ਪੈਰਿਸ- ਫਰਾਂਸ ਦੀ ਸੋਸ਼ਲਿਸਟ ਪਾਰਟੀ ਦੇ ਨੇਤਾ ਫਰਾਂਸੂਆ ਹੋਲਾਂਡ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। 6 ਮਈ ਨੂੰ ਦੂਸਰੇ ਪੜਾਅ ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 52% ਵੋਟ ਪ੍ਰਾਪਤ ਕਰਕੇ ਸਰਕੋਜ਼ੀ ਨੂੰ ਹਰਾਇਆ ਹੈ। 1995 ਤੋਂ ਬਾਅਦ ਪਹਿਲੀ ਵਾਰ ਸਮਾਜਵਾਦੀ ਪਾਰਟੀ ਦੇ ਨੇਤਾ ਨੇ ਜਿੱਤ ਪ੍ਰਾਪਤ ਕੀਤੀ ਹੈ। ਨਿਕੋਲਸ ਸਰਕੋਜੀ ਨੇ ਹਾਰ ਸਵੀਕਾਰ ਕਰ ਲਈ ਹੈ।
ਮੌਜੂਦਾ ਰਾਸ਼ਟਰਪਤੀ ਸਰਕੋਜ਼ੀ ਨੇ ਆਖਰੀ ਮੱਤਦਾਨ ਕੇਂਦਰ ਦੇ ਬੰਦ ਹੋਣ ਤੋਂ ਥੋੜੀ ਦੇਰ ਬਾਅਦ ਹੀ ਹਾਰ ਮੰਨਦੇ ਹੋਏ ਕਿਹਾ ਸੀ ਕਿ ਹੋਲਾਂਡ ਚੋਣ ਜਿੱਤ ਜਾਣਗੇ ਅਤੇ ਮੈਂ ਹਾਰ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਹਾਂ। ਸਰਕੋਜ਼ੀ ਯੌਰਪ ਦੇ ਅਜਿਹੇ 11ਵੇਂ ਨੇਤਾ ਬਣ ਗਏ ਹਨ, ਜਿਨ੍ਹਾਂ ਨੂੰ ਆਰਥਿਕ ਸੰਕਟ ਕਰਕੇ ਹਾਰ ਦਾ ਮੂੰਹ ਵੇਖਣਾ ਪਿਆ ਹੈ। ਹੋਲਾਂਡ ਨੂੰ 52% ਅਤੇ ਸਰਕੋਜੀ ਨੂੰ 48% ਵੋਟ ਮਿਲੇ ਹਨ। ਹੋਲਾਂਡ ਦੇ ਸਮਰਥੱਕ ਦੇਸ਼ਭਰ ਵਿੱਚ ਸੜਕਾਂ ਤੇ ਉਤਰ ਕੇ ਜਸ਼ਨ ਮਨਾ ਰਹੇ ਹਨ। ਫਰਾਂਸ ਦੇ ਲੋਕ ਦੇਸ਼ ਵਿੱਚ ਬੇਰੁਜਗਾਰੀ ਵੱਧਣ ਕਰਕੇ ਸਰਕੋਜ਼ੀ ਤੋਂ ਖਫ਼ਾ ਹਨ।
ਹੋਲਾਂਡ ਇੱਕ ਮਿਲਣਸਾਰ, ਉਦਾਰਵਾਦੀ ਅਤੇ ਸ਼ਾਂਤ ਸੁਭਾ ਦੇ ਮਾਲਿਕ ਹਨ। ਉਹ ਇੱਕ ਅਨੁਭਵੀ ਰਾਜਨੇਤਾ ਹਨ ਪਰ ਅੱਜ ਤੱਕ ਉਨ੍ਹਾਂ ਨੇ ਕੋਈ ਸਰਕਾਰੀ ਅਹੁਦਾ ਨਹੀਂ ਲਿਆ। ਉਹ ਸਰਕੋਜ਼ੀ ਦੀਆਂ ਆਰਥਿਕ ਨੀਤੀਆਂ ਦੀ ਸਖਤ ਅਲੋਚਨਾ ਕਰਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੇ ਹਨ। ਸਮਾਜਵਾਦੀ ਪਾਰਟੀ ਦਾ ਕਹਿਣਾ ਹੈ ਕਿ ਹੋਲਾਂਡ ਦੀ ਜਿੱਤ ਤੋਂ ਬਾਅਦ ਹੁਣ ਯੌਰਪੀ ਸੰਘ ਨਾਲ ਕੀਤੇ ਗਏ ਆਰਥਿਕ ਸਮਝੌਤੇ ਤੇ ਪੁਨਰ ਵਿਚਾਰ ਨੂੰ ਪਹਿਲ ਦਿੱਤੀ ਜਾਵੇਗੀ।