ਨਵੀਂ ਦਿੱਲੀ :- ਸ. ਹਰਭਜਨ ਸਿੰਘ ਸੇਠੀ, ਪ੍ਰੈਸ ਸਕਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਦਿਨੀਂ ਗੁਰਦੁਆਰਾ ਬਾਲਾ ਸਾਹਿਬ ਵਿੱਖੇ ਵਾਪਰੀ ਘਟਨਾ ਦੇ ਮੁੱਦੇ ਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇੱਕ ਗੁੱਟ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ ਵਿਰੁਧ ਸ਼ਿਕਾਇਤ ਲੈ, ਅਕਾਲ ਤਖ਼ਤ ਤੇ ਜਾਣ ਦੀਆਂ ਖਬਰਾਂ ਪੁਰ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ (ਸ. ਸੇਠੀ) ਨੂੰ ਵਿਸ਼ਵਾਸ ਹੈ ਕਿ ਅਕਾਲ ਤਖ਼ਤ ਪੁਰ ਸੱਚ ਦਾ ਹੀ ਨਿਤਾਰਾ ਹੀ ਹੋਵੇਗਾ।
ਸ. ਸੇਠੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਆਪਣੇ ਪਾਸ ਆ ਰਹੇ ਬਾਦਲਕਿਆਂ ਪਾਸੋਂ ਇਹ ਜ਼ਰੂਰ ਪੁਛਣ ਕਿ ਜਿਸ ਸਮੇਂ ਗੁਰਦੁਆਰਾ ਬਾਲਾ ਸਾਹਿਬ ਵਿੱਖੇ ਮੱਥਾ ਟੇਕ, ਬਾਹਰ ਨਿਕਲੇ ਸ. ਹਰਵਿੰਦਰ ਸਿੰਘ ਸਰਨਾ ਪੁਰ ਉਨ੍ਹਾਂ (ਬਾਦਲਕਿਆਂ) ਨੇ ਗੁੰਡੇ ਲੈ ਕੇ ਜਾਨ-ਲੇਵਾ ਹਮਲਾ ਕੀਤਾ ਤਾਂ ਉਸ ਸਮੇਂ ਸ. ਸਰਨਾ ਨਾਲ ਕਿਤਨੇ-ਕੁ ਬੰਦੇ ਸਨ, ਜੇ ਉਨ੍ਹਾਂ (ਸ. ਸਰਨਾ) ਨਾਲ ਕੁਝ ਬੰਦੇ ਹੁੰਦੇ ਤਾਂ ਕੀ ਉਹ ਉਨ੍ਹਾਂ ਪੁਰ ਹਮਲਾ ਕਰਨ ਦੀ ਜੁਰਅੱਤ ਕਰ ਸਕਦੇ ਸਨ? ਸ. ਸੇਠੀ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਉਸ ਸਮੇਂ ਸ. ਸਰਨਾ ਦੇ ਨਾਲ ਕੇਵਲ ਦੋ ਬੰਦੇ ਸਨ, ਜਿਨ੍ਹਾਂ ਪੁਰ ਵੀ ਬਾਦਲਕਿਆਂ ਨੇ ਹਮਲਾ ਕਰ ਮਾਰ-ਕੁੱਟ ਕਰਨ ਦੇ ਨਾਲ ਹੀ ਉਨ੍ਹਾਂ ਦੀਆਂ ਗੱਡੀਆਂ ਦੀ ਵੀ ਭੰਨ-ਤੋੜ ਕੀਤੀ।
ਸ. ਸੇਠੀ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਨੂੰ ਇਨ੍ਹਾਂ ਪਾਸੋਂ ਇਹ ਵੀ ਪੁਛਣਾ ਚਾਹੀਦਾ ਹੈ ਕਿ ਗੁਰਦੁਆਰਾ ਬਾਲਾ ਸਾਹਿਬ ਪੁਰ ਪੱਥਰ, ਸੋਡੇ, ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਮਾਰ ਗੁਰਦੁਆਰਾ ਸਾਹਿਬ ਦੀ ਪਵਿਤ੍ਰਤਾ ਭੰਗ ਕਰਨ ਵਾਲੇ ਕੌਣ ਸਨ?
ਸ. ਸੇਠੀ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਇਲਾਕੇ ਦੀਆਂ ਸੰਗਤਾਂ ਅਤੇ ਹੋਰ ਵਾਸੀ ਚਿਰਾਂ ਤੋਂ ਗੁਰਦੁਆਰਾ ਬਾਲਾ ਸਾਹਿਬ ਦੇ ਹਸਪਤਾਲ ਦੇ ਛੇਤੀ ਤੋਂ ਛੇਤੀ ਸ਼ੁਰੂ ਹੋਣ ਦੀ ਆਸ ਲਾਈ ਬੈਠੇ ਹਨ, ਤਾਂ ਜੋ ਇਸਦਾ ਉਹ ਲਾਭ ਉਠਾ ਸਕਣ। ਪ੍ਰੰਤੂ ਬਾਦਲਕੇ ਅਤੇ ਉਨ੍ਹਾਂ ਦੇ ਸਾਥੀ, ਸਿੱਖ-ਵਿਰੋਧੀ ਸ਼ਕਤੀਆਂ ਦੇ ਅੱਡੇ ਚੜ੍ਹ ਇਸ ਕੰਮ ਵਿੱਚ ਲਗਾਤਾਰ ਰੁਕਾਵਟਾਂ ਪਾਂਦੇ ਚਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਇਸ ਗਲ ਨੂੰ ਭਲੀ-ਭਾਂਤ ਸਮਝ ਚੁਕੀਆਂ ਹਨ ਕਿ ਬਾਦਲਕਿਆਂ ਦਾ ਇਕੋ-ਇੱਕ ਏਜੰਡਾ, ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਕੀਤੇ ਜਾ ਰਹੇ ਗੁਰਧਾਮਾਂ ਦੇ ਵਿਕਾਸ ਅਤੇ ਸੰਗਤਾਂ ਲਈ ਸਹੂਲਤਾਂ ਦੇ ਵਿਸਤਾਰ ਕਾਰਜਾਂ ਵਿੱਚ ਰੁਕਾਵਟਾਂ ਪੈਦਾ ਕਰ, ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਣਾ ਹੀ ਹੈ। ਸੰਗਤਾਂ ਵਲੋਂ ਠੁਕਰਾਏ ਅਤੇ ਅਦਾਲਤਾਂ ਵਲੋਂ ਨਕਾਰੇ ਜਾ ਚੁਕੇ ਬਾਦਲਕੇ ਹੁਣ ਆਪਣੇ ਝੂਠ ਅਤੇ ਫਰੇਬ ਅਧਾਰਤ ਗੁਨਾਹ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸਥਾਪਤ ਪਵਿਤ੍ਰ ਅਸਥਾਨ ਅਕਾਲ ਤਖ਼ਤ ਨੂੰ ਵੀ ਵਰਤਣ ਲਈ ਹੱਥ-ਪੈਰ ਮਾਰਨ ਤੇ ਤੁਲ ਬੈਠੇ ਹਨ।