ਲੁਧਿਆਣਾ:-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਹੋਮ ਸਾਇੰਸ ਕਾਲਜ ਅਤੇ ਹੋਮ ਸਾਇੰਸ ਵਿਗਿਆਨੀਆਂ ਦੀ ਕੌਮੀ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਦੋ ਰੋਜ਼ਾ ਕੌਮੀ ਗੋਸ਼ਟੀ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ ਨੇ ਕਿਹਾ ਹੈ ਕਿ ਔਰਤ ਸ਼ਕਤੀਕਰਨ ਅਤੇ ਪੇਂਡੂ ਵਿਕਾਸ ਦੀ ਲਹਿਰ ਤੇਜ਼ ਕਰਨ ਲਈ ਔਰਤਾਂ ਖੇਤੀਬਾੜੀ ਨਾਲ ਸਹਾਇਕ ਧੰਦਿਆਂ ਨੂੰ ਕੁਲਵਕਤੀ ਤੌਰ ਤੇ ਅਪਣਾਉਣ। ਉਨ੍ਹਾਂ ਆਖਿਆ ਕਿ ਚੇਤਨਾ ਦੀ ਅਣਹੋਂਦ ਕਾਰਨ ਬਹੁਤ ਸਾਰਾ ਗਿਆਨ ਵਿਗਿਆਨ ਪੇਂਡੂ ਖੇਤਰ ਦੀਆਂ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਵੱਲੋਂ ਨਹੀਂ ਵਰਤਿਆ ਜਾ ਰਿਹਾ। ਗ੍ਰਹਿ ਵਿਗਿਆਨ ਮਾਹਿਰ ਇਸ ਚੇਤਨਾ ਲਹਿਰ ਨੂੰ ਅੱਗੇ ਵਧਾ ਕੇ ਪੇਂਡੂ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੀਆਂ ਹਨ।
ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਇਸ ਯੂਨੀਵਰਸਿਟੀ ਦਾ ਹੋਮ ਸਾਇੰਸ ਕਾਲਜ ਆਪਣੇ ਸਿਖਲਾਈ ਪ੍ਰੋਗਰਾਮ ਵਿੱਚ ਪੇਂਡੂ ਔਰਤਾਂ ਦੇ ਵਿਕਾਸ ਨੂੰ ਪਹਿਲ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਉਦਮਸ਼ੀਲ ਔਰਤਾਂ ਦੇ ਸਵੈ ਸਹਾਇਤਾ ਗਰੁੱਪ ਬਣਾਉਣ ਵਿੱਚ ਹੋਮ ਸਾਇੰਸ ਵਿਗਿਆਨੀਆਂ ਨੇ ਮਹੱਤਵਪੂਰਨ ਹਿੱਸਾ ਪਾਇਆ ਹੈ ਅਤੇ ਇਸ ਨਾਲ ਪਰਿਵਾਰਾਂ ਦੀ ਆਰਥਿਕ ਦਸ਼ਾ ਵੀ ਸੁਧਰੀ ਹੈ। ਦੇਸ਼ ਭਰ ਤੋਂ ਆਏ 175 ਡੈਲੀਗੇਟਾਂ ਤੋਂ ਇਲਾਵਾ ਦੋ ਪਾਕਿਸਤਾਨ ਤੋਂ ਆਏ ਡੈਲੀਗੇਟਾਂ ਨੇ ਵੀ ਇਸ ਕਾਨਫਰੰਸ ਵਿੱਚ ਭਾਗ ਲਿਆ। ਚਾਰ ਸੈਸ਼ਨਾਂ ਵਿੱਚ 8 ਮੁੱਖ ਬੁਲਾਰਿਆਂ ਅਲੀ ਹਸਨ ਸ਼ਾਹ (ਪਾਕਿਸਤਾਨ), ਸ਼੍ਰੀਮਤੀ ਮਿਲਰਡ ਹਸ (ਨਾਬਾਰਡ ਚੰਡੀਗੜ੍ਹ) , ਡਾ: ਕੁਲਦੀਪ ਕੌਰ, ਡਾਇਰੈਕਟਰ ਕਰਿਡ, ਸ਼੍ਰੀ ਮੁਨੇਸ਼ਵਰ ਚੰਦਰ ਐਡੀਸ਼ਨਲ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਪੰਜਾਬ, ਡਾ: ਵਿਜੇ ਖਾਦਰ ਸਾਬਕਾ ਡੀਨ ਹੋਮ ਸਾਇੰਸ ਕਾਲਜ ਹੈਦਰਾਬਾਦ, ਡਾ: ਸ਼ਵਿੰਦਰ ਸਿੰਘ ਸੀ ਐਮ ਸੀ ਲੁਧਿਆਣਾ, ਡਾ: ਅਮਿਤਾ ਪਾਂਡੇ ਐਮ ਐਸ ਯੂਨੀਵਰਸਿਟੀ ਬੜੋਦਾ, ਜਨਾਬ ਮਹਿਮੂਦ ਖਾਨ ਮੈਨੇਜਿੰਗ ਟਰੱਸਟੀ ਰਿਸੌਲੀ ਕੰਵਰ ਟਰੱਸਟ ਮੇਵਾਤ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪ੍ਰਗਟਾਏ। ਚਾਰ ਸੈਸ਼ਨਾਂ ਦੀ ਪ੍ਰਧਾਨਗੀ ਡਾ: ਉਮਾਂ ਜੋਸ਼ੀ ਪ੍ਰਧਾਨ ਹੋਮ ਸਾਇੰਸ ਐਸੋਸੀਏਸ਼ਨ, ਡਾ: ਸਤਿੰਦਰ ਬਜਾਜ, ਸਾਬਕਾ ਵਾਈਸ ਚਾਂਸਲਰ ਈਲਮ ਯੂਨੀਵਰਸਿਟੀ ਸਿੱਕਮ, ਡਾ: ਵਿਜੇ ਖਾਦਰ ਸਾਬਕਾ ਡੀਨ ਹੋਮ ਸਾਇੰਸ ਕਾਲਜ ਹੈਦਰਾਬਾਦ ਨੇ ਕੀਤੀ। ਡਾ: ਕਿਰਨਜੋਤ ਕੌਰ ਸਿੱਧੂ ਨੇ ਦੋ ਰੋਜ਼ਾ ਵਿਚਾਰ ਚਰਚਾ ਦੀ ਸਮੇਟਵੀਂ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਦੀਆਂ ਸਿਫਾਰਸ਼ਾਂ ਪੰਜਾਬ ਦੇ ਪੇਂਡੂ ਵਿਕਾਸ ਵਿੱਚ ਔਰਤਾਂ ਦੀ ਭਾਈਵਾਲੀ ਨੂੰ ਲਾਜ਼ਮੀ ਸਾਰਥਿਕਤਾ ਪ੍ਰਦਾਨ ਕਰਨਗੀਆਂ। ਡਾ: ਰੂਪਾ ਬਖਸ਼ੀ ਨੇ ਦੇਸ਼ ਵਿਦੇਸ਼ ਤੋਂ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ।