ਇਸਲਾਮਾਬਾਦ-ਅਲ ਕਾਇਦੇ ਦੇ ਮਾਰੇ ਗਏ ਦਹਿਸ਼ਤਗਰਦ ਓਸਾਮਾ ਬਿਨ ਲਾਦੇਨ ਦੀਆਂ ਵਿਧਵਾਵਾਂ ਅਤੇ ਬੱਚਿਆਂ ਨੂੰ ਪਾਕਿਸਤਾਨ ਤੋਂ ਸਾਊਦੀ ਅਰਬ ਭੇਜ ਗਿਆ। ਇਨ੍ਹਾਂ ਵਿਚ ਓਸਾਮਾ ਬਿਨ ਲਾਦੇਨ ਦੀਆਂ ਤਿੰਨ ਵਿਧਵਾਵਾਂ ਅਤੇ 11 ਬੱਚੇ ਹਨ। ਇਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚ ਹਵਾਈ ਅੱਡੇ ਪਹੁੰਚਾਇਆ ਗਿਆ।
ਵਰਣਨਯੋਗ ਹੈ ਕਿ ਓਸਾਮਾ ਬਿਨ ਲਾਦੇਨ ਨੂੰ ਪਿਛਲੇ ਸਾਲ ਮਈ ਮਹੀਨੇ ਵਿਚ ਅਮਰੀਕੀ ਫੌਜਾਂ ਵਲੋਂ ਉੱਤਰ ਪੱਛਮੀ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿਚ ਮਾਰ ਦਿੱਤਾ ਗਿਆ ਸੀ। ਓਸਾਮਾ ਬਿਨ ਲਾਦੇਨ ਕਈ ਸਾਲਾਂ ਤੋਂ ਪਾਕਿਸਤਾਨ ਵਿਚ ਪ੍ਰਵਾਰ ਸਮੇਤ ਰਹਿ ਰਿਹਾ ਸੀ। ਪਾਕਿਸਤਾਨ ਸਰਕਾਰ ਅਨੁਸਾਰ ਉਨ੍ਹਾਂ ਨੂੰ ਓਸਾਮਾ ਦੇ ਪਾਕਿਸਤਾਨ ਵਿਚ ਰਹਿਣ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਖਿਲਾਫ਼ ਪਾਕਿਸਤਾਨ ਵਿਚ ਗੈਰਕਾਨੂੰਨੀ ਢੰਗ ਨਾਲ ਰਹਿਣ ਕਰਕੇ ਮੁਕਦਮਾ ਚਲਾਇਆ ਗਿਆ ਸੀ ਅਤੇ 45 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ ਹੀ ਹਫ਼ਤੇ ਇਸਲਾਮਾਬਾਦ ਦੇ ਇਕ ਬੰਗਲੇ ਵਿਚ ਇਨ੍ਹਾਂ ਲੋਕਾਂ ਦੀ ਸਜ਼ਾ ਪੂਰੀ ਹੋਈ ਹੈ। ਇਸਤੋਂ ਉਪਰੰਤ ਓਸਾਮਾ ਬਿਨ ਲਾਦੇਨ ਦੀਆਂ ਇਨ੍ਹਾਂ ਵਿਧਵਾਵਾਂ ਵਲੋਂ ਸਾਊਦੀ ਅਰਬ ਵਿਖੇ ਰਹਿਣ ਦੀ ਚੋਣ ਕੀਤੀ ਗਈ।