ਫਤਹਿਗੜ੍ਹ ਸਾਹਿਬ – “ਹਿੰਦ ਦੇ ਵਜ਼ੀਰ-ਏ-ਆਜ਼ਮ ਡਾ. ਮਨਮੋਹਣ ਸਿੰਘ ਵੱਲੋ ਪਾਕਿਸਤਾਨ ਦੇ ਸਦਰ ਸ੍ਰੀ ਆਸਿਫ ਅਲੀ ਜਰਦਾਰੀ ਨੂੰ ਦੁਪਹਿਰ ਦੇ ਦਿੱਤੇ ਖਾਣੇ ਸਮੇ ਵਿਰੋਧੀ ਪਾਰਟੀ ਦੀ ਮੁੱਖੀ ਬੀਬੀ ਸੁਸਮਾ ਸਿਵਰਾਜ ਨੂੰ ਬੁਲਾਉਣਾ ਤਾ ਪਰੋਟੋਕੋਲ ਦੇ ਕਾਇਦੇ ਕਾਨੂੰਨ ਵਿਚ ਆਉਦਾ ਹੈ । ਪਰ ਜਿਸ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਵਾਇਆ ਹੋਵੇ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫੌਜ਼ੀ ਹਮਲਾ ਕਰਾਉਣ ਲਈ ਮਰਹੂਮ ਇੰਦਰਾਂ ਗਾਂਧੀ ਨੂੰ ਉਕਸਾਉਣ ਦਾ ਭਾਗੀ ਹੋਵੇ, ਅਤੇ ਜੋ ਇਹ ਕਹਿੰਦਾ ਹੋਵੇ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ, ਫਿਰ ਗੁਜਰਾਤ ਵਿਚ ਸ੍ਰੀ ਮੋਦੀ ਰਾਹੀ ਮੁਸਲਿਮ ਕੌਮ ਦਾ ਕਤਲੇਆਮ ਕਰਾਉਣ ਲਈ ਮੋਹਰੀ ਹੋਵੇ, ਚਿੱਠੀ ਸਿੰਘਪੁਰਾ (ਕਸ਼ਮੀਰ) ਵਿਚ ਜਿਸ ਨੇ ਹਿੰਦ ਫੌਜ ਤੋ 40 ਸਿੱਖਾਂ ਦਾ ਕਤਲੇਆਮ ਕਰਵਾਕੇ ਮੁਸਲਿਮ ਕੌਮ ਦੇ ਸਿਰ ਦੋਸ਼ ਮੜਨ ਦਾ ਸਾਜ਼ਿਸ਼ਕਾਰੀ ਹੋਵੇ ਅਤੇ ਜਿਸ ਨੇ ਆਪਣੇ ਵੱਲੋ ਲਿਖੀ ਕਿਤਾਬ “ਮੇਰਾ ਦੇਸ਼ ਮੇਰੀ ਜੀਵਨੀ” ਵਿਚ ਪ੍ਰਵਾਣ ਕੀਤਾ ਹੋਵੇ ਕਿ ਬਲਿਊ ਸਟਾਰ ਅਸੀ ਕਰਵਾਇਆ ਹੈ ਅਤੇ ਜੋ ਹਿੰਦੂ ਦਹਿਸ਼ਤਗਰਦਾ ਸਾਧਵੀ ਪਰਿਗਿਆ ਠਾਕੁਰ ਸਿੰਘ, ਕਰਨਲ ਪ੍ਰੋਹਿਤ, ਸੁਆਮੀ ਅਸੀਮਾ ਨੰਦ, ਆਦਿ ਦੀ ਸਰਪਰਸਤੀ ਕਰ ਰਿਹਾ ਹੋਵੇ ਅਤੇ ਜਿਸ ਨੇ ਮੁਲਕ ਵਿਚ ਰਹਿਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਬਹੁਗਿਣਤੀ ਵਿਚ ਨਫ਼ਰਤ ਪੈਦਾ ਕਰਕੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਦਾ ਆ ਰਿਹਾ ਹੋਵੇ । ਉਸ ਨੂੰ ਅਜਿਹੀ ਮਹੱਤਵਪੂਰਨ ਦੋ ਮੁਲਕਾਂ ਦੇ ਸਰਬਰਾਹਾ ਦੇ ਖਾਣੇ ਦੇ ਸਮੇ ਦਾਵਤ ਦੇਣ ਦੀ ਗੱਲ ਅਤਿ ਮੰਦਭਾਗੀ ਅਤੇ ਦੁੱਖਦਾਇਕ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਘੱਟ ਗਿਣਤੀ ਕੌਮਾਂ ਦੇ ਦੋਸੀ ਕਾਤਿਲ ਸ੍ਰੀ ਅਡਵਾਨੀ ਨੂੰ ਡਾ. ਮਨਮੋਹਣ ਸਿੰਘ ਵੱਲੋ ਖਾਣੇ ਤੇ ਬੁਲਾਉਣ ਦੀ ਕਾਰਵਾਈ ਹਿੰਦੂਤਵ ਤਾਕਤਾਂ ਦੀ ਪਿੱਠ ਪੂਰਨ ਵਾਲੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਪਾਕਿਸਤਾਨ ਸਦਰ ਜਾਂ ਪਾਕਿਸਤਾਨ ਦੇ ਵਜੀਰ-ਏ-ਆਜ਼ਮ ਡਾ. ਮਨਮੋਹਣ ਸਿੰਘ ਨੂੰ ਇਸੇ ਤਰ੍ਹਾਂ ਖਾਣੇ ਉਤੇ ਸੱਦਕੇ ਸ੍ਰੀ ਹਾਫਿਜ਼ ਸਈਅਦ ਨੂੰ ਖਾਣੇ ਤੇ ਬੁਲਾ ਲੈਣ ਤਾਂ ਹਿੰਦ ਦੇ ਹੁਕਮਰਾਨਾ ਤੇ ਹਿੰਦੂਤਵ ਸੰਗਠਨਾਂ ਨੂੰ ਇਹ ਅਮਲ ਕਿਹੋ ਜਿਹਾ ਲੱਗੇਗਾ ? ਉਹਨਾਂ ਕਿਹਾ ਕਿ ਜਾਬਰ, ਜਾਲਿਮ ਜਾਂ ਕਾਤਿਲ ਵਿਅਕਤੀ ਕਿਸੇ ਵੀ ਕੌਮ ਜਾਂ ਧਰਮ ਨਾਲ ਸੰਬੰਧਿਤ ਹੋਵੇ, ਉਸ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾ ਦੇਣ ਦਾ ਅਮਲ ਹੋਣਾ ਚਾਹੀਦਾ ਹੈ । ਕਿਉਕਿ ਦਹਿਸਤਗਰਦੀ ਕੁਝ ਲੋਕਾਂ ਵੱਲੋ ਹੋਵੇ ਜਾਂ ਸਰਕਾਰੀ ਦਹਿਸਤਗਰਦੀ ਹੋਵੇ ਉਹ ਕਾਨੂੰਨੀ ਤੇ ਇਖ਼ਲਾਕੀ ਤੌਰ ਤੇ ਗਲਤ ਹੁੰਦੀ ਹੈ । ਇਸ ਲਈ ਜਦੋ ਤੱਕ ਹਿੰਦ ਦੇ ਹੁਕਮਰਾਨ ਜਾਂ ਏਜੰਸੀਆਂ ਸਰਕਾਰੀ ਦਹਿਸਤਗਰਦੀ ਬੰਦ ਨਹੀ ਕਰਦੇ, ਉਦੋ ਤੱਕ ਦਹਿਸਤਗਰਦੀ ਖ਼ਤਮ ਨਹੀ ਹੋ ਸਕਦੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਦਾ ਕਾਇਲ ਹੈ ਕਿ ਪਾਕਿਸਤਾਨ ਅਤੇ ਹਿੰਦ ਦੀਆਂ ਸਰਹੱਦਾਂ ਖੋਲ੍ਹ ਦਿੱਤੀਆ ਜਾਣੀਆ ਚਾਹੀਦੀਆਂ ਹਨ ਤਾਂ ਕਿ ਦੋਹਵਾ ਮੁਲਕਾਂ ਦੇ ਬਸ਼ਿੰਦਿਆਂ ਅਤੇ ਹੁਕਮਰਾਨਾ ਵਿਚ ਸਥਾਈ ਤੌਰ ਤੇ ਦੋਸਤਾਨਾਂ ਸੰਬੰਧ ਕਾਇਮ ਹੋ ਸਕਣ ਅਤੇ ਦੋਹਵੇ ਮੁਲਕਾਂ ਵਿਚ ਦਹਿਸਤਗਰਦੀ ਬੰਦ ਹੋ ਸਕੇ ਅਤੇ ਹਰ ਖੇਤਰ ਵਿਚ ਅੱਗੇ ਵੱਧ ਸਕਣ । ਉਹਨਾਂ ਕਿਹਾ ਕਿ ਜਦੋ ਹਿੰਦ ਦਾ ਕਾਨੂੰਨ ਅਤੇ ਅਦਾਲਤਾਂ ਕੌਮੀ ਦਹਿਸਤਗਰਦੀ ਨਾਲ ਪੇਸ ਆਉਦੇ ਹਨ ਤਾਂ ਇਹ ਲੋਹੇ ਦੀ ਲੱਠ ਵਾਂਗ ਕਠੋਰ ਹੋ ਜਾਦਾ ਹੈ ਅਤੇ ਜਦੋ ਸਰਕਾਰੀ ਦਹਿਸਤਗਰਦੀ ਅਤੇ ਹਿੰਦੂਤਵ ਦਹਿਸਤਗਰਦੀ ਨਾਲ ਪੇਸ ਆਉਦਾ ਹੈ ਤਾਂ ਇਹ ਮੋਮ ਦੀ ਤਰ੍ਹਾਂ ਨਰਮ ਹੋ ਜਾਦਾ ਹੈ । ਉਹਨਾਂ ਕਿਹਾ ਕਿ ਜਦੋ ਸਮੁੱਚੀ ਸਿੱਖ ਕੌਮ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਤੇ ਆਪਣੇ ਕੌਮੀ ਵਿਸਾਖੀ ਦੇ ਦਿਹਾੜੇ ਨੂੰ 13 ਅਪ੍ਰੈਲ ਨੂੰ ਮਨਾਉਣ ਜਾ ਰਹੀਆ ਹਨ ਤੇ ਸਾਝੀ ਕਾਨਫਰੰਸ ਕਰ ਰਹੀਆ ਹਨ ਤਾਂ ਇਸ ਹਿੰਦੂਤਵ ਕਾਨੂੰਨ ਦੀ ਦੁਰਵਰਤੋ ਕਰਕੇ ਸਾਡੇ ਮਾਨਸਾ ਜਿਲ੍ਹੇ ਦੇ ਪ੍ਰਧਾਨ ਸ. ਬਲਵਿੰਦਰ ਸਿੰਘ ਮੰਡੇਰ, ਬਾਬਾ ਦਾਦੂਵਾਲ, ਦਲਜੀਤ ਸਿੰਘ ਬਿੱਟੂ ਆਦਿ ਹੋਰਨਾ ਨੂੰ ਮੰਦਭਾਵਨਾ ਅਧੀਨ ਬੰਦੀ ਬਣਾਇਆ ਹੋਇਆ ਹੈ ਤਾਂ ਕਿ ਵਿਸਾਖੀ ਦੀ ਕਾਨਫਰੰਸ ਦੇ ਮੌਕੇ ਸਿੱਖ ਕੌਮ ਇਕੱਤਰ ਹੋ ਕੇ ਕੋਈ ਕੌਮ ਪੱਖੀ ਫੈਸਲਾ ਨਾ ਕਰ ਸਕੇ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਕਿ ਸ. ਪ੍ਰਕਾਸ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ ਦੇ ਮੈਬਰ ਅਤੇ ਜਾਲਮ ਪੁਲਿਸ ਅਫਸਰ ਸੁਮੇਧ ਸੈਣੀ ਹਿੰਦੂਤਵ ਤਾਕਤਾਂ ਦੇ ਹੱਥ ਠੋਕੇ ਬਣਕੇ ਸਿੱਖ ਵਿਰੋਧੀ ਸਾਜਿਸਾ ਨੂੰ ਪੂਰਨ ਕਰਨ ਵਿਚ ਲੱਗੇ ਹੋਏ ਹਨ । ਸ. ਮਾਨ ਨੇ ਸਿੱਖ ਕੌਮ ਨੂੰ ਅਤੇ ਆਗੂਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 13 ਅਪ੍ਰੈਲ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਕੇ ਕੌਮੀ ਸੋਚ ਨੂੰ ਮੰਜਿਲ ਵੱਲ ਲੈਜਾਣ ਵਿਚ ਸਹਿਯੋਗ ਵੀ ਕਰਨ ਅਤੇ ਕੌਮੀ ਏਕਤਾ ਨੂੰ ਬਰਕਰਾਰ ਰੱਖਣ ਵਿਚ ਮੁੱਖ ਭੁਮਿਕਾਂ ਨਿਭਾਉਣ ।