ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਨਵੇਂ ਬਣੇ ਪ੍ਰਬੰਧਕੀ ਬਲਾਕ ਦੇ ਮੀਟਿੰਗ ਹਾਲ ਵਿਖੇ ਸਵੇਰੇ 11.00 ਵਜੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ‘ਚ ਸ਼ੁਰੂ ਹੋਈ ਜਿਸ ਵਿੱਚ ਸ.ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਬਾਦਲ ਯੂਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਸੂਬਾ ਸਿੰਘ ਡੱਬਵਾਲੀ, ਸ.ਰਜਿੰਦਰ ਸਿੰਘ ਮਹਿਤਾ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਨਿਰਮੈਲ ਸਿੰਘ ਜੌਲਾਂ ਕਲਾਂ, ਸ.ਕਰਨੈਲ਼ ਸਿੰਘ ਪੰਜੋਲੀ, ਸ.ਮੋਹਨ ਸਿੰਘ ਬੰਗੀ, ਸ.ਗੁਰਬਚਨ ਸਿੰਘ ਕਰਮੂੰਵਾਲਾ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਮੰਗਲ ਸਿੰਘ ਸੰਧੂ ਤੇ ਸ.ਭਜਨ ਸਿੰਘ ਸ਼ੇਰਗਿੱਲ ਸ਼ਾਮਲ ਹੋਏ।
ਇਕੱਤਰਤਾ ‘ਚ ਹਾਜਰ ਮੈਂਬਰ ਸਾਹਿਬਾਨ ਦੀ ਸਹਿਮਤੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਸੁਖਦੇਵ ਸਿੰਘ ਭੌਰ ਤੇ ਸਕੱਤਰ ਸ.ਦਲਮੇਘ ਸਿੰਘ ਵੱਲੋਂ ਸਾਲ 2012-13 ਦਾ ਸਾਲਾਨਾ ਅਨੁਮਾਨਤ ਬਜ਼ਟ ਛੇ ਅਰਬ ਪੈਂਹਠ ਕਰੋੜ ਛਿਆਲੀ ਲੱਖ ਤੇਈ ਹਜਾਰ ਅੱਠ ਸੌ ਚੌਂਤੀ ਰੁਪਏ ਪੇਸ਼ ਕੀਤਾ ਗਿਆ ਜੋ ਹਾਜ਼ਰ ਮੈਂਬਰ ਸਾਹਿਬਾਨ ਨੇ ਸਰਬ ਸੰਮਤੀ ਨਾਲ ਜੈਕਾਰੇ ਦੇ ਰੂਪ ‘ਚ ਪ੍ਰਵਾਨ ਕੀਤਾ। ਇਸ ਵਾਰ ਸਾਲਾਨਾ ਬਜ਼ਟ ਸਾਲ 2012-13 ਪਿਛਲੇ ਸਾਲ ਨਾਲੋ (ਚੁਰਾਨਵੇਂ ਕਰੋੜ ਅਠਤਾਲੀ ਲੱਖ ਛੇ ਹਜਾਰ ਨੌ ਸੌ ਤੇਰਾਂ ਰੁਪਏ) ਵੱਧ ਹੈ। ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਅਨੁਮਾਨਤ ਬਜ਼ਟ ਵਿੱਚੋਂ ਕੇਵਲ 31 ਜੁਲਾਈ ਤੱਕ ਦੇ ਖਰਚਾਂ ਨੂੰ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜਨਰਲ ਚੋਣ 17 ਸਤੰਬਰ 2011 ਨੂੰ ਹੋਈ ਸੀ। 5 ਦਸੰਬਰ 2011 ਨੂੰ 15 ਮੈਂਬਰ ਸਾਹਿਬਾਨ ਕੋਆਪਟ ਕੀਤੇ ਗਏ ਸਨ। ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਜਾਣਾ ਸੀ ਤੇ ਇਕ ਮਹੀਨੇ ਦੇ ਅੰਦਰ-ਅੰਦਰ ਕੇਂਦਰ ਸਰਕਾਰ ਵੱਲੋਂ ਨਵੇਂ ਹਾਊਸ ਦੀ ਪਹਿਲੀ ਮੀਟਿੰਗ ਬੁਲਾ ਕੇ ਉਸ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੋਣੀ ਸੀ ਜੋ ਸਰਕਾਰ ਵੱਲੋਂ ਨਹੀ ਕਰਵਾਈ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਨੂੰ ਚਲਦਾ ਰੱਖਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਮਾਨਯੋਗ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਜਿਸ ਤੇ 17 ਫਰਵਰੀ 2012 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਨਵੇਂ ਚੁਣੇ ਗਏ ਹਾਊਸ ਦੇ ਮੈਂਬਰਾਂ ਨੂੰ ਪ੍ਰਵਾਨਗੀ ਦੇ ਦਿੱਤੀ। ਕੇਂਦਰ ਸਰਕਾਰ ਨੂੰ 6 ਹਫਤਿਆਂ ਦੇ ਵਿੱਚ-ਵਿੱਚ ਇਸ ਤੇ ਅਗਲੇਰੀ ਕਾਰਵਾਈ ਲਈ ਕਿਹਾ, ਪ੍ਰੰਤੂ ਕੇਂਦਰ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ਨੂੰ ਪ੍ਰਭਾਵਿਤ ਹੋਣੋ ਰੋਕਣ ਅਤੇ 31 ਮਾਰਚ ਤੀਕ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜ਼ਟ ਪਾਸ ਕਰਨ ’ਚ ਹੋ ਰਹੀ ਦੇਰੀ ਪ੍ਰਤੀ ਸ਼੍ਰੋਮਣੀ ਕਮੇਟੀ ਵੱਲੋਂ ਮਾਨਯੋਗ ਸੁਪਰੀਮ ਕੋਰਟ ਵਿਚ ਦੁਬਾਰਾ ਫਿਰ ਪਟੀਸ਼ਨ ਦਾਇਰ ਕੀਤੀ ਸੀ, ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ 30 ਮਾਰਚ ਨੂੰ ਫੈਸਲਾ ਸੁਣਾਉਂਦਿਆਂ 17 ਫਰਵਰੀ 2012 ਵਾਲੇ ਫੈਸਲੇ ’ਚ ਸੋਧ ਕਰਦਿਆਂ ਨਵੰਬਰ 2010 ਵਾਲੀ ਅੰਤ੍ਰਿੰਗ ਕਮੇਟੀ ਨੂੰ ਕੰਮ-ਕਾਜ ਲਈ ਪ੍ਰਵਾਨਗੀ ਦਿੱਤੀ ਗਈ। ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜ਼ਟ (ਛੇ ਅਰਬ ਪੈਂਹਠ ਕਰੋੜ ਛਿਆਲੀ ਲੱਖ ਤੇਈ ਹਜ਼ਾਰ ਅੱਠ ਸੌ ਚੌਂਤੀ ਰੁਪਏ) ਸਾਲ 2012-13 ਲਈ ਪਾਸ ਕੀਤਾ ਗਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ (ਚੁਰਾਨਵੇਂ ਕਰੋੜ ਅਠਤਾਲੀ ਲੱਖ ਛੇ ਹਜ਼ਾਰ ਨੌ ਸੌ ਤੇਰਾ ਰੁਪਏ) ਵੱਧ ਹੈ। ਇਸ ਤੇ ਅੰਤ੍ਰਿੰਗ ਕਮੇਟੀ ਵੱਲੋਂ ਜੁਲਾਈ ਤੱਕ ਹੋਣ ਵਾਲੇ ਖਰਚਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ, ਐਡੀ. ਸਕੱਤਰ ਸ. ਤਰਲੋਚਨ ਸਿੰਘ, ਸ. ਸਤਬੀਰ ਸਿੰਘ, ਸ. ਮਨਜੀਤ ਸਿੰਘ ਤੇ ਸ. ਮਹਿੰਦਰ ਸਿੰਘ ਆਹਲੀ, ਮੀਡੀਆ ਵਿਭਾਗ ਅਤੇ ਸੈਕਸ਼ਨ 85 ਦੇ ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਰਣਜੀਤ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਦਿੱਤ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸ/ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ, ਮੀਤ ਮੈਨੇਜਰ ਸ. ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।