ਲੁਧਿਆਣਾ:ਅਮਰੀਕਾ ਦੀ ਟੈਕਸਾਸ ਸਟੇਟ ਤੋਂ ਆਏ 24 ਮੈਂਬਰੀ ਖੇਤੀਬਾੜੀ ਆਗੂਆਂ ਦੀ ਟੀਮ ਨੂੰ ਸੰਬੋਧਨ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਖੇਤੀਬਾੜੀ ਖੋਜ ਦੀ ਸਾਂਝ ਨਾਲ ਹੀ ਭਾਰਤ ਵਿੱਚ ਹਰਾ ਇਨਕਲਾਬ ਆਇਆ ਅਤੇ ਹੁਣ ਇਸ ਨੂੰ ਅੱਗੇ ਵਧਾ ਕੇ ਸਦੀਵੀ ਖੁਸ਼ਹਾਲੀ ਵਾਲਾ ਸਦਾਬਹਾਰ ਖੇਤੀ ਇਨਕਲਾਬ ਆਵੇਗਾ। ਉਨ੍ਹਾਂ ਆਖਿਆ ਕਿ ਭਾਰਤ ਦੀ ਅੰਨ ਸੁਰੱਖਿਆ ਯਕੀਨੀ ਬਣਾਉਣ ਵਿੱਚ ਸਰਕਾਰੀ ਨੀਤੀਆਂ, ਕਿਸਾਨਾਂ ਦਾ ਉਤਸ਼ਾਹ ਅਤੇ ਵਿਗਿਆਨੀਆਂ ਦੀਆਂ ਖੋਜਾਂ ਨੇ ਵੱਡਾ ਯੋਗਦਾਨ ਪਾਇਆ। ਅੱਜ ਫਿਰ ਕੁਦਰਤੀ ਸੋਮਿਆਂ ਨੂੰ ਸੰਭਾਲਦੇ ਹੋਏ ਇਸ ਤੋਂ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਘਣੀ ਖੇਤੀ ਕਾਰਨ ਧਰਤੀ ਹੇਠਲੇ ਪਾਣੀ ਦਾ ਸੰਕਟ ਵੀ ਅਸਾਂ ਹੀ ਹੱਲ ਕਰਨਾ ਹੈ। ਗਲੋਬਲ ਤਪਸ਼ ਕਾਰਨ ਮੌਸਮੀ ਫੇਰ ਬਦਲ ਤੋਂ ਇਲਾਵਾ ਜ਼ਮੀਨ ਦੀ ਸਿਹਤ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪੈਣਾ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਟਾਕਰੇ ਵਾਸਤੇ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਨਾਲ ਸਾਡਾ ਸਹਿਯੋਗ ਚੱਲ ਰਿਹਾ ਹੈ। ਡਾ: ਢਿੱਲੋਂ ਨੇ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਕਿਸਾਨਾਂ ਨਾਲ ਸੰਪਰਕ ਸਭ ਤੋਂ ਮਜ਼ਬੂਤ ਹੈ ਅਤੇ ਹੁਣ ਉਦਯੋਗ ਨਾਲ ਵੀ ਸੰਬੰਧ ਵਧਾਏ ਜਾ ਰਹੇ ਹਨ ਜਿਸ ਨਾਲ ਸੁਰੱਖਿਅਤ ਭਵਿੱਖ ਉੱਸਰੇਗਾ।
ਟੈਕਸਾਸ ਸਟੇਟ ਤੋਂ ਆਏ ਵਫਦ ਦੇ ਆਗੂ ਡਾ: ਮਾਜੂਕੀਵਸ ਨੇ ਆਖਿਆ ਕਿ ਅਮਰੀਕਾ ਦੀ 300 ਮਿਲੀਅਨ ਆਬਾਦੀ ਵਿੱਚੋਂ ਸਿਰਫ 1.5 ਫੀ ਸਦੀ ਲੋਕ ਹੀ ਖੇਤੀ ਕਾਰਜਾਂ ਵਿੱਚ ਲੱਗੇ ਹੋਏ ਹਨ। ਮਿਆਰੀ ਪਾਣੀ ਅਤੇ ਹੋਰ ਕੁਦਰਤੀ ਸੋਮਿਆਂ ਦੀ ਪ੍ਰਾਪਤੀ ਨਾਲ ਅਮਰੀਕਨ ਖੇਤੀ ਭਰਪੂਰ ਹੈ। ਉਨ੍ਹਾਂ ਆਖਿਆ ਕਿ ਮਿਆਰੀ ਭੋਜਨ ਅਤੇ ਸੁਰੱਖਿਆ ਦੋ ਪ੍ਰਮੁਖ ਚੁਣੌਤੀਆਂ ਸਾਡੇ ਸਾਹਮਣੇ ਹਨ। ਉਨ੍ਹਾਂ ਆਖਿਆ ਕਿ ਭਾਰਤ ਅਮਰੀਕਾ ਦੁਵੱਲੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਬਾਦਲਾ ਸਹਿਯੋਗ ਅੱਗੇ ਵਧਾਇਆ ਜਾ ਸਕਦਾ ਹੈ। ਇਸ ਕੰਮ ਵਿੱਚ ਉਨ੍ਹਾਂ ਦੀ ਸੰਸਥਾ ‘‘ਟਾਲ’’ ਮਦਦ ਕਰ ਸਕਦੀ ਹੈ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਵਿੱਚ ਆਉਣ ਦਾ ਮਨੋਰਥ ਭਾਰਤੀ ਖੇਤੀ ਬਾਰੇ ਨਵੀਨਤਮ ਜਾਣਕਾਰੀਆਂ ਹਾਸਿਲ ਕਰਨ ਦੇ ਨਾਲ ਨਾਲ ਇਥੋਂ ਦੇ ਸਮਾਜਿਕ ਆਰਥਿਕ ਦਸ਼ਾ ਨੂੰ ਜਾਨਣਾ ਵੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ‘‘ਟਾਲ’’ ਵੱਲੋਂ ਅਗਵਾਈ ਯੋਗਤਾ ਦੇ ਗੁਣ ਪੈਦਾ ਕੀਤੇ ਜਾਂਦੇ ਹਨ ਅਤੇ ਖੇਤੀ ਨੂੰ ਦਰਪੇਸ਼ ਚੁਣੌਤੀਆਂ ਨਾਲ ਵੀ ਨਜਿੱਠਿਆ ਜਾਂਦਾ ਹੈ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਯੂਨੀਵਰਸਿਟੀ ਢਾਂਚੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਲ ਇਸ ਮਹਾਨ ਸੰਸਥਾ ਦੇ ਗੋਲਡਨ ਜੁਬਲੀ ਸਮਾਰੋਹਾਂ ਨੂੰ ਸਮਰਪਿਤ ਹੈ। ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਅਤੇ ਅਪਰ ਨਿਰਦੇਸ਼ਕ ਖੋਜ ਡਾ: ਪੀ ਕੇ ਖੰਨਾ ਤੋਂ ਇਲਾਵਾ ਪਸਾਰ ਸਿੱਖਿਆ ਦੇ ਅਪਰ ਨਿਰਦੇਸ਼ਕ ਡਾ: ਹਰਜੀਤ ਸਿੰਘ ਧਾਲੀਵਾਲ ਵੀ ਇਸ ਮੌਕੇ ਹਾਜ਼ਰ ਸਨ।