ਫਤਹਿਗੜ੍ਹ ਸਾਹਿਬ – “ਸਮੁੱਚੇ ਮੁਲਕਾਂ ਦੀ ਸਾਂਝੀ ਕੌਮਾਂਤਰੀ ਜਥੇਬੰਦੀ ਯੂ ਐਨ ਓ ਵੱਲੋ ਫਾਂਸੀ ਦੇਣ ਦੇ ਮੁੱਦੇ ਨੂੰ ਖ਼ਤਮ ਕਰਨ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ । ਜਿਸ ਵਿਚ ਉਸ ਨੇ ਸਭ ਮੁਲਕਾਂ ਦੀਆਂ ਹਕੂਮਤਾਂ ਨੂੰ ਫਾਂਸੀ ਦੀ ਅਣਮਨੁੱਖੀ ਸਜ਼ਾਵਾਂ ਦੇਣ ਦੇ ਹੋ ਰਹੇ ਅਮਲ ਨੂੰ ਖ਼ਤਮ ਕਰਨ ਦੀ ਹਿਦਾਇਤ ਕੀਤੀ ਹੈ । ਕੋਈ 135 ਤੋ ਵੱਧ ਮੁਲਕਾਂ ਨੇ ਆਪੋ ਆਪਣੀਆਂ ਪਾਰਲੀਆਮੈਟ ਵਿਚ ਫਾਂਸੀ ਦੀ ਸਜ਼ਾਂ ਨੂੰ ਮੁਕੰਮਲ ਤੌਰਤੇ ਖ਼ਤਮ ਕਰਨ ਦਾ ਕਾਨੂੰਨ ਪਾਸ ਕਰਕੇ ਮਨੁੱਖੀ ਹੱਕਾਂ ਦੀ ਜੋਰਦਾਰ ਵਕਾਲਤ ਕੀਤੀ ਹੈ । ਘੱਟ ਗਿਣਤੀ ਸਿੱਖ ਕੌਮ ਨੂੰ ਫਾਂਸੀਆਂ ਦੇਣ ਲਈ ਵਿਸ਼ੇਸ ਜੱਜਾਂ ਅਤੇ ਵਿਸ਼ੇਸ ਅਦਾਲਤਾਂ ਦਾ ਪੱਖਪਾਤੀ ਸਹਾਰਾ ਲਿਆ ਜਾਦਾ ਹੈ । ਜਦੋ ਕਿ ਬਹੁਗਿਣਤੀ ਨੂੰ ਫਾਂਸੀਆਂ ਦੇਣ ਵੇਲੇ ਟਾਲਮਟੋਲ ਦੀ ਸੋਚ ਅਪਣਾਈ ਜਾਦੀ ਹੈ । ਪਰ ਹਿੰਦ ਹਕੂਮਤ ਜੋ ਆਪਣੇ ਆਪ ਨੂੰ ਜਮਹੂਰੀਅਤ, ਅਮਨਪਸੰਦ ਅਤੇ ਮਨੁੱਖੀ ਅਧਿਕਾਰਾਂ ਦੀ ਪੈਰੋਕਾਰ ਅਖਵਾਉਦੀ ਹੈ, ਵੱਲੋ ਫਾਂਸੀ ਦੀ ਸਜ਼ਾਂ ਨੂੰ ਖ਼ਤਮ ਕਰਨ ਕੋਈ ਅਮਲ ਨਾ ਹੋਣ ਦਾ ਵਰਤਾਰਾ ਅਤਿ ਮੰਦਭਾਗਾਂ ਅਤੇ ਵਿੱਤਕਰੇ ਭਰਿਆ ਹੈ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਤ ਦੀ ਸਜ਼ਾਂ ਨੂੰ ਕਾਨੂੰਨੀ ਤੌਰਤੇ ਖ਼ਤਮ ਕਰਨ ਦੀ ਮਨੁੱਖਤਾਂ ਪੱਖੀ ਸੋਚ ਦੀ ਪੈਰੋਕਾਰੀ ਕਰਦੇ ਹੋਏ ਪ੍ਰਗਟਾਏ । ਇਸ ਮੌਤ ਦੀ ਸਜ਼ਾਂ ਉਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਨੂੰ ਫਾਂਸੀ ਦੇਣ ਦੇ ਵਿਰੁੱਧ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਕਾਂਗਰਸ ਜਮਾਤ ਦੇ ਆਗੂ ਸ੍ਰੀ ਜਾਖੜ, ਪੰਜਾਬ ਦੇ ਐਮ ਪੀ ਸ੍ਰੀ ਵਿਜੇਇੰਦਰ ਕੁਮਾਰ ਸਿੰਗਲਾ, ਅਤੇ ਲੁਧਿਆਣੇ ਦੇ ਐਮ ਪੀ ਸ੍ਰੀ ਤਿਵਾੜੀ ਸਿੱਖਾਂ ਨੂੰ ਫਾਂਸੀ ਦੇਣ ਦੀ ਵਕਾਲਤ ਕਰਦੇ ਹਨ । ਦੂਸਰੇ ਪਾਸੇ ਸਿੱਖ ਕੌਮ ਦੇ ਕਾਤਿਲ ਸ੍ਰੀ ਪੀ ਚਿੰਦਬਰਮ ਅਤੇ ਸ੍ਰੀ ਕਮਲ ਨਾਥ ਨੂੰ ਸਜ਼ਾਵਾਂ ਦੇਣ ਦੀ ਬਾਜਇ ਸੈਂਟਰ ਵਿਚ ਵਜ਼ੀਰ ਬਣਾਇਆ ਹੋਇਆ ਹੈ । ਜੋ ਖੁਦ-ਬਾ-ਖੁਦ ਸਿੱਖ ਕੌਮ ਨਾਲ ਹੋ ਰਹੇ ਘੋਰ ਵਿਤਕਰਿਆਂ ਨੂੰ ਪ੍ਰਤੱਖ ਤੌਰਤੇ ਪ੍ਰਗਟਾਉਦਾ ਹੈ । ਕਾਂਗਰਸ ਜਮਾਤ ਪਹਿਲੇ ਫਾਂਸੀ ਦੇ ਮੁੱਦੇ ‘ਤੇ ਇਕ ਮੱਤ ਹੋਵੇ ਅਤੇ ਫਿਰ ਸਾਨੂੰ ਸਥਿਤੀ ਸਪੱਸਟ ਕਰੇ ਕਿ ਫਾਂਸੀ ਸੰਬੰਧੀ ਕਾਂਗਰਸ ਜਮਾਤ ਦੀ ਕੀ ਪਾਲਸੀ ਹੈ ?
ਸੈਂਟਰ ਦੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਸ੍ਰੀ ਐਸ ਐਸ ਵਿਰਕ ਅਤੇ ਸ੍ਰੀ ਕੇ ਪੀ ਐਸ ਗਿੱਲ ਵਰਗੇ ਜ਼ਾਬਰ ਅਫ਼ਸਰਾਂ ਦਾ ਪੱਖ ਪੂਰਕੇ ਆਪਣੀ ਸਿੱਖ ਵਿਰੋਧੀ ਸੋਚ ਨੂੰ ਉਜ਼ਾਗਰ ਕਰ ਰਹੇ ਹਨ । ਜਦੋ ਕਿ ਸ. ਬਾਦਲ ਵੀ ਸਿੱਖ ਕੌਮ ਦੇ ਕਾਤਿਲ ਸ੍ਰੀ ਸੁਮੇਧ ਸੈਣੀ ਨੂੰ ਡੀਜੀਪੀ ਲਗਾਕੇ ਸਿੱਖਾਂ ਦੇ ਕਾਤਿਲਾਂ ਦਾ ਪੱਖ ਪੂਰ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਸ੍ਰੀ ਸੁਮੇਧ ਸੈਣੀ ਦੇ ਮੁੱਦੇ ਉਤੇ ਚੁੱਪ ਧਾਰਕੇ ਦੋਹਰੀ ਖੇਡ ਖੇਂਡ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੀ ਹਕੂਮਤ ਉਤੇ ਸ. ਬਾਦਲ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ, ਉਹ ਆਪਣੇ ਪੁਲਿਸ ਅਫ਼ਸਰਾਂ ਰਾਹੀ ਅਕਸਰ ਹੀ ਸਿੱਖ ਕੌਮ ਨਾਲ ਵਧੀਕੀਆਂ ਕਰਨ ਦੇ ਦੋਸੀ ਹਨ । ਹੁਣ ਜਦੋ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਉਤੇ ਜ਼ਬਰ ਹੋਣ ਦੀ ਗੱਲ ਕਰਕੇ ਪੰਜਾਬ ਨੂੰ ਜਾਮ ਕਰਨ ਦੀ ਗੱਲ ਕਰਦੇ ਹਨ ਤਾਂ ਉਸ ਸਮੇ ਇਨ੍ਹਾਂ ਦੇ ਮਨੁੱਖੀ ਅਧਿਕਾਰਾ ਦੀ ਸੋਚ ਕਿਥੇ ਗਾਇਬ ਹੋ ਗਈ ਸੀ, ਜਦੋ ਕੇ ਪੀ ਐਸ ਗਿੱਲ ਅਤੇ ਐਸ ਐਸ ਵਿਰਕ ਅਤੇ ਸੁਮੇਧ ਸੈਣੀ ਪੰਜਾਬ ਦੀ ਨੌਜ਼ਵਾਨੀ ਦਾ ਘਾਣ ਕਰਨ ਵਿਚ ਲੱਗੇ ਹੋਏ ਸਨ ? ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਨੂੰ ਜਾਪਦਾ ਹੈ ਕਿ ਕਾਂਗਰਸੀਆਂ ਨਾਲ ਜ਼ਬਰ ਹੋ ਰਿਹਾ ਹੈ, ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸ਼ਰਨ ਵਿਚ ਆ ਜਾਣ ਜੋ ਹਮੇਸ਼ਾਂ ਹਰ ਤਰ੍ਹਾਂ ਦੇ ਜ਼ਬਰ, ਹਕੂਮਤਾਂ ਦੀਆਂ ਬੇਇਨਸਾਫੀਆਂ ਅਤੇ ਸਮਾਜਿਕ ਗੈਰ ਇਖ਼ਲਾਕੀ ਅਮਲਾਂ ਵਿਰੁੱਧ ਜੂਝਦਾ ਆ ਰਿਹਾ ਹੈ । ਸ. ਮਾਨ ਨੇ ਕਿਹਾ ਕਿ ਜਿਨ੍ਹਾਂ ਕਾਂਗਰਸੀਆਂ ਉਤੇ ਤਸੱਦਦ ਦੀ ਗੱਲ ਕਰਕੇ ਕੈਪਟਨ ਅਮਰਿੰਦਰ ਸਿੰਘ ਸਿਆਸਤ ਖੇਡ ਰਹੇ ਹਨ, ਇਹ ਤਾਂ ਗੈਰ ਦਲੀਲ ਲੜਾਈ ਸੁਰੂ ਕਰਕੇ ਦੁਬਈ, ਮਾਰਕੰਡਾ, ਅਤੇ ਹੋਰ ਆਨੰਦਮਈ ਸਥਾਨਾਂ ਤੇ ਚੱਲੇ ਜਾਣਗੇ ‘ਤੇ ਤੁਹਾਡੀ ਬਾਂਹ ਪਕੜਨ ਵਾਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਕੋਈ ਨਹੀ ਹੋਵੇਗਾ । ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਵੰਡਣ ਲਈ ਜੋ 500 ਕਰੋੜ ਰੁ: ਆਇਆ ਸੀ ਉਹ ਕਿਥੇ ਗਿਆ ? ਉਨ੍ਹਾਂ ਕਿਹਾ ਕਿ ਪੰਜਾਬੀਆਂ ਨਾਲ ਜ਼ਬਰ ਜੁਲਮ ਦੀ ਗੱਲ ਕਰਨ ਵਾਲੇ ਇਹ ਲੋਕ ਰਾਜਸਥਾਨ, ਯੂਪੀ, ਉਤਰਾਚਲ ਆਦਿ ਸੂਬਿਆ ਵਿਚ ਵੱਡੀਆ-2 ਜ਼ਮੀਨਾਂ ਜਾਇਦਾਦਾਂ ਖ੍ਰੀਦਣ ਤੇ ਲੱਗੇ ਹੋਏ ਹਨ । ਅਜਿਹੇ ਲੋਕ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕਤਈ ਇਨਸਾਫ ਨਹੀ ਦਿਵਾ ਸਕਦੇ । ਇਸ ਲਈ ਸਾਡੀ ਕਾਂਗਰਸ ਜਮਾਤ, ਬਾਦਲ ਦਲੀਆਂ, ਕਾਊਮਨਿਸਟਾਂ ਅਤੇ ਹੋਰ ਕੌਮੀ ਤੇ ਸਟੇਟ ਪੱਧਰ ਦੀਆਂ ਪਾਰਟੀਆ ਵਿਚ ਬੈਠੇ ਉਨ੍ਹਾਂ ਲੋਕਾਂ ਨੂੰ ਅਪੀਲ ਹੈ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਸੁਹਿਰਦ ਹਨ ਅਤੇ ਕਿਸੇ ਵੀ ਕੌਮ, ਧਰਮ ਆਦਿ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਹੋਣ ਦੇ ਵਿਰੁੱਧ ਹਨ, ਉਹ ਮਨੁੱਖੀ ਸੋਚ ਉਤੇ ਇਕੱਤਰ ਹੋਣ ਅਤੇ ਜ਼ਾਲਮ ਹੁਕਮਰਾਨਾਂ, ਜਾਲਮ ਅਫ਼ਸਰਾਂ ਨੂੰ ਰਾਜ ਪ੍ਰਬੰਧ ਤੋ ਚੱਲਦਾ ਕਰਨ ਲਈ ਸਹਿਯੋਗ ਕਰਨ ।