ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਗੋਲਡਨ ਜੁਬਲੀ ਨੂੰ ਸਮਰਪਿਤ ਸਾਹਿਤਕ ਅਤੇ ਕਮੋਲ ਕਲਾਵਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਕਿਹਾ ਹੈ ਕਿ ਸਿੱਖਿਆ, ਖੇਡਾਂ ਅਤੇ ਸਹਿ ਵਿਦਿਅਕ ਸਰਗਰਮੀਆਂ ਬਗੈਰ ਅਧੂਰੀ ਹੈ। ਅੰਦਰੂਨੀ ਖੁਸ਼ੀ ਹਾਸਿਲ ਕਰਨ ਲਈ ਸਾਨੂੰ ਕੋਮਲ ਕਲਾਵਾਂ ਅਤੇ ਸਿਰਜਣਾਤਮਕ ਮੁਕਾਬਲਿਆਂ ਵਿੱਚ ਲਾਜ਼ਮੀ ਭਾਗ ਲੈਣਾ ਚਾਹੀਦਾ ਹੈ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਆਖਿਆ ਕਿ ਗੋਲਡਨ ਜੁਬਲੀ ਸਮਾਰੋਹਾਂ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਸ਼ੁਭ ਸ਼ਗਨ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਹ ਰਵਾਇਤ ਹੋਰ ਅੱਗੇ ਵਧਾਈ ਜਾਵੇਗੀ। ਉਨ੍ਹਾਂ ਆਖਿਆ ਕਿ ਅਸਲ ਇਨਾਮ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਹੀ ਹੁੰਦਾ ਹੈ ਕਿਉਂਕਿ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਪੈਦਾ ਹੋਣ ਵਾਲਾ ਆਤਮ ਵਿਸ਼ਵਾਸ ਉਨ੍ਹਾਂ ਨੂੰ ਸਾਰੀ ਉਮਰ ਕੰਮ ਦੇਵੇਗਾ। ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਅਤੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਤੋਂ ਇਲਾਵਾ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਮੁਕਾਬਲੇ ਵਿੱਚ ਹੀ 75 ਵਿਦਿਆਰਥੀਆਂ ਨੇ ਹਿੱਸਾ ਲਿਆ।
ਵਾਦ ਵਿਵਾਦ ਮੁਕਾਬਲੇ ਵਿੱਚ ਕਰਮਿੰਦਰਵੀਰ ਕੌਰ, ਗੁਰਸੇਵਕ ਸਿੰਘ ਅਤੇ ਸ਼ਿਖਾ ਨੂੰ ਮਤੇ ਦੇ ਹੱਕ ਵਿੱਚ ਬੋਲਣ ਲਈ ਪਹਿਲਾ ਇਨਾਮ ਜਦ ਕਿ ਸ਼ਾਲਿਨੀ ਅਗਨੀਹੋਤਰੀ, ਸੁਭਾਸ਼ ਅਤੇ ਗੁਰਲੀਨ ਕੌਰ ਨੂੰ ਮਤੇ ਦੇ ਖਿਲਾਫ ਬੋਲਣ ਲਈ ਪਹਿਲਾ ਇਨਾਮ ਦਿੱਤਾ ਗਿਆ। ਕਰਮਿੰਦਰਵੀਰ ਕੌਰ ਅਤੇ ਸ਼ਾਲਿਨੀ ਅਗਨੀਹੋਤਰੀ ਨੂੰ ਸਰਵੋਤਮ ਡੀਬੇਟਰ ਐਲਨਿਆ ਗਿਆ। ਗੁਰਲੀਨ ਕੌਰ, ਸੁਭਾਸ਼ ਅਤੇ ਜਗਦੀਪ ਸਿੰਘ ਨੂੰ ਭਾਸ਼ਣ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਮਿਲਿਆ। ਪ੍ਰਸ਼ਨੋਤਰੀ ਵਿੱਚ ਬੇਸਿਕ ਸਾਇੰਸਜ਼ ਕਾਲਜ ਨੂੰ ਪਹਿਲਾ ਇਨਾਮ ਮਿਲਿਆ ਜਦ ਕਿ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨੂੰ ਦੂਜਾ ਅਤੇ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਨੂੰ ਤੀਜਾ ਇਨਾਮ ਮਿਲਿਆ। ਖੇਤੀਬਾੜੀ ਕਾਲਜ ਦੇ ਤਿੰਨ ਵਿਦਿਆਰਥੀਆਂ ਸ਼ਰਨਜੀਤ ਕੌਰ, ਸਿਮਰਨਜੀਤ ਕੌਰ ਅਤੇ ਜਤਿੰਦਰ ਸਿੰਘ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪੰਜਾਬੀ ਵਿੱਚ ਲੇਖ ਲਿਖਣ ਲਈ ਮਿਲਿਆ ਜਦ ਕਿ ਰੁਚਿਕਾ ਗਰਗ, ਨਿਲੇਸ਼ ਮੀਨਾ ਅਤੇ ਕੋਮਲ ਨੂੰ ਹਿੰਦੀ ਵਿੱਚ ਲੇਖ ਲਿਖਣ ਲਈ ਪਹਿਲਾ, ਦੂਜਾ ਅਤੇ ਤੀਜਾ ਇਨਾਮ ਮਿਲਿਆ। ਅਸ਼ਵਨਦੀਪ ਕੌਰ, ਕੁੰਦਨ ਕੁਮਾਰ ਝਾਅ ਅਤੇ ਲਵਪ੍ਰੀਤ ਨੇ ਇਹੀ ਮੁਕਾਬਲਾ ਅੰਗਰੇਜ਼ੀ ਵਿੱਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਹਾਸਿਲ ਕਰਕੇ ਜਿਤਿਆ। ਪੋਸਟਰ ਬਣਾਉਣ ਵਿੱਚ ਆਤਮਾ ਸਿੰਘ ਪਹਿਲੇ, ਅਨਮੋਲ ਦੂਸਰੇ ਅਤੇ ਕਿਰਪਾ ਸੇਠ ਨੂੰ ਤੀਜਾ ਇਨਾਮ ਮਿਲਿਆ। ਫੋਟੋਗ੍ਰਾਫੀ ਮੁਕਾਬਲੇ ਵਿੱਚ ਰਤਨਦੀਪ ਸਿੰਘ, ਦਿਵਿਆ ਅਤੇ ਰੋਹਿਤ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਮਿਲਿਆ। ਕਾਰਟੂਨ ਮੁਕਾਬਲੇ ਵਿੱਚ ਸੁਭਾਸ਼, ਆਤਮਾ ਸਿੰਘ ਅਤੇ ਕੁਸ਼ਪ੍ਰੀਤ ਸਿੰਘ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਮਿਲਿਆ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਗੋਲਡਨ ਜੁਬਲੀ ਲੋਗੋ ਡਿਜ਼ਾਈਨ ਕਰਨ ਲਈ ਕਰਵਾਏ ਮੁਕਾਬਲੇ ਵਿੱਚ ਅਨਮੋਲ ਤੂਰ, ਮਹੇਸ਼ ਕੁਮਾਰ ਅਤੇ ਨੇਹਾ ਰਾਣੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਪੋਸਟਰ ਮੁਕਾਬਲੇ ਵਿੱਚ ਅਨਮੋਲ ਤੂਰ, ਕਿਰਪਾ ਸੇਠ ਅਤੇ ਨਿਸ਼ੀ ਨੂੰ ਪਹਿਲਾ, ਦੂਸਰਾ ਅਤੇ ਤੀਸਰਾ ਇਨਾਮ ਮਿਲਿਆ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵੱਲੋਂ ਡਾ: ਪੀ ਐਨ ਦਿਵੇਦੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਡਾ: ਨਿਰਮਲ ਜੌੜਾ ਨੇ ਇਨਾਮ ਜੇਤੂ ਵਿਦਿਆਰਥੀਆਂ, ਅਧਿਕਾਰੀਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।