ਨਵੀਂ ਦਿੱਲੀ- ਮੱਧਪ੍ਰਦੇਸ਼ ਦੇ ਬੀਜੇਪੀ ਨੇਤਾ ਇਹ ਵਿਖਾਉਣਾ ਚਾਹੁੰਦੇ ਸਨ ਕਿ ਰਾਹੁਲ ਨੇ ਇੱਕ ਦਲਿਤ ਲੜਕੀ ਦੀ ਸ਼ਾਦੀ ਕਰਵਾਉਣ ਦਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ, ਪਰ ਇਸ ਚੱਕਰ ਵਿੱਚ ਉਨ੍ਹਾਂ ਨੇ ਇੱਕ ਨਾਬਾਲਿਗ ਲੜਕੀ ਦੀ ਸ਼ਾਦੀ ਇੱਕ ਅਜਿਹੇ ਲਾੜੇ ਨਾਲ ਕਰਵਾ ਦਿੱਤੀ ਜੋ ਕਿ ਪਹਿਲਾਂ ਹੀ ਸਾ਼ਦੀਸ਼ੁਦਾ ਹੈ। ਕਾਂਗਰਸ ਹੁਣ ਇਨ੍ਹਾਂ ਨੇਤਾਵਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਚਾਰ ਸਾਲ ਪਹਿਲਾਂ ਇੱਕ ਦਲਿਤ ਪਰੀਵਾਰ ਦੇ ਘਰ ਰਾਤ ਗੁਜ਼ਾਰੀ ਸੀ ਅਤੇ ਉਸ ਪਰੀਵਾਰ ਦੀ ਲੜਕੀ ਅੰਗੂਰੀ ਦਾ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਭਾਜਪਾ ਨੇਤਾਵਾਂ ਨੇ ਦੋ ਕਦਮ ਅੱਗੇ ਚਲਦਿਆਂ ਇਹ ਸਾਬਿਤ ਕਰਨਾ ਚਾਹੁੰਦੇ ਸਨ ਕਿ ਰਾਹੁਲ ਨੇ ਖੋਖਲਾ ਵਾਅਦਾ ਕੀਤਾ ਸੀ ਅਤੇ ਬੜੀ ਅਸਾਨੀ ਨਾਲ ਭੁਲਾ ਦਿੱਤਾ । ਵਿਆਹ ਦੇ ਕਾਰਡ ਤੇ ਭਾਜਪਾ ਦੇ ਨੇਤਾਵਾਂ ਦੇ ਨਾਂ ਵੀ ਛਾਪੇ ਗਏ। ਅੰਗੂਰੀ ਦਾ ਵਿਆਹ ਸਮੂਹਿਕ ਵਿਆਹ ਸਮਾਗਮ ਵਿੱਚ ਸੱਭ ਤੋਂ ਅਹਿਮ ਸੀ ਕਿਉਂਕਿ ਇਸ ਸ਼ਾਦੀ ਦਾ ਮੁੱਖ ਮਕਸਦ ਰਾਹੁਲ ਗਾਂਧੀ ਨੂੰ ਨੀਵਿਆਂ ਵਿਖਾਉਣਾ ਸੀ।
ਬੀਜੇਪੀ ਨੇਤਾਵਾਂ ਨੇ ਜਲਦਬਾਜ਼ੀ ਵਿੱਚ ਲੜਕੀ ਦੀ ਉਮਰ ਵੱਲ ਧਿਆਨ ਹੀ ਨਹੀਂ ਦਿੱਤਾ ਅਤੇ ਇੱਕ 16 ਸਾਲ ਦੀ ਨਾਬਾਲਿਗ ਲੜਕੀ ਦੀ ਸ਼ਾਦੀ ਕਰਵਾ ਦਿੱਤੀ। ਜਿਸ ਲੜਕੇ ਨਾਲ ਅੰਗੂਰੀ ਦਾ ਵਿਆਹ ਕਰਵਾਇਆ ਹੈ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ। ਉਸ ਦਾ ਤਲਾਕ ਵੀ ਨਹੀਂ ਹੋਇਆ। ਬੀਜੇਪੀ ਨੇ ਜਿਹੜਾ ਮੈਡੀਕਲ ਸਰਟੀਫਿਕੇਟ ਪੇਸ਼ ਕੀਤਾ ਹੈ ਉਸ ਵਿੱਚ ਅੰਗੂਰੀ ਦੀ ਉਮਰ 18 ਸਾਲ ਦਸੀ ਹੈ ਅਤੇ ਰਮੇਸ਼ ਦੀ ਉਮਰ 21 ਸਾਲ ਦਰਸਾਈ ਗਈ ਹੈ। ਕਾਂਗਰਸ ਨੇ ਇਸ ਨੂੰ ਮੁੱਦਾ ਬਣਾ ਕੇ ਮੁੱਖਮੰਤਰੀ ਚੌਹਾਨ ਅਤੇ ਪਾਰਟੀ ਪ੍ਰਧਾਨ ਗੜਕਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਨ੍ਹਾਂ ਨੇਤਾਵਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।