ਆਕਲੈਂਡ,( ਪਰਮਜੀਤ ਸਿੰਘ ਬਾਗੜੀਆ)-ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਅਤੇ ਸੁਪਰੀਮ ਸਿੱਖ ਕੌਂਸਲ ਨਿਊਜ਼ੀਲੈਂਡ ਵਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸੁੰਦਰ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਇਹ ਨਗਰ ਕੀਰਤਨ ਆਕਲੈਂਡ ਦੇ ਸਭ ਤੋਂ ਪਹਿਲੇ ਗੁਰੁ ਘਰ ਗੁਰਦੁਆਰਾ ਸਾਹਿਬ ਉਟਾਹੂ ਤੋਂ ਚਲ ਕੇ ਪਿੰ੍ਰਸੈਸ ਸਟਰੀਟ, ਗ੍ਰੇਟ ਸਾਊਥ ਰੋਡ ਮੇਨ ਬਜਾਰ ਤੋਂ ਹੁੰਦਾ ਹੋਇਆ ਐਟਕਿੰਨਸਨ ਐਵੇਨਿਊ ਤੋਂ ਹੋ ਕੇ ਐਵੇਨਿਊ ਰੋਡ, ਅਲਬਰਟ ਸਟਰੀਟ ਥਾਣੀ ਵਾਪਸ ਉਟਾਹੂ ਗੁਰੁ ਘਰ ਪਰਤਿਆ। ਪੰਜ ਪਿਆਰਿਆਂ ਦੀ ਅਗਵਾਈ ਵਿਚ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਸਰਪ੍ਰਸਤੀ ਅਧੀਨ ਹਜਾਰਾਂ ਸੰਗਤਾਂ ਨੇ ਵਧ ਚੜ੍ਹ ਕੇ ਭਾਗ ਗਿਆ। ਪ੍ਰਬੰਧਕਾਂ ਹਰਦੀਪ ਸਿੰਘ ਬਿੱਲੂ ਪ੍ਰਧਾਨ, ਤਰਸੇਮ ਸਿੰਘ ਧੀਰੋਵਾਲ, ਰਣਬੀਰ ਸਿੰਘ ਲਾਲੀ ਸੈਕਟਰੀ, ਮਨਜਿੰਦਰ ਸਿੰਘ ਬਾਸੀ, ਸੰਤੋਖ ਸਿੰਘ ਬੋਦਲ, ਦਿਲਾਵਰ ਸਿੰਘ, ਵਰਿੰਦਰ ਸਿੰਘ ਜਿੰਦਰ, ਦਲਜੀਤ ਸਿੰਘ, ਰਜਿੰਦਰ ਸਿੰਘ ਜਿੰਦੀ, ਹਰਮੇਸ਼ ਸਿੰਘ , ਡਾ. ਇੰਦਰਪਾਲ ਸਿੰਘ, ਜਸਵਿੰਦਰ ਸਿੰਘ ਨਾਗਰਾ, ਬਲਵਿੰਦਰ ਸਿੰਘ ਲਾਣੇਦਾਰ, ਅਮਰ ਸਿੰਘ ਲਹੌਰੀਆਂ ਅਤੇ ਸਮੂਹ ਐਗਜੈਕਿਟਵ ਮੈਂਬਰਾਂ ਨੇ ਜਿੱਥੇ ਸੁਚੱਜੇ ਪ੍ਰਬੰਧ ਕੀਤੇ ਉਥੇ ਇਸ ਵਾਰ ਦਾ ਨਗਰ ਕੀਰਤਨ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਮਰਪਿਤ ਕੀਤਾ ਗਿਆ। ਹੋਰ ਸੇਵਾਦਾਰਾਂ ਨੇ ਵੀ ਵਧ ਚੜ੍ਹ ਕੇ ਭਾਗ ਲਿਆ।ਸਿੱਖ ਨੌਜਵਾਨਾਂ ਕੁਲਦੀਪ ਸਿੰਘ, ਬਲਤੇਜ ਸਿੰਘ, ਕੁਲਦੀਪ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਢਿੱਲੋਂ ਅਤੇ ਸਾਥੀਆਂ ਨੇ ਸਾਰੇ ਰਾਹ ਖਾਲਸਾਈ ਜੈਕਾਰੇ ਗੂੰਜਾਏ ਅਤੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਜਿਕਰ ਵੀ ਆਪਣੀਆਂ ਤਕਰੀਰਾਂ ਰਾਹੀਂ ਸੰਗਤਾਂ ਅੱਗੇ ਰੱਖਿਆ।
ਖਾਲਸਾਈ ਕਰਤੱਬ ਸਿੱਖ ਮਾਰਸ਼ ਆਰਟ ਗੱਤਕਾ ਪ੍ਰਦਰਸ਼ਨੀ ਦੇ ਨਾਲ ਨਾਲ ਸਿੱਖ ਸੰਗਤਾਂ ਨੇ ਸਾਰੇ ਰਾਹ ਗੁਰਬਾਣੀ ਦਾ ਜਾਪ ਕੀਤਾ। ਨਗਰ ਕੀਰਤਨ ਦੇ ਜਾਹੋ ਜਹਾਲ ਨੂੰ ਬਜ਼ਾਰ ਵਿਚ ਹੋਰਨਾ ਕੌਮਾਂ ਦੇ ਲੋਕਾਂ ਨੇ ਵੀ ਬੜੀ ਦਿਲਚਸਪੀ ਨਾਲ ਵੇਖਿਆ। ਪ੍ਰਬੰਧਕਾਂ ਵਲੋਂ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੰਦੇ ਪੈਂਫਲਿਟ ਵੀ ਵੰਡੇ ਗਏ। ਨਗਰ ਕੀਰਤਨ ਨੂੰ ਸਫਲਤਾ ਨਾਲ ਸਿਰੇ ਚਾੜ੍ਹਨ ਵਿਚ ਸਥਾਨਕ ਪ੍ਰਸ਼ਾਸਨ, ਟਰੈਫਿਕ ਮੈਨੇਜਮੈਂਟ ਅਤੇ ਸਥਾਨਕ ਪੁਲੀਸ ਦਾ ਬਹੁਤ ਸਹਿਯੋਗ ਰਿਹਾ। ਅੰਤ ਵਿਚ ਗੁਰੁ ਕਾ ਅਤੁੱਟ ਲੰਗਰ ਵੀ ਵਰਤਿਆ।