was posted in ਪੰਜਾਬ.