ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀਆਂ ਸਾਲਾਨਾ 46ਵੀਆਂ ਖੇਡਾਂ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਸਰਵਪੱਖੀ ਵਿਕਾਸ ਲਈ ਸਿਰਫ ਗਿਆਨ ਵਿਗਿਆਨ ਹੀ ਜ਼ਰੂਰੀ ਹੈ ਸਗੋਂ ਖੇਡਾਂ ਅਤੇ ਕੋਮਲ ਕਲਾਵਾਂ ਵੱਲ ਵੀ ਦਿਲਚਸਪੀ ਵਧਾਉਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਕਬੱਡੀ ਅਤੇ ਹਾਕੀ ਵਰਗੀਆਂ ਖੇਡਾਂ ਪੰਜਾਬ ਦੀ ਸ਼ਾਨ ਹਨ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸ: ਲੱਖੋਵਾਲ ਨੇ ਆਖਿਆ ਕਿ ਰੱਸਾਕਸ਼ੀ ਵਿੱਚ ਸਿਰਫ ਕਿਰਤੀ ਹੱਥਾਂ ਨੂੰ ਹੀ ਜਿੱਤ ਨਸੀਬ ਹੁੰਦੀ ਹੈ ਅਤੇ ਅੱਜ ਦੇ ਨੌਜਵਾਨ ਹੱਥੀਂ ਕਿਰਤ ਕਰਨ ਨੂੰ ਤਿਆਗਦੇ ਜਾ ਰਹੇ ਹਨ। ਇਸੇ ਕਰਕੇ ਅੱਜ ਉਹ ਆਪਣੇ ਅਧਿਆਪਕਾਂ ਹੱਥੋਂ ਰੱਸਾਕਸ਼ੀ ਵਿੱਚ ਪਿੱਛੇ ਰਹਿ ਗਏ ਹਨ। ਸ: ਲੱਖੋਵਾਲ ਨੇ ਪੁਰਾਣੇ ਖਿਡਾਰੀਆਂ ਪਦਮਸ਼੍ਰੀ ਪ੍ਰਿਥੀਪਾਲ ਸਿੰਘ, ਸ: ਚਰਨਜੀਤ ਸਿੰਘ ਅਤੇ ਅਰਜਨਾ ਐਵਾਰਡੀ ਰਮਨਦੀਪ ਸਿੰਘ ਗਰੇਵਾਲ ਦੇ ਹਵਾਲੇ ਨਾਲ ਇਸ ਯੂਨੀਵਰਸਿਟੀ ਦੀ ਖੇਡਾਂ ਦੇ ਖੇਤਰ ਵਿੱਚ ਸ਼ਾਨ ਨੂੰ ਚੇਤੇ ਕੀਤਾ।
ਸ: ਲੱਖੋਵਾਲ ਨੇ ਇਸ ਮੌਕੇ ਬੈਸਟ ਅਥਲੀਟ ਵਜੋਂ ਖੇਤੀ ਇੰਜੀਨੀਅਰਿੰਗ ਕਾਲਜ ਦੇ ਰਾਜਕੰਵਲ ਸਿੰਘ ਢਿੱਲੋਂ ਅਤੇ ਲੜਕੀਆਂ ਵਿਚੋਂ ਪਵਨੀਤ ਖਾਰਾ ਨੂੰ ਸਨਮਾਨਿਤ ਕੀਤਾ ਜਦ ਕਿ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਨੂੰ ਲੜਕਿਆਂ ਵਿੱਚ ਅਤੇ ਬੇਸਿਕ ਸਾਇੰਸਜ਼ ਕਾਲਜ ਦੀ ਲੜਕੀਆਂ ਦੇ ਵਰਗ ਵਿੱਚ ਅਥਲੈਟਿਕ ਟਰਾਫੀ ਪ੍ਰਦਾਨ ਕੀਤੀ। ਰਾਜਵਿੰਦਰ ਸਿੰਘ ਨੂੰ ਸਰਵੋਤਮ ਸਾਈਕਲਿਸਟ ਅਤੇ ਸਿਮਰਨ ਸਿੰਘ ਨੂੰ ਸਰਵੋਤਮ ਹਾਕੀ ਖਿਡਾਰੀ ਵਜੋਂ ਸਨਮਾਨਿਤ ਕੀਤਾ ਗਿਆ ਜਦ ਕਿ ਖੇਤੀਬਾੜੀ ਕਾਲਜ ਨੂੰ ਮਾਰਚ ਪਾਸਟ ਵਿੱਚ ਸਰਵੋਤਮ ਮੰਨਿਆ ਗਿਆ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਖਿਡਾਰੀਆਂ ਸ਼੍ਰੀਮਤੀ ਕਿਰਨਦੀਪ ਕੌਰ ਸਿੱਧੂ, ਸ਼੍ਰੀ ਅਜੀਤ ਸਿੰਘ ਮਾਨ ਅਤੇ ਡਾ: ਲਾਜਵਿੰਦਰ ਸਿੰਘ ਬਰਾੜ ਨਿਰਦੇਸ਼ਕ ਬਾਗਬਾਨੀ ਪੰਜਾਬ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਦੇ ਸ਼ਬਦ ਬੋਲਦਿਆਂ ਵਾਈਸ ਚਾਂਸਲਰ ਡਾ: ਢਿੱਲੋਂ ਨੇ ਆਖਿਆ ਕਿ ਇਸ ਯੂਨੀਵਰਸਿਟੀ ਦਾ ਖੇਡਾਂ ਦੇ ਖੇਤਰ ਵਿੱਚ ਵਿਰਸਾ ਮਹਾਨ ਹੈ ਪਰ ਅਸੀਂ ਵਰਤਮਾਨ ਨੂੰ ਵੀ ਸਿਖ਼ਰ ਤੇ ਪਹੁੰਚਾਉਣਾ ਹੈ। ਵਿਗਿਆਨ ਦੇ ਨਾਲ ਨਾਲ ਖੇਡਾਂ ਅਤੇ ਕੋਮਲ ਕਲਾਵਾਂ ਦੇ ਵਿਕਾਸ ਲਈ ਹੋਰ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਧੰਨਵਾਦ ਦੇ ਸ਼ਬਦ ਕਹੇ।