ਅੰਮ੍ਰਿਤਸਰ: – ਮਿਸ਼ਨਰੀ ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਦੀਆਂ ਸ਼ਹਾਦਤਾਂ ਦੇ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਗੱਲ ਦਾ ਪ੍ਰਗਟਾਵਾ ਵਰਿਆਮ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਨਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਇਕ ਸਮਾਗਮ ਦੌਰਾਨ ਕੀਤਾ। ਸ੍ਰੀ ਵਰਿਆਮ ਕਾਲਜ ਦੇ ਸਾਲਾਨਾ ਸਮਾਗਮ ਦੌਰਾਨ ਜਿਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਉਥੇ ਉਨ੍ਹਾਂ ਪ੍ਰਚਾਰ, ਸੰਗੀਤ ਅਤੇ ਕਵਿਸ਼ਰੀ ਵਿਸ਼ੇ ’ਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਵਿਕਰਮਜੀਤ ਸਿੰਘ ਮੀਡੀਆ ਸਲਾਹਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ੍ਰੀ ਵਰਿਆਮ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਯਤਨਾਂ ਸਦਕਾ ਸਿੱਖ ਧਰਮ ਤੋਂ ਬੇਮੁੱਖ ਹੋ ਚੁੱਕੇ ਅਤੇ ਵਿਦੇਸ਼ਾਂ ’ਚ ਬੈਠੇ ਗੈਰ ਸਿੱਖ ਵੀ ਸਿੱਖ ਧਰਮ ਅਪਣਾ ਰਹੇ ਹਨ ਜਿਸ ਤੋਂ ਸਬਕ ਲੈਂਦਿਆਂ ਨੌਜੁਆਨ ਪੀੜੀ ਨੂੰ ਧਰਮ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸਾਡਾ ਸਮਾਜ ਅੱਜ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲੀ ਬੈਠਾ ਹੈ ਜਿਸ ਕਾਰਨ ਰਾਜ ਵਿਚ ਅਤੇ ਵਿਦੇਸ਼ਾਂ ਵਿਚ ਸਿੱਖ ਕੌਮ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ ਨਾਲ ਬਦਸਲੂਕੀ ਅਤੇ ਤਸ਼ਦਦ ਕਰਨ ਦੀਆਂ ਘਟਨਾਵਾਂ ਦਿਨ-ਬ-ਦਿਨ ਵਧ ਰਹੀਆਂ ਹਨ ਜਿਸ ਤੋਂ ਸਿੱਖ ਕੌਮ ਨੂੰ ਸਬਕ ਲੈ ਕੇ ਜਾਗਣ ਦੀ ਸਖ਼ਤ ਲੋੜ ਹੈ।
ਇਸ ਮੌਕੇ ਆਲ ਇੰਡੀਆ ਰੇਡੀਓ ਦੇ ਸਾਰੰਗੀ ਵਾਦਕ ਸ਼ਮਿੰਦਰਪਾਲ ਸਿੰਘ ਨੇ ਆਪਣੀ ਕਵਿਸ਼ਰੀ ਅਤੇ ਸਾਰੰਗੀ ਦੇ ਜੌਹਰ ਨਾਲ ਸਰੋਤਿਆਂ ਨੂੰ ਕਿਲੀ ਰੱਖਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਮੈਂਬਰ ਬਲਦੇਵ ਸਿੰਘ ਐਮ.ਏ., ਅਮਰੀਕ ਸਿੰਘ ਸ਼ਾਹਪੁਰ, ਮੈਂਬਰ ਪਦਮ ਸ੍ਰੀ ਐਵਾਰਡ ਨਿਰਮਲ ਸਿੰਘ ਖ਼ਾਲਸਾ ਅਤੇ ਵਿੱਦਿਆ ਦੇ ਖੇਤਰ ’ਚ ਪੁਲਾਘਾਂ ਪੁੱਟਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੂਬਾ ਸਿੰਘ, ਗੁਰਬਚਨ ਸਿੰਘ ਚਾਂਦ, ਹਰਦੀਪ ਸਿੰਘ ਚੰਚਲ ਸਿੰਘ, ਜਤਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।