ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਨੂੰ ਅਮਰੀਕੀ ਮੰਤਰੀ ਨਾਲ ਬੈਠਕ ਦੌਰਾਨ ਰਾਸ਼ਟਰਪਤੀ ਜਰਦਾਰੀ ਦੀ ਗੱਲ ਨੂੰ ਕਟਣਾ ਮਹਿੰਗਾ ਪੈ ਸਕਦਾ ਹੈ। ਰਾਜਨੀਤਕ ਹਲਕਿਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਉਸ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਪ੍ਰਧਾਨਮੰਤਰੀ ਗਿਲਾਨੀ ਦੁਆਰਾ ਬੈਠਕ ਤੋਂ ਚਾਰ ਦਿਨ ਬਾਅਦ ਕੀਤੀ ਗਈ ਟਿਪਣੀ ਤੋਂ ਕਿਆਸ ਲਗਾਏ ਜਾ ਰਹੇ ਹਨ। ਪ੍ਰਧਾਨਮੰਤਰੀ ਨੇ ਵਿਦੇਸ਼ ਮੰਤਰਾਲੇ ਨੂੰ ਇਹ ਕਿਹਾ ਕਿ ਜਲਦੀ ਹੀ ਨਵੀਂ ਟੀਮ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਭਾਰਤ ਨਾਲ ਗੱਲਬਾਤ ਕਰੇਗੀ। ਗਿਲਾਨੀ ਅਤੇ ਕੁਝ ਹੋਰ ਮੁੱਖ ਨੇਤਾਵਾਂ ਅਨੁਸਾਰ ਜਲਦੀ ਹੀ ਮੰਤਰੀਮੰਡਲ ਵਿੱਚ ਫੇਰਬਦਲ ਦੀ ਸੰਭਾਵਨਾ ਹੈ।
ਅਮਰੀਕਾ ਦੇ ਉਪ ਸਹਾਇਕ ਵਿਦੇਸ਼ ਮੰਤਰੀ ਥਾਮਸ ਨਾਲ ਚਾਰ ਅਪਰੈਲ ਨੂੰ ਇੱਕ ਬੈਠਕ ਦੌਰਾਨ ਸਰਵਜਨਿਕ ਤੌਰ ਤੇ ਹਿਨਾ ਨੇ ਰਾਸ਼ਟਰਪਤੀ ਦੀ ਟਿਪਣੀ ਦੇ ਵਿਰੋਧ ਵਿੱਚ ਬਿਆਨ ਦਿੱਤਾ ਸੀ। ਥਾਮਸ ਨੇ ਮਈ ਵਿੱਚ ਅਫ਼ਗਾਨਿਸਤਾਨ ਦੇ ਮੁੱਦੇ ਤੇ ਸਿ਼ਕਾਗੋ ਵਿੱਚ ਹੋਣ ਵਾਲੀ ਬੈਠਕ ਵਿੱਚ ਪਾਕਿਸਤਾਨ ਦੇ ਸ਼ਾਮਿਲ ਹੋਣ ਦਾ ਮੁੱਦਾ ਉਠਾਇਆ ਸੀ। ਰਾਸ਼ਟਰਪਤੀ ਜਰਦਾਰੀ ਨੇ ਕਿਹਾ ਸੀ ਕਿ ਜੇ ਅਮਰੀਕਾ ਸਾਨੂੰ ਇਸ ਸਬੰਧੀ ਸੱਦਾ ਦੇਵੇਗਾ ਤਾਂ ਸਾਡੀ ਸਰਕਾਰ ਇਸ ਤੇ ਸੋਚ-ਵਿਚਾਰ ਕਰੇਗੀ। ਵਿਦੇਸ਼ ਮੰਤਰੀ ਹਿਨਾ ਰਬਾਨੀ ਨੇ ਰਾਸ਼ਟਰਪਤੀ ਜਰਦਾਰੀ ਦੀ ਗੱਲ ਨੂੰ ਕਟਦੇ ਹੋਏ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਅਤੇ ਅਮਰੀਕਾ ਦੇ ਸਬੰਧਾਂ ਬਾਰੇ ਸੰਸਦ ਆਪਣੀ ਸਮੀਖਿਆ ਪੂਰੀ ਨਹੀਂ ਕਰ ਲੈਂਦਾ ਤਦ ਤੱਕ ਇਸ ਮਾਮਲੇ ਤੇ ਕੋਈ ਚਰਚਾ ਨਹੀਂ ਕੀਤੀ ਜਾ ਸਕਦੀ। ਅਮਰੀਕੀ ਪ੍ਰਤੀਨਿਧੀ ਮੰਡਲ ਰਾਸ਼ਟਰਪਤੀ ਜਰਦਾਰੀ ਦੀ ਮੌਜੂਦਗੀ ਵਿੱਚ ਰਬਾਨੀ ਦੇ ਇਸ ਅੜੀਅਲ ਰਵਈਏ ਨੂੰ ਵੇਖ ਕੇ ਹੈਰਾਨ ਰਹਿ ਗਿਆ ਸੀ। ਇਸੇ ਨਰਾਜਗੀ ਦੇ ਚੱਲਦੇ ਜਰਦਾਰੀ ਅਜਮੇਰ ਯਾਤਰਾ ਦੌਰਾਨ ਖਾਰ ਨੂੰ ਆਪਣੇ ਨਾਲ ਨਹੀਂ ਲੈ ਕੇ ਆਏ।