ਅੰਮ੍ਰਿਤਸਰ :- ਅੱਜ ਮਿਤੀ 8 ਅਪ੍ਰੈਲ 2012 ਨੂੰ ਵੱਖ-ਵੱਖ ਪੰਥਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਜਰੂਰੀ ਇਕੱਤ੍ਰਤਾ ਪੰਥਕ ਤਾਲਮੇਲ ਕਮੇਟੀ ਦੇ ਸੱਦੇ ਉੱਪਰ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣ ਸਿੰਘ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਈ। ਇਸ ਇਕੱਤ੍ਰਤਾ ਵਿਚ ਕੌਮ ਨੂੰ ਦਰਪੇਸ਼ ਮੁੱਦਿਆਂ ਤੇ ਵਿਚਾਰ ਤੇ ਉਸ ਦੇ ਹੱਲ ਲਈ ਜਰੂਰੀ ਸੁਝਾਅ ਦਿੱਤੇ ਗਏ। ਸਭ ਤੋਂ ਪਹਿਲਾਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਪਿੰਸੀਪਲ ਸ: ਬਲਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧ ਅੰਦਰ ਆਏ ਨਿਘਾਰ ਅਤੇ ਉਸ ਦੇ ਸੁਧਾਰ ਲਈ ਵਿਚਾਰ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਗੁਰੂ ਦੀ ਗੋਲਕ ਦੀ ਠੀਕ ਵਰਤੋਂ ਤਾਂ ਹੀ ਹੋ ਸਕਦੀ ਹੈ ਜੇ ਹਰ ਸਿੱਖ ਪ੍ਰੀਵਾਰ ਆਪਣੇ ਘਰ ਵਿਚ ਗੋਲਕ ਰੱਖ ਕੇ ਦਸਵੰਧ ਦੀ ਬਣਦੀ ਮਾਇਆ ਉਸ ਵਿਚ ਪਾਏ ਅਤੇ ਪੰਥਕ ਲੋੜਾਂ ਮੁਤਾਬਿਕ ਉਸ ਦੀ ਵਰਤੋਂ ਕੀਤੀ ਜਾਵੇ।
ਸ੍ਰ. ਗੁਰਪ੍ਰੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਖੁਦਮੁਖਤਿਆਰੀ ਤੇ ਅਜਾਦ ਸੋਚ ਲਈ ਆਪਣੇ ਸੁਝਾਅ ਆਏ ਹੋਏ ਸੱਜਣਾਂ ਅੱਗੇ ਰੱਖੇ। ਉਨ੍ਹਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਰੀ ਕੌਮ ਦੀ ਅਗਵਾਈ ਕਰਦਾ ਹੈ , ਇਸ ਲਈ ਕੌਮੀ ਸੋਚ ਮੁਤਾਬਿਕ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਫੈਸਲੇ ਲੈਣੇ ਚਾਹੀਧੇ ਹਨ। ਕਿਸੇ ਰਾਜਸੀ ਦਬਾਅ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਖੁਦ-ਮੁਖਤਿਆਰ ਹਸਤੀ ਵਜੋਂ ਉਭਰਨਾ ਚਾਹੀਦਾ ਹੈ। ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਨੇ ਮੌਜੂਦਾ ਹਾਲਾਤਾਂ ਦਾ ਕਾਰਨ ਗੁਰਬਾਣੀ ਤੋਂ ਦੂਰੀ ਦੱਸਦਿਆਂ ਕਿਹਾ ਕਿ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਏ ਗੁਰਮਤਿ ਗਾਡੀ ਰਾਹ ਤੇ ਚਲਾਉਣ ਲਈ ‘ਘਰ ਘਰ ਅੰਦਰ ਧਰਮਸਾਲ’ ਦੇ ਅਨੁਸਾਰ ਗੁਰਬਾਣੀ ਪ੍ਰਚਾਰ ਕੇਂਦਰ ਬਨਾਉਣੇ ਚਾਹੀਦੇ ਹਨ।ਸਿੱਖ ਰਹਿਤ ਮਰਯਾਦਾ ਦੀ ਲੋੜ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਭਾਈ ਹਰਜਿੰਦਰ ਸਿੰਘ ਸਭਰਾਂ, ਪ੍ਰੋ: ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਦੱਸਿਆ ਕਿ ਸਿੱਖ ਰਹਿਤ ਮਰਯਾਦਾ ਸਿੱਖ ਕੌਮ ਦਾ ਵਿਧਾਨ ਹੈ। ਵਿਧਾਨ ਮੁਤਾਬਿਕ ਕੌਮ ਨੂੰ ਚਲਾਉਣ ਦੀ ਅੱਜ ਅਤਿਅੰਤ ਲੋੜ ਹੈ। ਸਿੱਖ ਫੁਲਵਾੜੀ ਦੇ ਸੰਪਾਦਕ ਸ: ਹਰਜੀਤ ਸਿੰਘ ਨੇ ਸਿੱਖ ਨੌਜੁਆਨ ਨੂੰ ਮੁੱਖ ਧੁਰੇ ਨਾਲ ਜੋੜਨ ਲਈ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਕਿਸੇ ਵੀ ਕੌਮ ਦਾ ਭਵਿੱਖ ਨੌਜੁਆਨ ਹੁੰਦੇ ਹਨ। ਨੌਜੁਆਨਾਂ ਨੂੰ ਕੇਂਦਰ ਨਾਲ ਜੁੜਨ ਲਈ ਪ੍ਰੇਮ ਅਤੇ ਗਿਆਨ ਦਾ ਹਥਿਆਰ ਹੀ ਕੰਮ ਆ ਸਕਦਾ ਹੈ।
ਸਾਰੇ ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਪ੍ਰੋਕਤ ਸਾਰੇ ਸੁਝਾਵਾਂ ਨੂੰ ਅਮਲ ਵਿਚ ਲਿਆਉਣ ਲਈ ਸਾਰੀਆਂ ਜਥੇਬੰਦੀਆਂ ਨੂੰ, ਜੋ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਨੂੰ ਸਮਰਪਤ ਹਨ, ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਪੰਥਕ ਤਾਲਮੇਲ ਕਮੇਟੀ ਕੋਈ ਵੱਖਰੀ ਜਥੇਬੰਦੀ ਨਹੀਂ, ਸਗੋਂ ਜਥੇਬੰਦੀਆਂ ਦੀ ਜਥੇਬੰਦੀ ਹੀ ਹੈ, ਜੋ ਕਿ ਸਾਰੀਆਂ ਜਥੇਬੰਦੀਆਂ ਵਲੋਂ ਕੀਤੇ ਕੰਮਾਂ ਦੇ ਨਾਲ ਕੇਂਦਰੀ ਜਥੇਬੰਦੀ ਦੇ ਤੌਰ ’ਤੇ ਕੰਮ ਕਰ ਰਹੀ ਹੈ। ਸਟੇਜ ਦੀ ਸਮੁੱਚੀ ਸੇਵਾ ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਸ: ਜਸਵਿੰਦਰ ਸਿੰਘ ਐਡਵੋਕੇਟ ਨੇ ਬਾਖੂਬੀ ਨਿਬਾਹੀ ਅਤੇ ਸਮੇਂ ਸਮੇਂ ’ਤੇ ਆਪਣੇ ਕੀਮਤੀ ਸੁਝਾਅ ਵੀ ਰੱਖੇ ਅਤੇ ਦੱਸਿਆ ਕਿ ਕਿਵੇਂ ਮਾਤਾ ਪਿਤਾ, ਸਕੂਲਾਂ, ਕਾਲਜਾਂ, ਗੁਰਦੁਆਰਿਆਂ ਆਦਿ ਨੂੰ ਆਪਣੇ-ਆਪਣੇ ਪੱਧਰ ’ਤੇ ਬੱਚਿਆਂ ਨੂੰ ਆਪਣੀਆਂ ਕੌਮ ਪ੍ਰਤੀ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ।
ਗਿ. ਸੰਤੋਖ ਸਿੰਘ ਆਸਟ੍ਰੇਲੀਆ ਵਲੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਭ ਲਈ ਪੰਥਕ ਮੁੱਖ ਧਾਰਾ ਨੂੰ ਅਪਨਾਉਣਾ ਜਰੂਰੀ ਹੈ ਅਤੇ ਇਕਜੁਟ ਹੋ ਕੇ ਪੰਥਕ ਵਿਚਾਰਾਂ ਦੀ ਸਾਂਝ ਪਾਉਣੀ ਸਮੇਂ ਦੀ ਮੰਗ ਹੈ। ਇਸ ਮੌਕੇ ਪਿੰਡਾਂ, ਕਸਬਿਆਂ, ਦੇਸਾਂ-ਵਿਦੇਸ਼ਾਂ ਵਿਚਲੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਲਗਵਾਉਂਦੇ ਹੋਏ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਵਿਚ ਮੁੱਖ ਰੂਪ ਵਿਚ ਪ੍ਰੋ: ਜੋਗਿੰਦਰ ਸਿੰਘ ਅਜ਼ਾਦ, ਅੰਮ੍ਰਿਤਪਾਲ ਸਿੰਘ ਯੂ.ਐਸ.ਏ, ਸ੍ਰ. ਗੁਰਚਰਨ ਸਿੰਘ, ਪ੍ਰਿੰ: ਰਜਿੰਦਰ ਕੌਰ ਢੀਂਡਸਾ ਆਦਿ ਵੱਖ-ਵੱਖ ਵਿਦਵਾਨਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਉਪਰੰਤ ਗਿ: ਕੇਵਲ ਸਿੰਘ ਜੀ ਵਲੋਂ ਪੰਥ ਦੀ ਵਿਚਾਰਧਾਰਾ ਨੂੰ ਸਮਝਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਦੀ ਪਾਲਣਾ ਨੂੰ ਜਰੂਰੀ ਬਨਾਉਣ ਦੇ ਨਾਲ-ਨਾਲ ਪੰਥਕ ਏਕਤਾ ਦੀ ਬਹਾਲੀ ਲਈ ਪੰਥਕ ਤਾਲਮੇਲ ਕਮੇਟੀ ਵਲੋਂ ਮਤਾ ਵੀ ਪਾਸ ਕੀਤਾ ਗਿਆ। ਉਪਰੰਤ ਸ੍ਰੀ ਅਨੰਦ ਸਾਹਿਬ ਦੇ ਪਾਠ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਂਵਾਕ ਰਾਹੀਂ ਸਮਾਗਮ ਦੀ ਸਮਾਪਤੀ ਕੀਤੀ ਗਈ।