ਚੰਡੀਗੜ੍ਹ – ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕੀਤੀ ਇਹ ਅਪੀਲ “ਕਿ ਕਾਂਗਰਸ ਅਤੇ ਬੀ.ਜੇ.ਪੀ ਵਰਗੀਆਂ ਫਿਰਕੂ ਪਾਰਟੀਆਂ ਨਾਲ ਸਿੱਖ ਕੌਮ ਕੋਈ ਸੰਬੰਧ ਨਾ ਰੱਖੇ, ਬਾਰੇ ਹੁਕਮਨਾਮਾ ਜਾਰੀ ਕਰਨ” ਨਾਲ ਪੂਰੀ ਤਰ੍ਹਾਂ ਸਹਿਮਤੀ ਪਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਰਾਜੋਆਣਾ ਵਲੋਂ ਕੀਤੀ ਗਈ ਇਹ ਅਪੀਲ ਬਿਲਕੁਲ ਸਹੀ ਅਤੇ ਵਾਜਿਬ ਹੈ। ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਵਲੋਂ ਲੱਗਭੱਗ ਦੋ ਦਹਾਕਿਆਂ ਤੋਂ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕਾਂਗਰਸ, ਜਿਸਨੇ ਅਪਰੇਸ਼ਨ ਬਲਿਊ ਸਟਾਰ ਰਾਹੀਂ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਅਤੇ ਬੀ.ਜੇ.ਪੀ ਦੇ ਵੱਡੇ-2 ਆਗੂਆਂ ਲਾਲ ਕਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਵਰਗਿਆਂ ਨੇ ਕਾਂਗਰਸ ਸੁਪਰੀਮੋ ਇੰਦਰਾ ਗਾਂਧੀ ਨੂੰ ਅਜਿਹਾ ਕਰਨ ਬਦਲੇ ਹੱਲਾਸ਼ੇਰੀ ਦਿੱਤੀ ਅਤੇ ਉਸਨੂੰ ਦੁਰਗਾ ਮਾਤਾ ਦੇ ਖਿਤਾਬ ਦੇ ਕੇ ਵੀ ਨਿਵਾਜਿਆ, ਇਸ ਲਈ ਇਨ੍ਹਾਂ ਦੋਵੇਂ ਫਿਰਕੂ ਅਤੇ ਮੁਤੱਸਵੀ ਪਾਰਟੀਆਂ ਨਾਲ ਸਿੱਖ ਕੌਮ ਕਿਸੇ ਵੀ ਤਰ੍ਹਾਂ ਦਾ ਕੋਈ ਸਰੋਕਾਰ ਨਾ ਰੱਖੇ। ਸ. ਮਾਨ ਨੇ ਕਿਹਾ ਕਿ ਭਾਈ ਰਾਜੋਆਣਾ ਵਲੋਂ ਕੀਤੀ ਇਸ ਅਪੀਲ ਉਤੇ ਜਥੇਦਾਰ ਸਾਹਿਬਾਨ ਜਲਦੀ ਗੌਰ ਕਰਦਿਆਂ ਸਿੱਖ ਕੌਮ ਦੇ ਨਾਮ ਹੁਕਮਨਾਮਾ ਜਾਰੀ ਕਰਨ, ਕਿਉਂਕਿ ਇਹ ਦੋਵੇਂ ਹੀ ਪਾਰਟੀਆਂ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਿਚ ਬਰਾਬਰ ਦੀਆਂ ਜਿੰਮੇਵਾਰ ਹਨ।
ਸ. ਮਾਨ ਨੇ ਅੱਗੇ ਕਿਹਾ ਕਿ 29 ਮਾਰਚ ਨੂੰ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਤੱਤਪਰ ਹੈ। ਇਸੇ ਕਰਕੇ ਹੀ ਭਾਈ ਜਸਪਾਲ ਸਿੰਘ ਦੇ ਪਰਿਵਾਰ ਉਤੇ ਸਰਕਾਰ ਦੇ ਵਿਚੋਲੇ ਕੋਈ ਵੀ ਕਾਰਵਾਈ ਨਾ ਕਰਾਉਣ ਲਈ ਦਬਾ ਪਾ ਰਹੇ ਹਨ। ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਭਾਈ ਜਸਪਾਲ ਸਿੰਘ ਦੇ ਭੋਗ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਸਿੱਖ ਕੌਮ ਨੂੰ ਇਹ ਵਿਸ਼ਵਾਸ਼ ਦਿਵਾਇਆ ਸੀ ਕਿ ਭਾਈ ਜਸਪਾਲ ਸਿੰਘ ਕਾਤਲਾਂ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਸਰਕਾਰ ਉਤੇ ਜ਼ੋਰ ਪਾਉਣਗੇ ਅਤੇ ਉਨ੍ਹਾਂ ਇਹ ਵੀ ਵਾਅਦਾ ਕੀਤਾ ਸੀ ਕਿ ਭਾਈ ਜਸਪਾਲ ਸਿੰਘ ਦੇ ਪਰਿਵਾਰ ਦਾ ਹਰ ਮੁਸ਼ਕਿਲ ਵਿਚ ਸਾਥ ਦੇਣਗੇ। ਪਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖ ਕੌਮ ਨਾਲ ਵਾਅਦਾ ਖਿਲਾਫੀ ਕਰਦਿਆਂ ਭਾਈ ਜਸਪਾਲ ਸਿੰਘ ਦੇ ਮਸਲੇ ਤੇ ਚੁੱਪ ਵੱਟ ਲਈ ਗਈ ਹੈ। ਸ. ਮਾਨ ਨੇ ਅੱਗੇ ਕਿਹਾ ਕਿ ਸਿੰਘ ਸਾਹਿਬਾਨ ਵਲੋਂ ਮੂਕ ਦਰਸ਼ਕ ਬਣਨਾ ਸਿੱਖ ਕੌਮ ਲਈ ਨੁਕਸਾਨਦਾਇਕ ਹੈ, ਕਿਉਂਕਿ ਸਿੱਖ ਕੌਮ ਨੇ ਸਿੰਘ ਸਾਹਿਬ ਉਤੇ ਭਰੋਸਾ ਕੀਤਾ ਸੀ, ਹੁਣ ਸਿੰਘ ਸਾਹਿਬ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਕੀਤੇ ਹੋਏ ਵਾਅਦੇ ਨੂੰ ਨਿਭਾਉਂਦਿਆਂ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਿੱਖ ਕੌਮ ਦੇ ਸਾਹਮਣੇ ਲਿਆਉਣ ਲਈ ਨਿਡਰ ਅਤੇ ਬੇਖੌਫ ਹੋ ਕੇ ਆਵਾਜ਼ ਬੁਲੰਦ ਕਰਨ।