ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਰਾਜਪਾਲ ਰਾਜ ਲਾਗੂ ਕਰਨ ਅਤੇ ਸ਼ਰੀਫ ਭਰਾਵਾਂ ਦੇ ਚੋਣ ਲੜਨ ਤੇ ਰੋਕ ਲਗਾਉਣ ਦੇ ਫੈਸਲੇ ਦੇ ਵਿਰੋਧ ਵਿਚ ਨਵਾਜ ਸ਼ਰੀਫ ਦੇ ਹਿਮੈਤੀਆਂ ਵਲੋਂ ਵਿਰੋਧ ਤੇਜ਼ ਕਰ ਦਿਤਾ ਗਿਆ ਹੈ। ਰਾਜ ਵਿਚ ਹਾਲਾਤ ਖਰਾਬ ਹੁੰਦੇ ਵੇਖਕੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਨਵੀਂ ਚਾਲ ਚਲੀ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਸੁਰੀਕੋਰਟ ਦੇ ਫੈਸਲੇ ਨੂੰ ਅਫਸੋਸਜਨਕ ਦਸਦੇ ਹੋਏ ਸ਼ਰੀ ਭਾਰਾਵਾਂ ਨਾਲ ਮੇਲ ਮਿਲਾਪ ਕਰਨ ਦੀ ਗੱਲ ਕੀਤੀ ਹੈ।
ਪਾਕਿਸਤਾਨੀ ਸਰਕਾਰ ਪਹਿਲਾਂ ਹੀ ਦੇਸ਼ ਵਿਚ ਅਤਵਾਦ ਨਾਲ ਜੂਝ ਰਹੀ ਹੈ।ਹੁਣ ਮੁਸਿਲਮ ਲੀਗ- ਨਵਾਜ ਦੇ ਵਰਕਰਾਂ ਵਲੋਂ ਕੀਤੇ ਜਾ ਰਹੇ ਰਾਜਨੀਤਕ ਰੋਸ ਮੁਜਾਹਰਿਆਂ ਨੇ ਕਨੂੰਨ ਅਵਸਥਾ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿਤੀ ਹੈ। ਵਿਗੜ ਰਹੀ ਸਥਿਤੀ ਨੂੰ ਵੇਖਦੇ ਹੋਏ ਪ੍ਰਧਾਨਮੰਤਰੀ ਗਿਲਾਨੀ ਨੇ ਸ਼ਰੀਫ ਨਾਲ ਦੋਸਤੀ ਕਰਨ ਦਾ ਪਤਾ ਖੇਡਿਆ ਹੈ। ਯੂਸਫ ਰਜਾ ਗਿਲਾਨੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਸਮਝੌਤਾ ਚਾਹੁੰਦੇ ਹਾਂ ਤੇ ਉਸ ਦਿਸ਼ਾ ਵਲ ਅੱਗੇ ਵਧ ਰਹੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਅਦਾਲਤ ਦੇ ਫੈਸਲੇ ਤੇ ਅਫਸੋਸ ਹੈ ਕਿਉਂਕਿ ਇਸਦਾ ਫਾਇਦਾ ਅਲੋਕਤਾਂਤਰਿਕ ਤੱਤ ਉਠਾ ਸਕਦੇ ਹਨ।
ਪਾਕਿਸਤਾਨ ਵਿਚ ਅਦਾਲਤ ਵਲੋਂ ਸ਼ਰੀਫ ਭਰਾਵਾਂ ਦੇ ਚੋਣ ਲੜਨ ਤੇ ਲਗੀ ਰੋਕ ਨੂੰ ਬਹਾਲ ਰੱਖਣ ਦਾ ਫੈਸਲਾ ਸੁਣਾਇਆ ਸੀ। ਇਸ ਫੈਸਲੇ ਅਨੁਸਾਰ ਨਵਾਜ ਸ਼ਰੀਫ ਅਤੇ ਉਸਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਭਰਾ ਸ਼ਾਹਬਾਜ ਸ਼ਰੀਫ ਦੀ ਚੋਣ ਰਦ ਕਰ ਦਿਤੀ ਸੀ ਤੇ ਅਗਾਂਹ ਚੋਣ ਲੜਨ ਤੇ ਵੀ ਪਬੰਦੀ ਲਗਾ ਦਿਤੀ ਸੀ। ਇਸ ਤੌਂ ਤੁਰੰਤ ਬਾਅਦ ਰਾਸ਼ਟਰਪਤੀ ਜਰਦਾਰੀ ਨੇ ਪੰਜਾਬ ਰਾਜ ਵਿਚ ਗਵਰਨਰੀ ਰਾਜ ਲਾਗੂ ਕਰ ਦਿਤਾ ਸੀ। ਇਸਦਾ ਦੇਸ਼ ਵਿਚ ਭਾਰੀ ਵਿਰੋਧ ਹੋ ਰਿਹਾ ਹੈ।
ਰਾਸ਼ਟਰਪਤੀ ਗਿਲਾਨੀ ਦੇ ਸ਼ਰੀਫ ਨਾਲ ਸਮਝੌਤੇ ਬਾਰੇ ਬਿਆਨ ਦੇ ਪਾਕਿਸਤਾਨੀ ਮੀਡੀਆ ਵਿਚ ਕਈ ਕਿਆਸ ਲਗਾਏ ਜਾ ਰਹੇ ਹਨ। ਰਾਸ਼ਟਰਪਤੀ ਜਰਦਾਰੀ ਅਤੇ ਪ੍ਰਧਾਨਮੰਤਰੀ ਗਿਲਾਨੀ ਵਿਚਕਾਰ ਮੱਤਭੇਦ ਹੋਣ ਦੇ ਵੀ ਚਰਚੇ ਹੋ ਰਹੇ ਹਨ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਨਵਾਜ ਸ਼ਰੀਫ ਨੇ ਵੀ ਇਸ ਵਿਚ ਜਰਦਾਰੀ ਦਾ ਹੱਥ ਹੋਣ ਦੀ ਗੱਲ ਕੀਤੀ ਸੀ ਅਤੇ ਉਸਨੂੰ ਕਾਫੀ ਮੰਦਾ-ਚੰਗਾ ਬੋਲਿਆ ਸੀ।
ਪਾਕਿਸਤਾਨ ਵਿਚ ਸੁਰੀਮ ਕੋਰਟ ਦੇ ਇਸ ਫੈਸਲੇ ਦਾ ਸੱਭ ਤੋਂ ਜਿਆਦਾ ਵਿਰੋਧ ਪੰਜਾਬ ਦੀ ਰਾਜਧਾਨੀ ਲਹੌਰ ਵਿਚ ਹੋ ਰਿਹਾ ਹੈ। ਵਿਧਾਇਕਾਂ ਨੇ ਵੀ ਰੋਸ ਮੁਜਾਹਿਰੇ ਕੀਤੇ। ਉਨ੍ਹਾਂ ਨਾਲ ਪੀਐਮਐਲ-ਐਨ ਦੇ ਵਰਕਰਾਂ ਨੇ ਵੀ ਕਾਫੀ ਗਿਣਤੀ ਵਿਚ ਉਨ੍ਹਾਂ ਦਾ ਸਾਥ ਦਿਤਾ। ਵਿਧਾਇਕ ਸ਼ਾਹਬਾਜ਼ ਸਰਕਾਰ ਨੂੰ ਭੰਗ ਕਰਨ ਦੇ ਬਾਵਜੂਦ ਸਦਨ ਦੀ ਬੈਠਕ ਕਰਨਾ ਚਾਹੁੰਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਪੁਲਿਸ ਬਲ ਨਾਲ ਉਨ੍ਹਾਂ ਦੀਆਂ ਤਿਖੀਆਂ ਝੜਪਾਂ ਹੋਈਆਂ। ਪੁਲਿਸ ਉਨ੍ਹਾਂ ਨੂੰ ਗੱਡੀਆਂ ਵਿਚ ਬੈਠਾ ਕੇ ਲੈ ਗਈ। ਇਸ ਦਰਮਿਆਨ ਪੀਐਮਐਲ- ਐਨ ਦੇ ਸੈਂਕੜੇ ਵਰਕਰ ਬੈਰੀਕੇਡ ਤੋੜ ਕੇ ਵਿਧਾਨ ਸਭਾ ਭਵਨ ਦੇ ਅਹਾਤੇ ਵਿਚ ਦਾਖਿਲ ਹੋ ਗਏ। ਰਾਵਲਪਿੰਡੀ ਅਤੇ ਹੋਰ ਸ਼ਹਿਰਾਂ ਵਿਚ ਵੀ ਥਾਂ-ਥਾਂ ਤੇ ਪੀਐਮਐਲ-ਐਨ ਦੇ ਵਰਕਰਾਂ ਨੇ ਵਿਰੋਧ ਪਰਦਰਸ਼ਨ ਕੀਤੇ। ਵਿਖਾਵਾਕਾਰੀਆਂ ਨੇ ਸੜਕਾਂ ਤੇ ਜਗ੍ਹਾ- ਜਗ੍ਹਾ ਤੇ ਟਾਇਰਾਂ ਨੂੰ ਅੱਗ ਲਗਾ ਕੇ ਸੁਟਿਆ ਅਤੇ ਤੋੜਫੋੜ ਵੀ ਕੀਤੀ ਜਿਸ ਨਾਲ ਆਵਜਾਈ ਠੱਪ ਰਹੀ। ਹਿੰਸਾ ਕਰਕੇ ਸਕੂਲ ਕਾਲਿਜ ਦੁਕਾਨਾਂ ਅਤੇ ਵਪਾਰਿਕ ਅਦਾਰੇ ਬੰਦ ਰਹੇ। ਰੋਸ ਮੁਜਾਹਿਰੇ ਅਜੇ ਰੁਕ ਨਹੀਂ ਰਹੇ।