ਨਵੀਂ ਦਿੱਲੀ- ਭਾਰਤ ਨੇ ਲੰਬੀ ਦੂਰੀ ਦੀ ਬਲਿਸਟਿਕ ਮਿਸਾਈਲ ਅਗਨੀ-5 ਦਾ ਵੀਰਵਾਰ ਦੀ ਸਵੇਰ ਨੂੰ ਸਫਲ ਤਜਰਬਾ ਕੀਤਾ ਹੈ। ਅਗਨੀ-5 ਦਾ ਟੈਸਟ ਸਵੇਰੇ ਅੱਠ ਵਜ ਕੇ ਚਾਰ ਮਿੰਟ ਤੇ ਸ਼ੁਰੂ ਹੋਇਆ। ਇਹ ਮਿਸਾਈਲ ਅੱਠ ਵਜ ਕੇ ਸੱਤ ਮਿੰਟ ਤੇ ਵਿਗਿਆਨਕਾਂ ਦੁਆਰਾ ਨਿਰਧਾਰਿਤ ਸਹੀ ਦਿਸ਼ਾ ਵੱਲ ਬਦਲਾਂ ਨੂੰ ਚੀਰਦੀ ਹੋਈ ਉਪਰ ਵੱਲ ਵੱਧਦੀ ਗਈ। ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ਵਾਲੀ ਇਹ ਮਿਸਾਈਲ ਤਿੰਨ ਪੜਾਵਾਂ ਵਿੱਚ ਅੱਗੇ ਵੱਧੀ ਅਤੇ ਅੰਤ ਵਿੱਚ ਠੀਕ ਸਮੇਂ ਤੇ ਬੰਗਾਲ ਦੀ ਖਾੜੀ ਵਿੱਚ ਜਾ ਡਿੱਗੀ। ਡੀਆਰਡੀਓ ਦੁਆਰਾ ਵਿਕਸਤ ਕੀਤੀ ਗਈ ਮਿਸਾਈਲ ਨੇ ਵਿਗਿਆਨਕਾਂ ਦੇ ਅਨੁਮਾਨ ਅਨੁਸਾਰ ਪ੍ਰਦਰਸ਼ਨ ਕੀਤਾ। ਪੂਰੀ ਤਰ੍ਹਾਂ ਦੇਸ਼ ਵਿੱਚ ਤਿਆਰ ਰਾਕੇਟ ਮੋਟਰਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ।
ਪ੍ਰਧਾਨਮੰਤਰੀ ਡਾ: ਮਨਮੋਹਨ ਸਿੰਘ, ਉਪਰਾਸ਼ਟਰਪਤੀ ਅੰਸਾਰੀ, ਰੱਖਿਆਮੰਤਰੀ ਐਂਟਨੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ੍ਰੀ ਸ਼ਿਵ ਸ਼ੰਕਰ ਮੈਨਨ ਨੇ ਅਗਨੀ-5 ਦੇ ਸਫਲ ਟੈਸਟ ਤੇ ਵਧਾਈ ਦਿੱਤੀ। ਪ੍ਰਧਾਨਮੰਤਰੀ ਅਤੇ ਰੱਖਿਆਮੰਤਰੀ ਨੇ ਡੀਆਰਡੀਓ ਮੁੱਖੀ ਡਾ:ਵੀਕੇ ਸਾਰਸਵੱਤ ਅਤੇ ਅਵਿਨਾਸ਼ ਚੰਦਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸਫਲ ਤਜਰਬੇ ਤੇ ਵਧਾਈ ਦਿੱਤੀ। ਮੌਕੇ ਤੇ ਮੌਜੂਦ ਕਮਾਂਡਰ ਇਨ ਚੀਫ਼ ਏਅਰ ਮਾਰਸ਼ਲ ਕੇਜੇ ਮੈਥਯੂਜ ਨੇ ਇਸ ਟੈਸਟ ਨੂੰ ਭਾਰਤ ਦੇ ਲਈ ਇੱਕ ਇਤਿਹਾਸਿਕ ਘਟਨਾ ਕਰਾਰ ਦਿੱਤਾ। ਇਸ ਮੌਕੇ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ। ਆਰਕੇ ਗੁਪਤਾ ਨੇ ਟੈਸਟ ਦੌਰਾਨ ਡੀਆਰਡੀਓ ਦੇ ਵਿਗਿਆਨਕਾਂ ਦੀ ਟੀਮ ਅਤੇ ਕਰਮਚਾਰੀਆਂ ਦੀ ਅਗਵਾਈ ਕੀਤੀ।