ਫਤਹਿਗੜ੍ਹ ਸਾਹਿਬ – “ਜਦੋਂ ਕਿਸੇ ਸਟੇਟ ਵੱਲੋਂ ਉਥੇ ਵੱਸਣ ਵਾਲੇ ਲੋਕਾਂ ਦੇ ਕਿਸੇ ਇਕ ਵਿਸ਼ੇਸ ਫਿਰਕੇ ਕੌਮ ਜਾਂ ਧਰਮ ਨਾਲ ਸਬੰਧਿਤ ਬਸਿੰਦਿਆਂ ਨਾਲ ਜ਼ਬਰ-ਜੁਲਮ ਅਤੇ ਬੇਇਨਸਾਫੀਆਂ ਹੋਣ ਲੱਗ ਪੈਣ ਤਾਂ ਉਸ ਦੇ ਇਵਜ਼ ਵਿਚ ਪੀੜਤ ਹੋਣ ਵਾਲੀ ਕੌਮ, ਧਰਮ ਜਾਂ ਫਿਰਕੇ ਵਿਚ ਸਟੇਟ ਵਿਰੁੱਧ ਬਗ਼ਾਵਤ ਉੱਠਣੀ ਕੁਦਰਤੀ ਹੁੰਦੀ ਹੈ । ਇਸ ਲਈ ਇਹ ਜੋ ਬਠਿੰਡੇ ਦੀ ਪੈਟ੍ਰੋਲੀਅਮ ਰਿਫਾਇਨਰੀਂ ਕਾਰਖ਼ਾਨਾ ਅਤੇ ਜਲੰਧਰ ਦਾ ਪੈਟ੍ਰੋਲੀਅਮ ਕਾਰਖ਼ਾਨੇ ਨੂੰ ਈਸਲਾਮਿਕ ਦਹਿਸ਼ਤਗਰਦੀ ਵੱਲੋਂ ਧਮਕੀ ਮਿਲੀ ਹੈ । ਅਜਿਹੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਬੰਦ ਕਰਨ ਲਈ ਇਹ ਜਰੂਰੀ ਹੈ ਕਿ ਹਿੰਦੂਤਵ ਹਕੂਮਤ “ਹਿੰਦੂ ਦਹਿਸ਼ਤਗਰਦੀ” ਨੂੰ ਪੂਰਨ ਰੂਪ ਵਿਚ ਇਮਾਨਦਾਰੀ ਨਾਲ ਖ਼ਤਮ ਕਰੇ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦੂ ਦਹਿਸ਼ਤਗਰਦੀ ਅਤੇ ਈਸਲਾਮਿਕ ਦਹਿਸ਼ਤਗਰਦੀ ਦੋਵਾਂ ਦੇ ਵਿਰੁੱਧ ਹੈ ਜਿਸ ਨਾਲ ਇਨਸਾਨੀ ਹੱਕਾ, ਕਦਰਾਂ-ਕੀਮਤਾਂ, ਇਨਸਾਫ਼ ਅਤੇ ਜ਼ਮਹੂਰੀਅਤ ਦਾ ਜਨਾਜ਼ਾ ਨਿਕਲ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਹਕੂਮਤ ਦੀ ਨੱਕ ਹੇਠ ਦਿਨੋ-ਦਿਨ ਪਣਪਦੀ ਜਾ ਰਹੀ ਹਿੰਦੂ ਦਹਿਸ਼ਤਗਰਦੀ ਦੀ ਸਰਪ੍ਰਸਤੀ ਕਰਨ ਦੇ ਅਮਲਾਂ ਦੀ ਪੁਰਜੋਂਰ ਨਿਖੇਧੀ ਕਰਦੇ ਹੋਏ ਸਿਆਸਤਦਾਨਾਂ ਵੱਲੋਂ ਐਨ.ਸੀ.ਟੀ.ਸੀ. ਦੇ ਲਿਆਂਦੇ ਜਾ ਰਹੇ ਕਾਨੂੰਨ ਉਤੇ ਤਿੱਖਾਂ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਹੇ । ਉਹਨਾਂ ਕਿਹਾ ਐਨ.ਸੀ.ਟੀ.ਸੀ. ਅਸਲੀਅਤ ਵਿਚ ਸਿੱਖ ਅਤੇ ਮੁਸਲਿਮ ਕੌਮ ਨੂੰ ਨਿਸ਼ਾਨਾ ਬਣਾਉਣ ਲਈ ਹੀ ਲਿਆਂਦਾ ਜਾ ਰਿਹਾ ਹੈ ਨਾ ਕਿ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਲਈ । ਇਸ ਲਈ ਅਸੀਂ ਇਸ ਦੀ ਵੀ ਵਿਰੋਧਤਾਂ ਕਰਦੇ ਹਾਂ । ਉਹਨਾਂ ਕਿਹਾ ਕਿ ਦਹਿਸ਼ਤਗਰਦੀ ਇਰਾਕ ਵਿਚ ਹੋਵੇ ਜਾਂ ਬਲੋਚਿਸਤਾਨ, ਪਾਕਿਸਤਾਨ, ਹਿੰਦ, ਅਮਰੀਕਾ, ਮਿਸਰ,ਲਿਬਨਾਨ, ਈਰਾਨ, ਜਾਂ ਅਫਗਾਨਿਸਤਾਨ ਆਦਿ ਵਿਚ ਹੋਵੇ, ਦਹਿਸ਼ਤਗਰਦੀ ਮਨੁੱਖਤਾ ਦੇ ਖ਼ੂਨ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਡੂੰਘਾਂ ਨੁਕਸਾਨ ਕਰਦੀ ਹੈ । ਇਸ ਲਈ ਸਟੇਟ ਦਹਿਸ਼ਤਗਰਦੀ ਨੂੰ ਬੰਦ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਉਹਨਾਂ ਕਿਹਾ ਕਿ ਹਿੰਦੂ ਦਹਿਸ਼ਤਗਰਦੀ ਨੇ ਹਿੰਦ ਵਿਚ ਮੁਸਲਿਮ,ਈਸਾਈ ਅਤੇ ਸਿੱਖ ਕੌਮ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ । ਇਸ ਲਈ ਹੀ ਇਸਲਾਮਿਕ ਦਹਿਸ਼ਤਗਰਦੀ ਪੈਰ ਪਸਾਰ ਰਹੀ ਹੈ । ਜੇਕਰ ਹਿੰਦੂ ਦਹਿਸ਼ਤਗਰਦੀ ਖ਼ਤਮ ਹੋਵੇ ਤਾਂ ਸਿੱਖ ਕੌਂਮ ਇਸਲਾਮਿਕ ਦਹਿਸ਼ਤਗਰਦੀ ਵਿਰੁੱਧ ਲੜ ਸਕਦੀ ਹੈ, ਵਰਨਾ ਨਹੀ । ਉਹਨਾਂ ਕਿਹਾ ਕਿ ਪੰਜਾਬ ਵਿਚ ਹਕੂਮਤ ਸ. ਬਾਦਲ ਦੀ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ, ਇਥੇ ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ ਅਤੇ ਸੁਮੇਧ ਸੈਣੀ ਵਰਗੇ ਜ਼ਾਬਰ ਅਫ਼ਸਰ ਇਥੋਂ ਦੇ ਨਿਵਾਸੀਆਂ ਨਾਲ ਨਿਰੰਤਰ ਵਧੀਕੀਆਂ ਅਤੇ ਬੇਇਨਸਾਫੀਆਂ ਕਰਦੇ ਆਏ ਹਨ । ਇਥੋਂ ਦੇ ਸੀ.ਐਮ. ਗੁਲਾਮ ਸੋਚ ਦੇ ਮਾਲਿਕ ਹੋਣ ਕਾਰਨ ਅਜਿਹਾ ਜ਼ਬਰ ਜੁਲਮ ਕਦੇ ਖ਼ਤਮ ਨਹੀ ਕਰਵਾ ਸਕਦੇ ।
ਸ. ਮਾਨ ਨੇ ਆਪਣੇ ਬਿਆਨ ਦੇ ਅਖ਼ੀਰ ਵਿਚ ਸਿਆਸਤਦਾਨਾਂ ਦੇ ਸਵਾਰਥੀ ਅਤੇ ਖੌਖਲੇ ਦਿਮਾਗਾਂ ਉਤੇ ਚੋਟ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜਾਂ ਹੋਰ ਗੁਰੂ, ਪੀਰ, ਪੈਗੰਬਰ, ਸਾਹਿਬਾਨ ਤਾਂ ਸਮੁੱਚੀ ਕਾਇਨਾਤ ਦੇ ਮਾਲਿਕ ਹਨ । ਉਹਨਾਂ ਦੇ ਨਾਮ ਤੇ ਪੈਟ੍ਰੋਲੀਅਮ ਕਾਰਖ਼ਾਨਿਆਂ ਜਾਂ ਉਦਯੋਗਾਂ ਜਾਂ ਕਾਰੋਬਾਰਾਂ ਦੇ ਨਾਮ ਦੀ ਦੁਰਵਰਤੋਂ ਕਰਨੀ ਉਹਨਾਂ ਦੀ ਵੱਡਮੁੱਲੀ ਸੋਚ ਨੂੰ ਘਟਾਉਣ ਅਤੇ ਤੋਹੀਣ ਕਰਨ ਦੇ ਤੁੱਲ ਬਜ਼ਰ ਗੁਸਤਾਖ਼ੀ ਹੈ । ਹਜ਼ਰਤ ਮੁਹੰਮਦ ਸਾਹਿਬ, ਜਾਂ ਈਸਾ ਮਸ਼ੀਹ ਆਦਿ ਪੈਗੰਬਰਾਂ ਦੇ ਨਾਮ ਤੇ ਮੁਸਲਿਮ ਜਾਂ ਈਸਾਈ ਕੌਮ ਅਜਿਹੇ ਨਾਮ ਕਿਸ ਕਰਕੇ ਨਹੀ ਰੱਖਦੀ ਕਿਉਕਿ ਇਨ੍ਹਾਂ ਦੋਵਾਂ ਕੌਮਾਂ ਨੂੰ ਉਹਨਾਂ ਦੀ ਅਧਿਆਤਮਿਕ ਵਿਸਾਲਤਾ ਅਤੇ ਸ਼ਕਤੀ ਦੀ ਜਾਣਕਾਰੀ ਹੈ । ਜਦੋਂ ਕਿ ਸਿੱਖ ਲੀਡਰਸਿਪ ਅਜਿਹੀਆਂ ਕਾਰਵਾਈਆਂ ਅਤੇ ਗੁਰੂ ਸਾਹਿਬਾਨ ਦੇ ਨਾਮ ਤੇ ਕਾਰਖ਼ਾਨਿਆਂ ਦਾ ਨਾਮ ਰੱਖ ਕੇ ਉਹਨਾਂ ਦੀ ਸਖ਼ਸੀਅਤ ਦੇ ਮਹੱਤਵ ਤੇ ਪ੍ਰਭਾਵ ਨੂੰ ਨੂੰ ਖੁਦ ਢਾਹ ਲਾਉਣ ਦੀ ਦੋਸੀ ਬਣ ਰਹੀ ਹੈ ਜੋ ਤੁਰੰਤ ਬੰਦ ਹੋਣੀ ਚਾਹੀਦੀ ਹੈ ।