ਅੰਮ੍ਰਿਤਸਰ: – ਫਰਾਂਸ ਸਰਕਾਰ ਵਲੋਂ ਫਰਾਂਸ ਦੇ ਸਕੂਲਾਂ ’ਚ ਵਿਦਿਆ ਪ੍ਰਾਪਤ ਕਰ ਰਹੇ ਸਿੱਖ ਬੱਚਿਆਂ ਨੂੰ ਦਸਤਾਰ ਸਜਾਉਣ ’ਤੇ ਲਗਾਈ ਪਾਬੰਦੀ ਹਟਾਉਣ ਅਤੇ ਸਿੱਖ ਦੀ ਦਸਤਾਰ ਦੇ ਸਤਕਾਰ ਦੀ ਬਹਾਲੀ ਲਈ ਸ਼੍ਰੋਮਣੀ ਕਮੇਟੀ ਨੇ ਵੱਡੇ ਪੱਧਰ ’ਤੇ ਕਾਰਵਾਈ ਆਰੰਭੀ ਹੋਈ ਹੈ। ਇਸ ਸਬੰਧ ’ਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਪੱਤਰ ਲਿਖ ਕੇ ਪੰਜਾਬ ਸਰਕਾਰ ਵਲੋਂ ਵੀ ਬਿਲ ਪਾਸ ਕਰਕੇ ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਕਹੇ ਜਾਣ ਲਈ ਅਪੀਲ ਕੀਤੀ ਹੈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਇਥੋਂ ਜ਼ਾਰੀ ਇਕ ਪ੍ਰੈਸ ਰਲੀਜ਼ ’ਚ ਦਿੱਤੀ।
ਜਥੇ. ਅਵਤਾਰ ਸਿੰਘ ਨੇ ਮੁੱਖ ਮੰਤਰੀ ਜੀ ਨੂੰ ਲਿਖੇ ਪੱਤਰ ’ਚ ਦੂਜੇ ਵਿਸ਼ਵ ਯੁੱਧ ਸਮੇਂ ਜਰਮਨ ਫੌਜਾਂ ਦੇ ਛੱਕੇ ਛਡਾਉਣ ਵਾਲੇ ਸਿੱਖਾਂ ਦੀ ਬਹਾਦਰੀ ਦੀ ਦਾਸਤਾਨ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਜਿਨ੍ਹਾਂ ਸਿੱਖਾਂ ਨੇ ਗੁਰੂ ਸਾਹਿਬ ਵਲੋਂ ਬਖਸ਼ਿਸ਼ ਦਸਤਾਰ ਦੀ ਅਹਮਿਅਤ ਨੂੰ ਮੁਖ ਰੱਖਦਿਆਂ ਲੋਹ ਟੋਪ ਪਾਉਣ ਤੋਂ ਕੇਵਲ ਇਨਕਾਰ ਹੀ ਨਹੀਂ ਸੀ ਕੀਤਾ ਸਗੋਂ ਇਸ ਬਦਲੇ ਸਿਰ ਵਿਚ ਗੋਲੀ ਲੱਗਣ ’ਤੇ ਦਿੱਤੇ ਜਾਂਦੇ ਮੁਆਵਜੇ ਨੂੰ ਵੀ ਠੁਕਰਾ ਦਿੱਤਾ ਸੀ, ਉਨ੍ਹਾਂ ਦਸਤਾਰਧਾਰੀ ਸਿੱਖਾਂ ਦੇ ਫਰਾਂਸ ਦੇ ਸਕੂਲਾਂ ਦੇ ਵਿਚ ਵਿਦਿਆ ਪ੍ਰਾਪਤ ਕਰ ਰਹੇ ਵਾਰਸਾਂ (ਸਿੱਖ ਬੱਚਿਆਂ) ਦੇ ਦਸਤਾਰ ਸਜਾਉਣ ’ਤੇ ਲਗਾਈ ਪਾਬੰਦੀ ਬਹੁਤ ਹੀ ਦੁਖਦਾਈ ਹੈ। ਸੰਸਾਰ ਵਿਚ ਵੱਸੇ ਸਮੂੰਹ ਸਿੱਖ ਪੰਥ ਲਈ ਇਹ ਬੜੀ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਪੱਤਰ ’ਚ ਜ਼ਿਕਰ ਕੀਤਾ ਹੈ ਕਿ ਇਸ ਪਾਬੰਦੀ ਨੂੰ ਹਟਾਉਣ ਲਈ ਸਿੱਖ ਪੰਥ ਨੇ ਵਿਅਕਤੀਗਤ ਤੇ ਸੰਗਠਤ ਰੂਪ ’ਚ ਅਵਾਜ਼ ਉਠਾਈ ਹੈ ਪਰ ਫਰਾਂਸ ਸਰਕਾਰ ਵਲੋਂ ਟੱਸ ਤੋਂ ਮੱਸ ਨਾ ਹੋਣਾ, ਇਸ ਦਿਸ਼ਾ ’ਚ ਹੋਰ ਵੀ ਬਹੁਤ ਕੁਝ ਕਰਨ ਦਾ ਅਹਿਸਾਸ ਕਰਵਾਉਦਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਇਹ ਮਸਲਾ ਤਤਕਾਲਿਕ ਰੂਪ ’ਚ ਹਰ ਸੰਭਵ ਉਦਮ ਕਰਨ ਲਈ ਝੰਝੋੜ ਰਿਹਾ ਹੈ।
ਜਥੇ. ਅਵਤਾਰ ਸਿੰਘ ਨੇ ਸ. ਬਾਦਲ ਨੂੰ ਲਿਖੇ ਪੱਤਰ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਰਚ 08 ਦੇ ਜਨਰਲ ਇਜਲਾਸ ’ਚ ਪਾਸ ਕੀਤੇ ਮਤੇ ਦਾ ਜ਼ਿਕਰ ਕਰਦਿਆਂ ਪੰਜਾਬ ਸਰਕਾਰ ਵਲੋਂ ਬਿਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣ ਅਤੇ ਕੇਂਦਰ ਸਰਕਾਰ ਨੂੰ ਫਰਾਂਸ ਸਰਕਾਰ ਨਾਲ ਡਿਪਲੋਮੈਟਿਕ ਪੱਧਰ ’ਤੇ ਇਹ ਮਸਲਾ ਸਥਾਈ ਰੂਪ ’ਚ ਹੱਲ ਕਰਨ ਲਈ, ਕਹੇ ਜਾਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਿੱਖ ਜਗਤ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਰਾਹੀਂ ਫਰਾਂਸ ਸਰਕਾਰ ਨੂੰ ਇਸ ਮਸਲੇ ’ਤੇ ਆਪਣਾ ਸਖ਼ਤ ਰਵਈਆ ਬਦਲਣ ਲਈ ਪੂਰਾ ਜੋਰ ਪਾਇਆ ਹੈ ਅਤੇ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦਸਤਾਰ ਦੀ ਬਹਾਲੀ ਲਈ ਯੂ.ਐਨ.ਓ. ਵਿਚ ਵੀ ਕੇਸ ਦਾਇਰ ਕਰਕੇ ਇਨਸਾਫ ਦੀ ਮੰਗ ਕੀਤੀ ਗਈ ਹੈ।