ਅੰਮ੍ਰਿਤਸਰ:- ਪਿਛਲੇ ਦਿਨੀ ਉੜੀਸਾ ਦੇ ਰੁੜਕੇਲਾ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਹਰਵਿੰਦਰ ਸਿੰਘ ਨੂੰ ਬੀ.ਕਾਮ ਦੀ ਪ੍ਰੀਖਿਆ ਦੇਣੋ ਰੋਕੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਖਤ ਨੋਟਿਸ ਲੈਦਿਆਂ ਪ੍ਰਿੰਸੀਪਲ ਦੀ ਇਸ ਕਾਰਵਾਈ ਨੂੰ ਘਟੀਆ ਸੋਚ ਇਕਰਾਰ ਦਿੱਤਾ ਤੇ ਇਸ ਸਬੰਧੀ ਮੁੱਖ ਮੰਤਰੀ ਭੁਵਨੇਸ਼ਵਰ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਅੱਗੋਂ ਤੋਂ ਅਜਿਹੀ ਘਟਨਾ ਨਾ ਵਾਪਰੇ ਇਸ ਸਬੰਧੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਮੁੱਚੀ ਲੋਕਾਈ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਅੰਮ੍ਰਿਤਧਾਰੀ, ਪੂਰਨ ਗੁਰਸਿੱਖ ਬੱਚੇ ਕੁਝ ਫਿਰਕੂ ਸੋਚ ਦੇ ਧਾਰਨੀ ਲੋਕਾਂ ਨੂੰ ਚੰਗੇ ਨਹੀ ਲੱਗਦੇ ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖੀ ਦੀ ਵੱਧਦੀ ਸ਼ਾਨ ਤੋਂ ਬੌਖਲਾ ਕਿ ਸ.ਹਰਵਿੰਦਰ ਸਿੰਘ ਵਰਗੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਿੰਸੀਪਲ ਪ੍ਰਦੀਪ ਕੁਮਾਰ ਜੈਨ ਵੱਲੋਂ ਕੀਤੀ ਇਸ ਘਟੀਆ ਕਾਰਵਾਈ ‘ਚ ਫਿਰਕੂ ਭਾਵਨਾ ਉਜਾਗਰ ਹੁੰਦੀ ਹੈ ਤੇ ਅਜਿਹੇ ਪ੍ਰਿੰਸੀਪਲ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਬੇ-ਸ਼ੱਕ ਸਥਾਨਕ ਸਿੱਖਾਂ ਤੇ ਵਿਦਿਆਰਥੀਆਂ ਦੇ ਭਾਰੀ ਵਿਰੋਧ ਕਾਰਨ ਉਥੋਂ ਦੇ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਮੰਤਰੀ ਵੱਲੋਂ ਇਸ ਘਟਨਾ ਤੇ ਅਫਸ਼ੋਸ਼ ਜਾਹਰ ਕੀਤਾ ਹੈ ਤੇ ਸ.ਹਰਵਿੰਦਰ ਸਿੰਘ ਨੂੰ ਬੀ.ਕਾਮ. ਦਾ ਪੇਪਰ ਦੇਣ ਦਿੱਤਾ ਗਿਆ ਸੀ, ਜੇਕਰ ਸਮੇਂ ਸਿਰ ਪ੍ਰਸ਼ਾਸ਼ਨ ਹਰਕਤ ‘ਚ ਨਾ ਆਉਦਾ ਤਾਂ ਪ੍ਰਿੰਸੀਪਲ ਵੱਲੋਂ ਸਿੱਖ ਬੱਚੇ ਦਾ ਸਾਲ ਅਜਾਇਆ ਕਰਨ ‘ਚ ਕੋਈ ਕਸਰ ਬਾਕੀ ਨਹੀ ਛੱਡੀ ਗਈ ਤੇ ਸਮੇਂ ਦੀ ਨਜਾਕਤ ਨੂੰ ਵੇਖਦਿਆਂ ਪ੍ਰਿੰਸੀਪਲ ਪ੍ਰਦੀਪ ਕੁਮਾਰ ਜੈਨ ਕੋਲੋ ਲਿਖਤੀ ਮੁਆਫੀਨਾਮਾਂ ਵੀ ਲਿਆ ਗਿਆ ਹੈ ਪ੍ਰੰਤੂ ਇਹ ਮਾਮਲਾ ਸਮੁੱਚੀ ਦੁਨੀਆਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਣ ਕਰਕੇ ਪ੍ਰਿੰਸੀਪਲ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਅਧਿਕਾਰੀ/ਕਰਮਚਾਰੀ ਇਸ ਤਰਾਂ ਦੀ ਦੁਬਾਰਾ ਗਲਤੀ ਕਰਨ ਦੀ ਕੋਸ਼ਿਸ਼ ਨਾ ਕਰੇ, ਜਿਸ ਨਾਲ ਕਿਸੇ ਵੀ ਫਿਰਕੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ।