ਅੰਮ੍ਰਿਤਸਰ -: ਪਿਛਲੇ ਦਿਨੀ ਹਰਿਆਣਾ ਸੂਬੇ ਦੇ ਕਸਬੇ ਸਫੀਦੋ ਵਿੱਚ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਨ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੂਰਨ ਗੁਰ ਮਰਯਾਦਾ ਨਾਲ ਨਾ ਚੁੱਕਣ ਤੇ ਸਫੀਦੋ ਮਿਊਸਪੈਲਟੀ(ਨਗਰ ਕੌਂਸਲ) ਦੇ ਅਧਿਕਾਰੀਆਂ ਤੇ ਪੁਲੀਸ ਮੁਲਾਜ਼ਮਾਂ ਵੱਲੋਂ ਕੀਤੀ ਆਪ ਹੁਦਰੀ ਕਾਰਵਾਈ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ ਤੇ ਪ੍ਰਸਾਸ਼ਨ ਦੀ ਇਸ ਗੈਰ ਜਿੰਮੇਦਾਰਾਨਾਂ ਕਾਰਵਾਈ ਨੂੰ ਨਾ ਬਰਦਾਸ਼ਤ ਕਰਨ ਯੋਗ ਦੱਸਿਆ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕਸਬਾ ਸਫੀਦੋ ਦੇ ਰਣਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਪੁਲੀਸ ਨੇ ਮਿਲ ਕੇ ਸ੍ਰੀ ਅਖੰਡ ਪਾਠ ਸਾਹਿਬ ਵਾਲੇ ਅਸਥਾਨ ਤੋਂ ਗੁਰੂ ਮਹਾਂਰਾਜ ਦਾ ਸਰੂਪ ਜਬਰਦਸਤੀ ਨਾਲ ਬਿਨਾਂ ਮਰਯਾਦਾ ਚੁੱਕ ਲਿਆ ਤੇ ਉਪਰ ਲੱਗੇ ਚੰਦੋਆ ਸਾਹਿਬ ਅਤੇ ਹੋਰ ਜਰੂਰੀ ਸਮਾਨ ਨੂੰ ਹਟਾਏ ਬਿਨਾਂ ਹੀ ਬੁਲਡੋਜਰ ਚਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਵਾਲੇ ਅਸਥਾਨ ਨੂੰ ਢਹਿ ਢੇਰੀ ਕਰ ਦਿੱਤਾ। ਨਗਰ ਕੌਂਸਲ ਦੇ ਅਧਿਕਾਰੀ ਤੇ ਪੁਲੀਸ ਦੀ ਇਸ ਕਾਰਵਾਈ ਨੂੰ ਕਿਸੇ ਤਰਾਂ ਵੀ ਬਰਦਾਸਤ ਨਹੀ ਕੀਤਾ ਜਾ ਸਕਦਾ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਕੀਤੀ ਇਸ ਆਪ ਹੁਦਰੀ ਕਾਰਵਾਈ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ ਤੇ ਸਿੱਖ ਕੌਮ ’ਚ ਇਸ ਘਟਨਾ ਪ੍ਰਤੀ ਰੋਸ਼ ਤੇ ਰੋਹ ਹੈ।
ਉਹਨਾਂ ਕਿਹਾ ਕਿ ਸਫੀਦੋ ਕਸਬੇ ‘ਚ ਵਾਪਰੀ ਇਸ ਮੰਗਭਾਗੀ ਘਟਨਾ ਦੀ ਜਾਂਚ ਪੜਤਾਲ ਕਰਨ ਲਈ ਅੰਤਰਿੰਗ ਕਮੇਟੀ ਮੈਂਬਰ ਸ.ਰਜਿੰਦਰ ਸਿੰਘ ਮਹਿਤਾ, ਸ.ਨਿਰਮੈਲ ਸਿੰਘ ਜੌਲਾਂ, ਸ.ਸੁਰਜੀਤ ਸਿੰਘ ਗੜ੍ਹੀ, ਸ.ਭੁਪਿੰਦਰ ਸਿੰਘ ਅਸੰਧ, ਸ.ਅਮੀਰ ਸਿੰਘ ਤੇ ਸ.ਸ਼ਰਨਜੀਤ ਸਿੰਘ ਤੇ ਅਧਾਰਤ ਛੇ ਮੈਂਬਰੀ ਕਮੇਟੀ ਗਠਿਤ ਕਰਕੇ ਕੁਆਰਡੀਨੇਟਰ ਐਡੀ:ਸਕੱਤਰ ਪ੍ਰਚਾਰ ਸ.ਸਤਬੀਰ ਸਿੰਘ ਨੂੰ ਬਣਾਇਆ ਗਿਆ ਹੈ, ਤੁਰੰਤ ਘਟਨਾ ਸਥਾਨ ਵੱਲ ਰਵਾਨਾ ਕੀਤੀ ਗਈ ਸੀ। ਕਮੇਟੀ ਵੱਲੋਂ ਵਿਸਥਾਰਤ ਰਿਪੋਰਟ ਮਿਲ ਗਈ ਹੈ ਤੇ ਇਸ ਮੰਦਭਾਗੀ ਘਟਨਾ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੂੰ ਮਿਲ ਕਿ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਕੇ ਦੋਸ਼ੀ ਪ੍ਰਸਾਸ਼ਨਿਕ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਮੁੱਖ ਮੰਤਰੀ ਹਰਿਆਣਾ ਸ੍ਰੀ ਭੁਪਿੰਦਰ ਸਿੰਘ ਹੁੱਡਾ ਨਾਲ ਵੀ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਸਫੀਦੋ ਘਟਨਾ ਦੀ ਇਨਕੁਆਰੀ ਕਰਵਾਈ ਜਾਵੇ ਅਤੇ ਦੋਸ਼ੀ ਵਿਅਕਤੀਆਂ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾਵੇ ਤਾਂ ਜੋ ਸਿੱਖਾਂ ਦੋ ਰੋਹ ਅਤੇ ਰੋਸ਼ ਨੂੰ ਠੰਡਾ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਜੇਕਰ ਇਸ ਜਗ੍ਹਾ ਦਾ ਕੋਈ ਵਾਦ ਵਿਵਾਦ ਸੀ ਜਾਂ ਕੋਈ ਅਦਾਲਤੀ ਤਾਰੀਕ ਸੀ ਤਾਂ ਇਸ ਤਰਾਂ ਸ੍ਰੀ ਅਖੰਡ ਪਾਠ ਸਾਹਿਬ ਖੰਡਨ ਕਰਨਾ ਵਾਜਬ ਨਹੀ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੀਕ ਪੁਲੀਸ ਜਾਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਇੰਤਜਾਰ ਕਰਨਾ ਚਾਹੀਦਾ ਸੀ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ/ਜਾਂ ਕਿਸੇ ਨਾਲ ਦੇ ਗੁਰਦੁਆਰਾ ਸਾਹਿਬ ਨੂੰ ਸੂਚਿਤ ਕਰਨਾ ਚਾਹੀਦਾ ਸੀ, ਜੋ ਪ੍ਰਸਾਸ਼ਨ ਵੱਲੋਂ ਨਹੀ ਕੀਤਾ ਗਿਆ।
ਉਹਨਾਂ ਦੱਸਿਆ ਕਿ ਕਸਬਾ ਸਫੀਦੋ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਖੰਡਨ ਅਤੇ ਹੋਰ ਅਵੱਗਿਆ ਹੋਣ ਪ੍ਰਤੀ ਪਸ਼ਚਾਤਾਪ ਵਜੋਂ ਸਫੀਦੋ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾ ਦਿੱਤਾ ਗਿਆ ਹੈ ਤੇ ਭੋਗ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਹਾਜ਼ਰ ਹੋਣਗੀਆਂ। ਰੋਸ ਵਜੋਂ ਡਿਪਟੀ ਕਮਿਸ਼ਨ ਜੀਂਦ ਦੇ ਮੁੱਖ ਦਫਤਰ ਅੱਗੇ ਸਿਖ ਸੰਗਤਾਂ ਵੱਲੋਂ 20 ਅਪ੍ਰੈਲ ਨੂੰ 4 ਘੰਟੇ ਧਰਨਾ ਦਿੱਤਾ ਜਾਵੇਗਾ ਅਤੇ ਇਸ ਮੰਦਭਾਗੀ ਘਟਨਾ ਪ੍ਰਤੀ ਜਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।