ਨਵੀਂ ਦਿੱਲੀ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਅਜਮੇਰ ਸ਼ਰੀਫ਼ ਵਿੱਚ ਜਿਆਰਤ ਲਈ ਇੱਕ ਦਿਨ ਦੇ ਭਾਰਤ ਦੌਰੇ ਦੌਰਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਗੱਲਬਾਤ ਸਮੇਂ ਅੱਤਵਾਦ ਅਤੇ ਹਾਫਿਜ ਸਈਅਦ ਦੇ ਮੁੱਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨਮੰਤਰੀ ਨਾਲ ਬੈਠਕ ਤੋਂ ਬਾਅਦ ਜਰਦਾਰੀ ਅਜਮੇਰ ਸ਼ਰੀਫ਼ ਗਏ ਅਤੇ ਉਥੇ ਉਨ੍ਹਾਂ ਨ ਦਰਗਾਹ ਦੇ ਵਿਕਾਸ ਲਈ ਇੱਕ ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ।
ਰਾਸ਼ਟਰਪਤੀ ਜਰਦਾਰੀ ਨੇ ਕਿਹਾ ਕਿ ਉਹ ਆਪਣੇ ਗਵਾਂਢੀ ਦੇਸ਼ ਭਾਰਤ ਨਾਲ ਬਹੁਤ ਚੰਗੇ ਸਬੰਧ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਪ੍ਰਧਾਨਮੰਤਰੀ ਨੂੰ ਪਾਕਿਸਤਾਨ ਆਉਣ ਦਾ ਨਿਓਤਾ ਵੀ ਦਿੱਤਾ, ਜਿਸ ਨੂੰ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਵੀਕਾਰ ਕਰ ਲਿਆ। ਦੋਵਾਂ ਨੇਤਾਵਾਂ ਨੇ ਅੱਧੇ ਘੰਟੇ ਦੇ ਕਰੀਬ ਗੱਲਬਾਤ ਕੀਤੀ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵੀ ਗੱਲਬਾਤ ਨੂੰ ਪਾਜਟਿਵ ਦੱਸਿਆ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੋਸਤੀ ਦਾ ਹੱਥ ਵਧਾਂਉਦੇ ਹੋਏ ਸਿਆਚਨ ਖੇਤਰ ਵਿੱਚ ਪਾਕਿਸਤਾਨੀ ਸੈਨਿਕਾਂ ਦੇ ਬਰਫ਼ ਦੇ ਤੋਦਿਆਂ ਹੇਠ ਦੱਬੇ ਜਾਣ ਦੀ ਘਟਨਾ ਤੇ ਹਰ ਸੰਭਵ ਮਦਦ ਮੁਹਈਆ ਕਰਵਾਉਣ ਦੀ ਪੇਸ਼ਕਸ਼ ਕੀਤੀ। ਰਾਸ਼ਟਰਪਤੀ ਜਰਦਾਰੀ ਨੇ ਭਾਰਤ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਜੇ ਲੋੜ ਮਹਿਸੂਸ ਹੋਈ ਤਾਂ ਉਹ ਮਦਦ ਲੈਣਗੇ।
ਪਾਕਿਸਤਾਨੀ ਰਾਸ਼ਟਰਪਤੀ ਜਰਦਾਰੀ ਦੇ ਸਨਮਾਨ ਵਿੱਚ ਪ੍ਰਧਾਨਮੰਤਰੀ ਨੇ ਸ਼ਾਨਦਾਰ ਲੰਚ ਦਿੱਤਾ। ਇਸ ਸਮੇਂ ਰੱਖਿਆ ਮੰਤਰੀ ਐਂਟਨੀ ਅਤੇ ਬੀਜੇਪੀ ਦੇ ਅਡਵਾਨੀ ਵੀ ਮੌਜੂਦ ਸਨ। ਰਾਹੁਲ ਗਾਂਧੀ ਅਤੇ ਬਿਲਾਵੱਲ ਭੁੱਟੋ ਦਰਮਿਆਨ ਵੀ ਲੰਚ ਸਮੇਂ ਮੁਲਾਕਾਤ ਹੋਈ। ਲੰਚ ਤੋਂ ਬਾਅਦ ਜਰਦਾਰੀ ਅਜਮੇਰ ਸ਼ਰੀਫ਼ ਲਈ ਰਵਾਨਾ ਹੋ ਗਏ। ਪਿੱਛਲੇ 7 ਸਾਲਾਂ ਵਿੱਚ ਪਾਕਿਸਤਾਨੀ ਰਾਸ਼ਟਰਪਤੀ ਦੀ ਇਹ ਪਹਿਲੀ ਯਾਤਰਾ ਹੈ।
ਅਜਮੇਰ ਸ਼ਰੀਫ਼ ਦੀ ਦਰਗਾਹ ਤੇ ਰਾਸ਼ਟਰਪਤੀ ਜਰਦਾਰੀ ਨੇ ਚਾਦਰ ਚੜ੍ਹਾਈ ਅਤੇ ਸੱਭ ਦੇ ਲਈ ਖੁਸ਼ੀਆਂ ਦੀ ਦੁਆ ਕੀਤੀ। ਜਰਦਾਰੀ ਨੇ ਦਰਗਾਹ ਤੇ ਇੱਕ ਮਿਲੀਅਨ ਡਾਲਰ ਦਾ ਚੜਾਵਾ ਚੜ੍ਹਾਇਆ। ਰਾਸ਼ਟਰਪਤੀ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।