ਪੈਰਾਂ ਦੇ ਹੇਠ ਧਰਤੀ ਸਿਰ ਆਸਮਾਨ ਲੈਕੇ
ਉਠਿਆ ਹਾਂ ਨਾਲ ਅਪਣੇ ਸਾਰਾ ਜ਼ਹਾਨ ਲੈ ਕੇ।
ਲਾਜਿਮ ਨਹੀਂ ਏ ਲੋਕੋ ਆਪਣੀ ਜ਼ਬਾਨ ਖੋਲ੍ਹਾਂ
ਬੋਲਣਗੇ ਸ਼ੇਅਰ ਮੇਰੇ ਸੌ ਸੌ ਜ਼ਬਾਨ ਲੈ ਕੇ।
ਗ਼ਮਾਂ ਦੇ ਮਾਰਿਆਂ ਨਾਲ ਬੈਠ ਕੇ ਦੁੱਖ ਦਰਦ ਫੋਲਣਗੇ
ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ।
ਇਨ੍ਹਾਂ ਗੀਤਾਂ ਨੂੰ ਮੈਂ ਉਂਗਲੀ ਫ਼ਕੀਰਾਂ ਦੀ ਫੜਾ ਚਲਿਆਂ
ਮੈਂ ਅਵਤਾਰਾਂ ਦੀਆਂ ਰੂਹਾਂ ਇਨ੍ਹਾਂ ਗੀਤਾਂ ‘ਚ ਪਾ ਚਲਿਆਂ।
ਇਹ ਸੌਮੇ ਪਿਆਰ ਦੇ ਫੁਟਕੇ ਇਲਾਹੀ ਰਾਜ਼ ਖੋਲ੍ਹਣਗੇ
ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ।
ਮੈਂ ਇਕ ਇਕ ਹਰਫ਼ ਦੇ ਵਿੱਚ ਦਰਦ ਲੋਕਾਂ ਦੇ ਲਕੋਏ ਨੇ
ਇਨ੍ਹਾਂ ਗੀਤਾਂ ‘ਚ ਮਜ਼ਲੂਮਾਂ ਦੇ ਮੈਂ ਅਥਰੂ ਪਰੋਏ ਨੇ।
ਸਹਾਰਾ ਦੇਣਗੇ ਇਹ ਗੀਤ ਜਦ ਮਜਬੂਰ ਡੋਲਣਗੇ
ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ।
ਮੇਰੇ ਖ਼ੁਦਦਾਰ ਗੀਤਾਂ ਦੀ ਇਹ ਗੈਰਤ ਜਾਗ ਉਠੇਗੀ,
ਮੇਰੀ ਮਿੱਟੀ ਦੇ ਕਣ ਕਣ ਚੋਂ ਬਗ਼ਾਵਤ ਜਾਗ ਉਠੇਗੀ।
ਮੇਰੀ ਕਵਿਤਾ ਨੂੰ ਜਦ ਧੰਨਵਾਨ ਮਾਇਆ ਨਾਲ ਤੋਲਣਗੇ
ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ।
ਮੇਰੇ ਨਾਜ਼ੁਕ ਜਹੇ ਇਹ ਗੀਤ ਬਣ ਜਾਵਣਗੇ ਅੰਗਾਰੇ
ਵਪਾਰੀ ਜਿਉਂਦੀਆਂ ਲਾਸ਼ਾਂ ਦੇ ਮਜ਼ਲੂਮਾਂ ਦੇ ਹੱਤਿਆਰੇ।
ਜਦੋਂ ਗਲੀਆਂ ਦੇ ਵਿੱਚ ਮਸੂਮ ਕਲੀਆਂ ਨੂੰ ਮਧੋਲਣਗੇ।
ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ।
ਫ਼ਲਕ ਨੂੰ ਚੀਰ ਜਾਵਣਗੇ ਜਦੋਂ ਹਉਕੇ ਗਰੀਬਾਂ ਦੇ
ਜਦੋਂ ਰੋਟੀ ਲਈ ਵਿੱਕ ਜਾਣਗੇ ਮਾਰੇ ਨਸੀਬਾਂ ਦੇ
ਜਦੋਂ ਜ਼ਰਦਾਰ ਮੁਫਲਿਸ ਦੀ ਹਯਾ ਮਿੱਟੀ ‘ਚ ਰੋਲਣਗੇ
ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ।
ਗ਼ਮਾਂ ਦੇ ਮਾਰੂਥਲ ਅੰਦਰ ਜਦੋਂ ਮੈਂ ਖੋਅ ਗਿਆ ਕਿਧਰੇ,
ਜਦੋਂ ਪੱਥਰਾਂ ਦੇ ਮੈਂ ਇਹ ਸ਼ਹਿਰ ਵਿਚ ਗੁੰਮ ਹੋ ਗਿਆ ਕਿਧਰੇ,
ਮੇਰੇ ਆਜ਼ਾਦ ਗੀਤਾਂ ਚੋਂ ਇਹ ਮੈਨੂੰ ਯਾਰ ਟੋਹਲਣਗੇ।
ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ।