ਫਤਹਿਗੜ੍ਹ ਸਾਹਿਬ – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਖੇ ਹੋਏ 732 ਬੋਇੰਗ ਹਵਾਈ ਜ਼ਹਾਜ ਹਾਦਸਾ ਹੋਣ ਅਤੇ 127 ਦੇ ਕਰੀਬ ਉਸ ਜ਼ਹਾਜ ਵਿਚ ਸਵਾਰ ਯਾਤਰੀ ਅਤੇ ਅਮਲੇ ਦੇ ਮੈਬਰਾਂ ਦੇ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਅਤੇ ਹਮਦਰਦੀ ਪ੍ਰਗਟ ਕਰਦੇ ਹੋਏ ਪਾਕਿਸਤਾਨ ਹਕੂਮਤ ਤੋ ਇਸ ਹੋਏ ਹਾਦਸੇ ਦੀ ਨਿਰਪੱਖ ਜਾਂਚ ਹੋਣ ਦੀ ਵੀ ਮੰਗ ਕੀਤੀ ਹੈ ਤਾਂ ਕਿ ਜੇਕਰ ਇਸ ਪਿਛੇ ਕੋਈ ਸਾਜਿ਼ਸ ਹੋਈ ਤਾਂ ਸਾਜਿਸਕਾਰੀ ਸਾਹਮਣੇ ਆ ਸਕਣ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜ਼ਾਂ ਮਿਲ ਸਕੇ । ਉਨ੍ਹਾਂ ਕਿਹਾ ਕਿ ਜਨਾਬ ਜਿਆ ਉੱਲ ਹੱਕ ਦੀ ਹਕੂਮਤ ਸਮੇ ਪਾਕਿਸਤਾਨ ਵਿਚ ਇਕ ਉਸ ਜ਼ਹਾਜ ਵਿਚ ਬੰਬ ਵਿਸਫੋਟ ਕਰ ਦਿੱਤਾ ਗਿਆ ਸੀ ਜਿਸ ਵਿਚ ਸ੍ਰੀ ਜਿਆ ਉੱਲ ਹੱਕ ਆਪ ਵੀ ਸਨ । ਜਦੋ ਕਿ ਏਜੰਸੀਆਂ ਦਾ ਨਿਸ਼ਾਨਾਂ ਤਾ ਕੇਵਲ ਸ੍ਰੀ ਜਿਆ ਉੱਲ ਹੱਕ ਸਨ । ਲੇਕਿਨ ਵੱਡੀ ਗਿਣਤੀ ਵਿਚ ਯਾਤਰੂਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰ ਦਿੱਤਾ ਗਿਆ ਸੀ । ਇਸ ਲਈ ਇਸ ਹਾਦਸੇ ਦੀ ਅਸਲ ਸਚਾਈ ਜਰੂਰ ਸਾਹਮਣੇ ਆਉਣੀ ਚਾਹੀਦੀ ਹੈ ।
ਸ.ਮਾਨ ਨੇ ਸਮਾਜ ਸੇਵੀ ਸ੍ਰੀ ਅੰਨਾ ਹਜ਼ਾਰਾਂ ਅਤੇ ਬਾਬਾ ਰਾਮਦੇਵ ਵੱਲੋ ਸਾਂਝੇ ਤੌਰਤੇ ਇਕ ਮਈ ਤੋ ਰਿਸ਼ਵਤਖੌਰੀ ਵਿਰੁੱਧ ਅੰਦੋਲਨ ਅਰੰਭਣ ਉਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਸਮਾਜ ਸੇਵੀਆਂ ਦਾ ਮਨੁੱਖਤਾ ਪੱਖੀ ਮਿਸ਼ਨ ਘੱਟ ਹੈ ਲੇਕਿਨ ਇਸ ਆੜ ਵਿਚ ਇਹ ਲੋਕ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਆਉਣ ਵਾਲੀਆ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਹਰਾਉਣਾ ਚਾਹੁੰਦੇ ਹਨ ਅਤੇ ਫਿਰਕੂ ਮੁਤੱਸਵੀ ਜਮਾਤ ਬੀਜੇਪੀ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸਿਆਸਤ ਵਿਚ ਅੱਗੇ ਲਿਆਉਣ ਲਈ ਤਰਲੋਮੱਛੀ ਹੋ ਰਹੇ ਹਨ । ਉਨ੍ਹਾਂ ਕਿਹਾ ਜੇਕਰ ਇਹਨਾਂ ਦੋਵਾ ਸਮਾਜ ਸੇਵੀਆ ਦਾ ਮਕਸਦ ਸਮਾਜ ਵਿਚ ਅੱਛੀਆ ਪਿਰਤਾ ਪਾਉਣ ਅਤੇ ਸਮਾਜ ਨੂੰ ਰਿਸ਼ਵਤ, ਮਿਲਾਵਟ ਤੋ ਰਹਿਤ ਅਤੇ ਹੋਰ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਕਾਰਵਾਈਆਂ ਨੂੰ ਖ਼ਤਮ ਕਰਕੇ ਇਥੋ ਦੇ ਬਸਿੰਦਿਆਂ ਨੂੰ ਇਨਸਾਫ ਦਿਵਾਉਣ ਦਾ ਹੈ ਤਾਂ ਇਹ ਸਿਆਸੀ ਪਾਰਟੀਆਂ ਦੀ ਮੁਲੀਨ ਖੇਡ ਤੋ ਉਪਰ ਉਠਕੇ ਮਨੁੱਖਤਾ ਪੱਖੀ ਅਤੇ ਸਮਾਜ ਪੱਖੀ ਉੱਦਮ ਕਿਉ ਨਹੀ ਕਰਦੇ ? ਇਨ੍ਹਾਂ ਦੇ ਅੰਦੋਲਨ ਦਾ ਮਨੁੱਖਤਾ ਪੱਖੀ ਨਾ ਹੋਕੇ ਸਿਆਸੀ ਹਿੱਤਾ ਤੋ ਪ੍ਰੇਰਿਤ ਹੈ, ਇਸ ਲਈ ਹੀ ਇਹ ਦੋਵੇ ਸਮਾਜ ਸੇਵੀ ਹਿੰਦ ਨਿਵਾਸੀਆਂ ਅਤੇ ਇਥੋ ਦੇ ਵੱਖ-ਵੱਖ ਕੌਮਾਂ ਅਤੇ ਧਰਮਾਂ ਦੇ ਲੋਕ ਲੋਕਾ ਦੇ ਮਨਾ ਅਤੇ ਆਤਮਾਂ ਜਿੱਤਣ ਵਿਚ ਅਸ਼ਫਲ ਸਾਬਿਤ ਹੋਏ ਹਨ । ਆਉਣ ਵਾਲੇ ਸੰਘਰਸ਼ ਵਿਚ ਇਹ ਦੋਵੇ ਆਗੂ ਕੀ ਭੂਮਿਕਾਂ ਨਿਭਾਉਦੇ ਹਨ, ਉਸ ਤੋ ਪ੍ਰਤੱਖ ਹੋਵੇਗਾ ਕਿ ਇਹ ਆਗੂ ਕੌਮ ਦੀ ਬਹਿਤਰੀ ਚਾਹੁੰਦੇ ਹਨ ਜਾਂ ਮਿੱਠੇ ਜ਼ਹਿਰ ਦੀ ਤਹਿ ਵਿਚ ਲਪੇਟ ਕੇ ਸਮਾਜ ਨੂੰ ਜ਼ਹਿਰ ਦੇਣਾ ਚਾਹੁੰਦੇ ਹਨ ?