ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਰੇਲ ਮੰਤਰੀ ਤੋਂ ਇਹ ਮੰਗ ਕੀਤੀ ਹੈ ਕਿ ਅੰਮ੍ਰਿਤਸਰ, ਅੰਬਾਲਾ ਅਤੇ ਬਰੇਲੀ ਤੋਂ ਤਿੰਨ ਗੱਡੀਆਂ ਬਿਦਰ ਲਈ ਸਪੈਸ਼ਲ ਚਲਾਈਆਂ ਜਾਣ ਤਾਂ ਜੋ ਲੱਖਾਂ ਲੋਕ ਬਿਦਰ ਸਥਿਤ ਗੁਰਦੁਆਰਾ ਨਾਨਕ ਝੀਰਾ ਦੇ ਦਰਸ਼ਨ ਕਰ ਸਕਣ। ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਗਟ ਸਮਾਗਮ 26 ਅਪਰੈਲ ਤੋਂ 29 ਅਪਰੈਲ ਤੱਕ ਗੁਰਦੁਆਰਾ ਨਾਨਕ ਝੀਰਾ ਵਿੱਚ ਮਨਾਇਆ ਜਾਣਾ ਹੈ। ਲੱਖਾਂ ਸਿੱਖ ਸੰਗਤਾਂ ਨੇ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਸਮਾਗਮ ਵਿੱਚ ਸ਼ਾਮਿਲ ਹੋਣਾ ਹੈ। ਬਾਦਲ ਨੇ ਰੇਲ ਮੰਤਰੀ ਮੁਕਲ ਰਾਏ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਰੇਲ ਮੰਤਰਾਲਾ ਇਸ ਇਤਿਹਾਸਿਕ ਮੌਕੇ ਤੇ ਸਿੱਖ ਸੰਗਤਾਂ ਦੀ ਸਹੂਲੀਅਤ ਲਈ ਨਿਰਦੇਸ਼ ਜਾਰੀ ਕਰੇ। ਇਸ ਤੋਂ ਇਲਾਵਾ ਮੁੱਖਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਅੰਮ੍ਰਿਤਸਰ ਤੋਂ ਨਾਦੇੜ ਜਾਣ ਵਾਲੀ ਗੱਡੀ ਨੂੰ ਵਾਇਆ ਡਿਗਲੂਰ ਬਿਦਰ ਤੱਕ ਵਧਾਇਆ ਜਾਵੇ। ਇਸ ਸਮੇਂ ਬਿਦਰ ਜਾਣ ਵਾਲੇ ਯਾਤਰੀ 300 ਕਿਲੋਮੀਟਰ ਲੰਬੇ ਰਸਤੇ ਰਾਹੀਂ ਬਿਦਰ ਜਾਂਦੇ ਹਨ। ਨਵੇਂ ਰੇਲ ਲਿੰਕ ਨਾਲ ਇਹ ਰਸਤਾ 130 ਕਿਲੋਮੀਟਰ ਰਹਿ ਜਾਵੇਗਾ। ਇਸ ਨਾਲ ਨਾਦੇੜ ਤੋਂ ਬਿਦਰ ਜਾਣ ਵਾਲੇ ਸਿੱਖ ਯਾਤਰੀਆਂ ਨੂੰ ਸਹੂਲਤ ਮਿਲ ਜਾਵੇਗੀ। ਇਸ ਨਾਲ ਸਮੇਂ ਅਤੇ ਧੰਨ ਦੋਵਾਂ ਦੀ ਬੱਚਤ ਹੋਵੇਗੀ। ਰੇਲਮੰਤਰੀ ਨੂੰ ਇਹ ਅਪੀਲ ਕੀਤੀ ਗਈ ਕਿ ਇਹ ਦੋਵੇਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ।