ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਅੱਜ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਬੰਗਲੌਰ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇ ਕੀਤਾ। ਅੱਠ ਮੈਂਬਰੀ ਇਸ ਵਫਦ ਵਿੱਚ ਸ਼੍ਰੀ ਡੀ ਵੀ ਰਾਮੇਸ਼, ਸ਼੍ਰੀਮਤੀ ਨਫੀਜ਼ ਫਾਤਿਮਾ, ਡਾ: ਆਰ ਪ੍ਰਸੰਨਾ ਕੁਮਾਰ, ਸ਼੍ਰੀ ਕੇ ਬਸਵਾ ਕੁਮਾਰ, ਸ਼੍ਰੀ ਕੇ ਨਾਗਾਰਾਜਾ, ਸ਼੍ਰੀ ਐਚ ਸਵੱਪਾ, ਸ਼੍ਰੀ ਵੀ ਸੀ ਅਰਵਿੰਦ ਸ਼ਾਮਿਲ ਸਨ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਡਾ: ਪੀ ਕੇ ਖੰਨਾ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ, ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ, ਬੇਸਿਕ ਸਾਇੰਸਜ਼ ਕਾਲਜ ਅਤੇ ਹਿਊਮੈਨੇਟੀਜ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨਾਲ ਮੁਲਾਕਾਤ ਕੀਤੀ।
ਵਾਈਸ ਚਾਂਸਲਰ ਕਮੇਟੀ ਰੂਮ ਵਿੱਚ ਆਯੋਜਿਤ ਇਸ ਵਿਚਾਰ ਚਰਚਾ ਮੌਕੇ ਡਾ: ਮਹੇ ਨੇ ਯੂਨੀਵਰਸਿਟੀ ਬਾਰੇ ਵਿਸਥਾਰ ਵਿੱਚ ਵਫਦ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਖੋਜ ਅਤੇ ਤਕਨਾਲੋਜੀ ਦੇ ਪਸਾਰੇ ਲਈ ਕਈ ਅਹਿਮ ਉੱਦਮ ਕੀਤੇ ਜਾ ਰਹੇ ਹਨ ਤਾਂ ਕਿ ਖੇਤੀ ਨੂੰ ਚਿਰਸਥਾਈ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਵੱਲੋਂ 263 ਦੇ ਕਰੀਬ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਸਕੀਮਾਂ ਰਾਹੀਂ ਖੋਜ ਕੀਤੀ ਜਾਂਦੀ ਹੈ ਜਿਸ ਲਈ 63 ਪ੍ਰਤੀਸ਼ਤ ਬਜਟ ਖਰਚਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭੋਜਨ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਵਿੱਖ ਵਿੱਚ ਬਾਇਓ ਟੈਕਨਾਲੋਜੀ, ਨੈਨੋ ਟੈਕਨਾਲੋਜੀ ਅਤੇ ਸੰਚਾਰ ਵਿਧੀਆਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਵਫਦ ਦੇ ਨੁਮਾਇੰਦੇ ਸ਼੍ਰੀਮਤੀ ਫਾਤਿਮਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਦੇਸ਼ ਨੂੰ ਭੁੱਖਮਰੀ ਵਿਚੋਂ ਕੱਢਣ ਲਈ ਅਹਿਮ ਯੋਗਦਾਨ ਪਾਇਆ ਹੈ। ਇਸ ਯੂਨੀਵਰਸਿਟੀ ਦੇ ਖੋਜ ਕਾਰਜਾਂ ਕਰਕੇ ਹੀ ਦੇਸ਼ ਅਨਾਜ ਪੱਖੋਂ ਆਤਮ ਨਿਰਭਰ ਹੋ ਸਕਿਆ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਗਿੱਲ ਨੇ ਵਫਦ ਦੇ ਮੈਂਬਰਾਂ ਨਾਲ ਕਣਕ-ਝੋਨੇ ਦੇ ਫਸਲੀ ਚੱਕਰ, ਖੇਤੀ ਵਿਭਿੰਨਤਾ ਅਤੇ ਲਾਗਤ ਮੁੱਲ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਰਮਾ-ਕਪਾਹ, ਸਬਜ਼ੀਆਂ, ਫ਼ਲ, ਗੰਨਾ ਆਦਿ ਫ਼ਸਲਾਂ ਖੇਤੀ ਵਿੱਚ ਵੰਨ ਸੁਵੰਨਤਾ ਲਈ ਮਹੱਤਵਪੂਰਨ ਹਨ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਕਮਾਦ ਦੀ ਕਾਸ਼ਤ, ਜੈਵਿਕ ਖੇਤੀ, ਮਸ਼ੀਨੀਕਰਨ, ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਸਬੰਧੀ ਖੁੱਲ ਕੇ ਚਰਚਾ ਕੀਤੀ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਵਫਦ ਨੂੰ ਗੋਲਡਨ ਜੁਬਲੀ ਵਰ੍ਹੇ ਦੌਰਾਨ ਉਲੀਕੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਵਫਦ ਨਾਲ ਸਾਂਝੀ ਕੀਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਕਿਸਾਨਾਂ ਤਕ ਤਕਨਾਲੋਜੀ ਦੇ ਪਸਾਰੇ ਲਈ ਵਰਤੋਂ ਵਿੱਚ ਲਿਆਂਦੇ ਜਾ ਰਹੇ ਸੰਚਾਰ ਦੇ ਢੰਗ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਵਫਦ ਦੇ ਮੈਂਬਰਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਾਰੇ ਜਾਣਕਾਰੀ ਕਿਤਾਬਚੇ ਭੇਂਟ ਕੀਤੇ ਗਏ।