ਤਾਏ ਵਲੈਤੀਏ ਦੀ ਮਹਿਫਲ ਪੂਰੀ ਤਰ੍ਹਾਂ ਮਘੀ ਹੋਈ ਸੀ। ਸਾਰੇ ਹੀ ਬੁਲਾਰੇ ਆਪੋ ਆਪਣੀ ਵਾਰੀ ਵਾਹ ਰਹੇ ਸਨ। ਸ਼ੀਤਾ ਆਪਣੀ ਆਦਤ ਅਨੁਸਾਰ ਆਪਣੀਆਂ ਹਸਾਉਣੀਆਂ ਗੱਲਾਂ ਨਾਲ ਮਹਿਫਲ ਵਿਚ ਹਾਸੇ ਖਿਲਾਰ ਰਿਹਾ ਸੀ। ਮਾਸਟਰ ਧਰਮ ਸਿੰਘ ਆਪਣੀਆਂ ਗੱਲਾਂ ਨਾਲ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਨੇ ਨੂੰ ਮੱਥੇ ਤੇ ਬਾਂਹ ‘ਤੇ ਪੱਟੀਆਂ ਲਪੇਟੀ ਨਿਹਾਲਾ ਅਮਲੀ ਬੈਠਕ ਵਿਚ ਆਣ ਪਹੁੰਚਿਆ। ਨਿਹਾਲੇ ਨੂੰ ਵੇਖਦਿਆਂ ਹੀ ਸਾਰਿਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ।
ਸ਼ੀਤੇ ਨੇ ਪੁੱਛਿਆ , “ਓਏ ਅਮਲੀਆ! ਆਹ ਤੈਨੂੰ ਕੀ ਹੋ ਗਿਐ। ਜਦੋਂ ਤੂੰ ਮੈਨੂੰ ਸ਼ਹਿਰ ਮਿਲਿਆ ਸੀ, ਉਦੋਂ ਤਾਂ ਤੂੰ ਠੀਕ ਠਾਕ ਸੀ।”
“ਓਏ ਸ਼ੀਤਿਆਂ! ਕੀ ਦਸਾਂ ਕੋਈਂ ਕਸੂੰਰ ਨਾਂ ਹੁੰਦਿਆਂ ਹੋਇਆਂ ਵੀ ਪੁਲਸ ਨੇ ਮੇਰੀਂ ਆਂਹ ਹਾਂਲਤ ਕਰ ਦਿੰਤੀ ਆਂ।” ਨਿਹਾਲੇ ਨੇ ਆਪ ਬੀਤੀ ਸੁਣਾਉਂਦਿਆਂ ਕਿਹਾ।
“ਪਰ ਨਿਹਾਲ ਸਿੰਹਾਂ ਫਿਰ ਪੂਰੀ ਗਲ ਤਾਂ ਦੱਸ ਕੀ ਹੋਇਆ?” ਤਾਏ ਨੇ ਨਿਹਾਲੇ ਅਮਲੀ ਨੂੰ ਪੁੱਛਿਆ।
“ਬਸ ਤਾਇਆਂ! ਹੋਣਾਂ ਕੀ ਆਂ ਆਂਹ ਜਿਹੜੇਂ ਲੀਡਰ ਈਂ ਨਾ ਇਹ ਵੋਟਾਂ ਲੈਣ ਵੇਲੇਂ ਗੋਡੀਂ ਹੱਥ ਲਾਉਂਦੇ ਫਿਰਨਗੇਂ। ਜਦੋਂ ਜਿੱਤ ਜਾਂਦੇਂ ਨੇ ਤਾਂ ਬੰਦੇ ਨੂੰ ਬੰਦਾ ਈਂ ਨਹੀਂ ਸਮਝਦੇਂ।” ਨਿਹਾਲੇ ਨੇ ਕਿਹਾ।
“ਹੋਇਆਂ ਇੰਜ ਕਿ ਮੈਂ ਸੜਕ ਪਾਂਰ ਕਰਕੇਂ ਬੰਤੇ ਦੀ ਹੱਟਿਉਂ ਕੁੰਝ ਘਰ ਦਾ ਸੌਦਾ ਸੂਤ ਲੈਣ ਜਾਂ ਰਿਹਾਂ ਸਾਂ। ਉਧਰੋਂ ਆਪਣੇਂ ਹਲਕੇ ਦੇ ਐਮਐਲਏਂ ਦੀ ਕਾਰ ਆਉਂਦੀ ਪਈਂ ਸੀ। ਮੈਂ ਕਾਂਰ ਤੋਂ ਤਾਂ ਇਵੇਂ ਕਿਵੇਂ ਕਰਕੇਂ ਬੰਚ ਗਿਆਂ ਪਰ ਇਨ੍ਹਾਂ ਪੁਲਸ ਵਾਲਿਆਂ ਨੇ ਆਂਹ ਵੇਂਖਿਆਂ ਨਾਂ ਤਾਂਅ ਮੈਨੂੰ ਉਥੇਂ ਈ ਕੁਟਣਾ ਸ਼ੁਰੂ ਕਰ ਦਿੰਤਾ। ਨਾਲੇ ਕਹੀਂ ਜਾਣ ਬਈ ਜੇ ਐਮਐਲਏਂ ਨੂੰ ਕੁੰਝ ਹੋਂ ਜਾਂਦਾ ਤਾਂ ਮੇਰੇਂ ਕਰਕੇਂ ਉਨ੍ਹਾਂ ਦੀਆਂ ਫੀਤੀਆਂ ਲਹਿ ਜਾਣੀਆਂ ਸਨ। ਬਸ ਆਪਣੇਂ ਹਲਕੇ ਦੇ ਐਮਐਲਏਂ ਨੂੰ ਵੋਟਾਂ ਪਾਉਣ ਦੀਆਂ ਫੀਤੀਆਂ ਲੁਆਂਕੇਂ ਆਂ ਰਿਹਾਂ ਵਾਂ।” ਨਿਹਾਲੇ ਨੇ ਆਪਣੇ ਸੱਟਾਂ ਲੱਗਣ ਦੀ ਸੰਖਿਪਤ ਕਹਾਣੀ ਸਾਰਿਆਂ ਸਾਹਮਣੇ ਰੱਖੀ।
“ਬਈ! ਇਹ ਗੱਲ ਤਾਂ ਠੀਕ ਨਹੀਂ। ਜੇ ਪੁਲਸੀਆਂ ਨੂੰ ਬਹੁਤਾ ਈ ਆਪਣੀਆਂ ਫੀਤੀਆਂ ਲੱਥਣ ਦਾ ਡਰ ਸੀ ਤਾਂ ਫਿਰ ਪਹਿਲਾਂ ਹੀ ਸੜਕ ‘ਤੇ ਤੁਰਨ ਵਾਲਿਆਂ ਨੂੰ ਰੋਕ ਸਕਦੇ ਸਨ।” ਮਾਸਟਰ ਧਰਮ ਸਿੰਘ ਨੇ ਕਿਹਾ।
“ਓਏ ਮਾਸਟਰਾ! ਤੂੰ ਨ੍ਹੀਂ ਸਮਝਦਾ ਇਹ ਸਾਰੇ ਕੜੇ ਕਨੂੰਨ ਸਾਡੇ ਗਰੀਬਾਂ ਵਾਸਤੇ ਈ ਬਣੇ ਨੇ। ਇਕ ਗਰੀਬ ਜੇ ਜੇਲ੍ਹ ਵਿਚ ਹੋਵੇ ਤਾਂ ਸਾਰਾ ਸਾਰਾ ਦਿਨ ਮੁਲਾਕਾਤ ਲਈ ਤਰਲੇ ਕੱਢਦਿਆਂ ਨਿਕਲ ਜਾਂਦਾ ਹੈ ਤੇ ਮੁਲਾਕਾਤ ਫਿਰ ਵੀ ਨਹੀਂ ਹੁੰਦੀ। ਬਾਕੀ ਰਹੇ ਇਹ ਐਮਐਲਏ, ਵਜ਼ੀਰ ਤੇ ਮੰਤਰੀ ਛੰਤਰੀ ਇਨ੍ਹਾਂ ਨੂੰ ਜੇਲ੍ਹਾਂ ਵਿਚ ਵੀ ਹੋਟਲਾਂ ਵਾਂਗ ਵਧੀਆ ਸਹੂਲਤਾਂ ਮਿਲਦੀਆਂ ਨੇ ਤੇ ਇਨ੍ਹਾਂ ਦੇ ਮੁਲਾਕਾਤੀਆਂ ਲਈ ਕੋਈ ਬੜੀ ਬੰਦਸ਼ ਵੀ ਨਹੀਂ ਹੁੰਦੀ।” ਸ਼ੀਤੇ ਨੇ ਆਪਣਾ ਗੁੱਸਾ ਪੁਲਸ ਵਾਲਿਆਂ ‘ਤੇ ਕੱਢਦਿਆਂ ਕਿਹਾ।
“ਹਾਂ ਬਈ ਸ਼ੀਤਿਆ! ਗੱਲ ਤਾਂ ਤੇਰੀ ਠੀਕ ਆ ਆਮ ਆਦਮੀ ਨੂੰ ਸੁੱਕੀਆਂ ਰੋਟੀਆਂ ਤੇ ਡਾਂਗਾਂ ਖਾਣ ਨੂੰ ਮਿਲਦੀਆਂ ਨੇ। ਭਾਵੇਂ ਉਹਦਾ ਕੋਈ ਕਸੂਰ ਹੋਵੇ ਭਾਵੇਂ ਨਾ। ਪਹਿਲੀ ਗੱਲ ਤਾਂ ਕਦੀ ਕੋਈ ਲੀਡਰ ਕਨੂੰਨ ਦੇ ਹੱਥੇ ਚੜ੍ਹਦਾ ਨਹੀਂ, ਜੇਕਰ ਚੜ੍ਹ ਜਾਵੇ ਤਾਂ ਇਨ੍ਹਾਂ ਦੇ ਪਿੱਛੇ ਇਹ ਪੁਲਸੀਏ ਜੀ ਹਜ਼ੂਰੀ ਕਰਦੇ ਫਿਰਦੇ ਨੇ।” ਕਮਾਲਪੁਰੀਏ ਗੱਪੀ ਨੇ ਵੀ ਆਪਣਾ ਹਿੱਸਾ ਵੰਡਾਉਂਦਿਆਂ ਕਿਹਾ।
“ਹੁਣ ਦੂਰ ਕੀ ਜਾਣੈਂ। ਕਿਸੇ ਆਮ ਆਦਮੀ ਨੇ ਭਾਵੇਂ ਕੋਈ ਕਸੂਰ ਨਾ ਵੀ ਕੀਤਾ ਹੋਵੇ। ਪੁਲਿਸ ਵਾਲੇ ਪਹਿਲਾਂ ਡਾਂਗਾਂ ਨਾਲ ਉਹਦੀਆਂ ਮੌਰਾਂ ਸੇਕ ਦਿੰਦੇ ਨੇ ਤੇ ਫਿਰ ਕਸੂਰ ਪੁੱਛਦੇ ਨੇ। ਆਹ ਹੁਣ ਬੀਬੀ ਜਗੀਰ ਕੌਰ ਵਰਗੀ ਲੀਡਰ ਜੇਲ੍ਹ ਵਿਚ ਗਈ ਹੋਈ ਆ। ਨਾ ਤਾਂ ਉਹਨੂੰ ਮਿਲਣ ਦਾ ਕੋਈ ਸਮਾਂ ਬੱਝਿਆ ਹੈ ਅਤੇ ਨਾ ਹੀ ਖਾਣ ਪੀਣ ਦਾ। ਮੁਲਾਕਾਤੀਏ ਚਮਚਾਗਿਰੀ ਕਰਨ ਲਈ ਭਰ ਭਰ ਟੋਕਰੀਆਂ ਖਾਣ ਪੀਣ ਦਾ ਸਮਾਨ ਲਈ ਜਾ ਰਹੇ ਨੇ। ਕਹਿੰਦੇ ਨੇ ਰਹਿਣ ਵਾਸਤੇ ਵੀ ਉਹਨੂੰ ਸਾਰੀਆਂ ਸਹੂਲਤਾਂ ਮਿਲੀਆਂ ਹੋਈਆਂ ਨੇ। ਟੀਵੀ, ਮੋਬਾਈਲ ਫੋਨ ਗਲ ਕੀ ਹਰ ਤਰ੍ਹਾਂ ਦੀ ਸਹੂਲਤ ਮਿਲੀ ਹੋਈ ਹੈ। ਜਦੋਂ ‘ਖ਼ਬਾਰਾਂ ਵਾਲਿਆਂ ਨੇ ਟੀਵੀ ਬਾਰੇ ਰੌਲਾ ਪਾਇਆ ਤਾਂ ਪੁਲਿਸ ਵਾਲਿਆਂ ਨੇ ਕਹਿ ਦਿੱਤਾ ਕਿ ਉਨ੍ਹਾਂ ਨੂੰ ਪਤਾ ਈ ਨਹੀਂ ਆ।” ਸ਼ੀਤੇ ਨੇ ਕਿਹਾ।
“ਹਾਂ ਬਈ ਇਹ ਤਾਂ ਮੈਂ ਵੀ ਅਖ਼ਬਾਰ ‘ਚ ਪੜ੍ਹਿਆ ਸੀ ਕਿ ਬੀਬੀ ਦੇ ਵੇਖਣ ਲਈ ਟੀਵੀ ਜੇਲ੍ਹ ਵਿਚ ਗਿਆ ਹੈ।” ਤਾਏ ਨੇ ਸ਼ੀਤੇ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ।
“ਹੁਣ ਤੂੰ ਈਂ ਦੱਸ ਤਾਇਆ! ਉਹ ਟੀਵੀ ਸੀ ਕਿ ਕੋਈ ਛੋਟੀ ਜਿਹੀ ਸੂਈ ਸੀ ਜਿਹੜਾ ਕੋਈ ਖੀਸੇ ‘ਚ ਲੁਕਾ ਕੇ ਲੈ ਗਿਆ?” ਦੀਪੇ ਨੇ ਤਾਏ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ।
“ਨਾਲੇ ਤਾਇਆ! ਇਕ ਗੱਲ ਸਮਝ ਨਹੀਂ ਆਈ। ਜੇਕਰ ਕੋਈ ਆਮ ਆਦਮੀ ਬਿਨਾਂ ਕਸੂਰ ਦੇ ਵੀ ਜੇਲ੍ਹ ਚਲਿਆ ਜਾਵੇ ਤਾਂ ਇਹ ਪੁਲਸੀਏ ਉਹਦਾ ਸੁਆਗਤ ਡਾਂਗਾਂ ਨਾਲ ਕਰਦੇ ਨੇ। ਜੇਕਰ ਕੋਈ ਬੀਬੀ ਜਗੀਰ ਕੌਰ ਵਰਗਾ ਮੰਤਰੀ ਕਤਲ ਕਰਕੇ ਵੀ ਜੇਲ੍ਹ ਜਾਵੇ ਤਾਂ ਉਹਦੀਆਂ ਪੂਰੀਆਂ ਖਾਤਰਦਾਰੀਆਂ ਹੁੰਦੀਆਂ ਨੇ।” ਕਮਾਲਪੁਰੀਏ ਨੇ ਗਲ ਨੂੰ ਅੱਗੇ ਤੋਰਦਿਆਂ ਕਿਹਾ।
“ ਹਾਂ ਤਾਂ ਤੇਰੀ ਠੀਕ ਆ ਕਮਾਲਪੁਰੀਆ, ਪਿਛਲੇ ਦਿਨੀਂ ਯੂਪੀ ਵਿਚ ਨਵੀਂ ਬਣੀ ਸਰਕਾਰ ਵਿਚ ਇਕ ਮੰਤਰੀ ਨੂੰ ਜੇਲ੍ਹ ਮੰਤਰੀ ਦੀ ਸਹੁੰ ਚੁਕਾਈ ਗਈ। ਜਿਹਦੇ ਉਤੇ ਦਸ-ਗਿਆਰਾਂ ਅਪਰਾਧਕ ਕੇਸ ਚਲ ਰਹੇ ਨੇ। ਉਨ੍ਹਾਂ ਨੇ ਤਾਂ ਬਿੱਲੀ ਨੂੰ ਹੀ ਦੁੱਧ ਦੀ ਰਾਖੀ ਬਿਠਾ ਦਿੱਤਾ ਹੈ।” ਮਾਸਟਰ ਧਰਮ ਸਿੰਘ ਨੇ ਕਮਾਲਪੁਰੀਏ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ।
“ਪਰ ਮਾਸਟਰਾ! ਅਸਲੀ ਗੱਲ ਤਾਂ ਇਹ ਆ ਕਿ ਇਹ ਪੁਲਸੀਏ ਆਮ ਆਦਮੀ ਨੂੰ ਬਿਨਾਂ ਮਤਲਬ ਐਵੇਂ ਕੁਟਾਪਾ ਕਿਉਂ ਚਾੜ੍ਹਦੇ ਨੇ ਤੇ ਇਨ੍ਹਾਂ ਲੀਡਰਾਂ ਦੇ ਕਸੂਰਵਾਰ ਹੁੰਦਿਆਂ ਵੀ ਇਨ੍ਹਾਂ ਦੀ ਸੇਵਾ ਕਿਉਂ ਕਰਦੇ ਫਿਰਦੇ ਨੇ? ਮੇ ਕਹਿਣ ਦਾ ਮਤਲਬ ਤਾਂ ਇਹ ਆ ਕਿ ਕੀ ਅਸੀਂ ਇਨਸਾਨ ਨਹੀਂ ਹਾਂ?” ਸ਼ੀਤੇ ਨੇ ਮਾਸਟਰ ਦੀ ਗੱਲ ਟੋਕਦਿਆਂ ਕਿਹਾ।
ਸ਼ੀਤੇ ਦੀ ਇਹ ਗੱਲ ਸੁਣਨ ਤੋਂ ਬਾਅਦ ਸਾਰੇ ਹੀ ਲੀਡਰਾਂ ਅਤੇ ਪੁਲਿਸ ਵਾਲਿਆਂ ਨੂੰ ਲਾਹਨਤਾਂ ਪਾਉਣ ਲੱਗ ਪਏ।
ਸ਼ੀਤੇ ਨੇ ਤਾਏ ਵੱਲ ਇਸ਼ਾਰਾ ਕਰਦਿਆਂ ਕਿਹਾ, “ਤਾਇਆ ਲਿਆ ਕੁਝ ਪੈਸੇ ਕੱਢ ਅੱਜ ਵਿਚਾਰੇ ਅਮਲੀ ਦੇ ਜ਼ਖ਼ਮਾਂ ‘ਤੇ ਟਕੋਰਾਂ ਕਰਨ ਲਈ ਗਰਮਾ ਗਰਮ ਚਾਹ ਦੇ ਨਾਲ ਪਕੌੜੇ ਲਿਆਵਾਂ।”
ਤਾਏ ਨੇ ਜੇਬ ਵਿਚ ਹੱਥ ਪਾਕੇ ਸ਼ੀਤੇ ਨੂੰ ਪੈਸੇ ਫੜਾਏ ਅਤੇ ਸ਼ੀਤਾ ਪੈਸੇ ਫੜਕੇ ਪਕੌੜੇ ਲੈਣ ਹੱਟੀ ਨੂੰ ਤੁਰ ਪਿਆ।