ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨਜ਼ਦੀਕ ਇੱਕ ਯਾਤਰੀ ਹਵਾਈ ਜਹਾਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਭੋਜਾ ਏਅਰਲਾਈਨਜ਼ ਦਾ ਇਹ ਬੋਇੰਗ 737 ਜਹਾਜ਼ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਹੀ ਮੌਸਮ ਦੀ ਖਰਾਬੀ ਕਾਰਣ ਇਸ ਜਹਾਜ਼ ਨਾਲ ਅਚਾਨਕ ਹਾਦਸਾ ਵਾਪਰ ਗਿਆ ਅਤੇ ਉਹ ਰਿਹਾਇਸ਼ੀ ਇਲਾਕੇ ਵਿੱਚ ਡਿੱਗ ਪਿਆ। ਇਸ ਜਹਾਜ਼ ਵਿੱਚ 127 ਲੋਕ ਸਵਾਰ ਸਨ।
ਭੋਜਾ ਏਅਰਲਾਈਨਜ਼ ਦਾ ਇਹ ਜਹਾਜ਼ ਕਰਾਚੀ ਤੋਂ ਇਸਲਾਮਾਬਾਦ ਜਾ ਰਿਹਾ ਸੀ। ਖਰਾਬ ਮੌਸਮ ਕਾਰਣ ਇਹ ਜਹਾਜ਼ ਰਾਵਲਪਿੰਡੀ ਦੇ ਚਕਲਾਲਾ ਦੇ ਕੋਲ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਸਥਾਨਕ ਸਮੇਂ ਅਨੁਸਾਰ ਸ਼ਾਮ ਪੰਜ ਵਜੇ ਕਰਾਚੀ ਤੋਂ ਉਡਿਆ ਸੀ ਅਤੇ ਸ਼ਾਮ ਦੇ 6 ਵਜ ਕੇ 50 ਮਿੰਟ ਤੇ ਇਸਲਾਮਾਬਾਦ ਪਹੁੰਚਣਾ ਸੀ। ਇਸ ਵਿੱਚ 118 ਯਾਤਰੀ ਅਤੇ 9 ਚਾਲਕ ਦਲ ਦੇ ਮੈਂਬਰ ਸਵਾਰ ਸਨ। ਤਤਕਾਲ ਹੀ ਮਦਦ ਲਈ ਸੁਰੱਖਿਆ ਦਸਤੇ ਪਹੁੰਚ ਗਏ ਹਨ। ਭਾਰੀ ਵਰਖਾ ਦੇ ਕਾਰਣ ਰਾਹਤ ਕਾਰਜਾਂ ਵਿੱਚ ਮੁਸ਼ਕਿਲ ਆ ਰਹੀ ਹੈ। ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਸਾਰੇ ਹਸਪਤਾਲਾਂ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।