ਲੁਧਿਆਣਾ – ਵਿਸ਼ਵ ਕਵਿਤਾ ਦਿਵਸ ਅਤੇ ਬੀਤੇ ਦਿਨ ਲੰਘੀ ਸ਼ਿਵ ਕੁਮਾਰ ਬਟਾਲਵੀ ਦੀ 39ਵੀਂ ਬਰਸੀ ਨੂੰ ਸਮਰਪਿਤ ਪੀ ਏ ਯੂ ਸਾਹਿਤ ਸਭਾ ਵੱਲੋਂ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਪ੍ਰੋਫੈਸਰ ਰਵਿੰਦਰ ਭੱਠਲ ਨੇ ਕਿਹਾ ਕਿ ਸ਼ਿਵ ਕੁਮਾਰ ਨੇ ਪੰਜਾਬੀ ਸ਼ਾਇਰੀ ਨੂੰ ਨਵੀਂ ਸ਼ਬਦਾਵਲੀ ਅਤੇ ਬਿੰਬਾਵਲੀ ਨਾਲ ਭਰਪੂਰ ਕੀਤਾ। ਹਾਸ਼ਿਮ ਸ਼ਾਹ ਅਤੇ ਫਜ਼ਲ ਸ਼ਾਹ ਤੋਂ ਬਾਅਦ ਬਿਰਹਾ ਦੀ ਹੂਕ ਨੂੰ ਸ਼ਿੱਦਤ ਨਾਲ ਪੇਸ਼ ਕੀਤਾ। ਡਾ:ਸੁਖਚੈਨ ਨੇ ਆਖਿਆ ਕਿ ਸ਼ਿਵ ਕੁਮਾਰ ਔਰਤ ਦੇ ਅੰਤਰੀਵ ਦਰਦ ਦੀ ਨਿਰੰਤਰਤਾ ਨੂੰ ਪ੍ਰਗਟ ਕਰਨ ਵਾਲਾ ਬੁ¦ਦ ਸ਼ਾਇਰ ਸੀ। ਪੀ ਏ ਯੂ ਸਾਹਿਤ ਸਭਾ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਆਖਿਆ ਕਿ ਸ਼ਿਵ ਕੁਮਾਰ ਦੀ ਸ਼ਾਇਰੀ ਨੂੰ ਬਿਰਹਾ ਅਤੇ ਪ੍ਰੇਮ ਦੇ ਪ੍ਰਸੰਗ ਤੋਂ ਬਾਹਰ ਵੀ ਸਮਝਣ ਦੀ ਲੋੜ ਹੈ । ਜਿਸ ਦਲੇਰੀ ਨਾਲ ਸ਼ਿਵ ਕੁਮਾਰ ਨੇ ਬਾਬਾ ਬੂਝਾ ਸਿੰਘ ਵਰਗੇ ਇਨਕਲਾਬੀ ਪੁਰਸ਼ ਨੂੰ ਸਮਰਪਿਤ ਰੁੱਖ ਨੂੰ ਫਾਂਸੀ ਵਰਗੀ ਕਵਿਤਾ ਲਿਖੀ, ਸਵੈ ਕਥਨ ਵਰਗੀ ਕਵਿਤਾ ਗੱਦਾਰ ਲਿਖੀ, ਉਸ ਨੂੰ ਵੀ ਵਾਚਣਾ ਬਣਦਾ ਹੈ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਸ਼ਿਵ ਕੁਮਾਰ ਬਟਾਲਵੀ ਬਾਰੇ ਜੀਵਨੀ ਮੂਲਕ ਰੇਖਾ ਚਿੱਤਰ ਰਾਵੀ ਦਰਿਆ ਦਾ ਲਾਡਲਾ ਪੁੱਤਰ ਪੜ੍ਹਦਿਆਂ ਕਿਹਾ ਕਿ ਸ਼ਿਵ ਕੁਮਾਰ ਪੰਜਾਬ ਦਾ ਅਣ ਐਲਾਨਿਆਂ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ, ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਦੇਸ਼ ਉਸ ਦੇ ਪੈਰਾਂ ਨੂੰ ਆਪਣੀਆਂ ਬੇੜੀਆਂ ਵਿੱਚ ਨਾ ਨੂੜ ਸਕਿਆ। ਉਸ ਨੂੰ ਰਾਵੀ ਦਰਿਆ ਦੇ ਅੱਥਰੇ ਅਮੋੜ, ਵੇਗ ਦੀ ਗੁੜ੍ਹਤੀ ਸੀ। ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ। ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਉਹ ਬਹੁਤ ਉਚੇਰਾ ਸੀ। ਉਸ ਦੀ ਚੀਖ ਬਾਬਾ ਬੂਝਾ ਸਿੰਘ ਦੇ ਨਕਲੀ ਪੁਲਿਸ ਮੁਕਾਬਲੇ ਵੇਲੇ ਵੀ ਉੱਭਰਦੀ ਹੈ ਅਤੇ ਰੁੱਖਾਂ ਦੀ ਹੋਂਦ ਉਸ ਨੂੰ ਧੀਆਂ ਪੁੱਤਰਾਂ, ਭੈਣਾਂ ਭਰਾਵਾਂ ਵਾਲਾ ਟੱਬਰ ਵਾਲਾ ਬਣਾਉਂਦੀ ਹੈ। ਉੱਘੇ ਅਰਥ ਸਾਸ਼ਤਰੀ ਡਾ: ਸੁਖਪਾਲ ਸਿੰਘ ਨੇ ਸ਼ਿਵ ਕੁਮਾਰ ਦੀ ਲੂਣਾਂ ਦੇ ਹਵਾਲੇ ਨਾਲ ਆਖਿਆ ਕਿ ਲੂਣਾਂ ਸਿਰਫ ਪੂਰਨ, ਸਲਵਾਨ, ਇੱਛਰਾਂ ਦੀ ਕਹਾਣੀ ਨਹੀਂ ਸਗੋਂ ਜਗੀਰੂ ਸਿਸਟਮ ਤੇ ਭਾਰੀ ਵਦਾਨ ਵਾਲੀ ਸੱਟ ਹੈ। ਸ਼ਿਵ ਕੁਮਾਰ ਜਗੀਰਦਾਰੀ ਦੌਰ ਦੀ ਗਲਾਜ਼ਤ ਨੂੰ ਬੇਪਰਦ ਕਰਦਾ ਹੈ। ਡਾ: ਮਾਨ ਸਿੰਘ ਤੂਰ ਨੇ ਆਖਿਆ ਕਿ ਲੂਣਾਂ ਜਿਥੇ ਸ਼ਾਇਰੀ ਦਾ ਸਿਖ਼ਰ ਹੈ ਉਥੇ ਆਪਣੇ ਵਕਤ ਦੀ ਯੁਗ ਪਲਟਾਊ ਰਚਨਾ ਵੀ ਹੈ। ਤਰਲੋਚਨ ਲੋਚੀ ਨੇ ਆਖਿਆ ਕਿ ਸ਼ਿਵ ਕੁਮਾਰ ਦਾ ਸਰੋਦ ਸਮੁੱਚੀ ਸ਼ਾਇਰੀ ਦਾ ਸਿਖ਼ਰ ਹੈ। ਇਸ ਅਪਹੁੰਚ ਟੀਸੀ ਤੇ ਪਹੁੰਚਣਾ ਮੁਹਾਲ ਹੈ। ਜਨਮੇਜਾ ਸਿੰਘ ਜੌਹਲ ਨੇ ਆਖਿਆ ਕਿ ਸ਼ਿਵ ਕੁਮਾਰ ਬਟਾਲਵੀ ਨੂੰ ਕਿਸੇ ਫ੍ਰੇਮ ਵਿੱਚ ਨਹੀਂ ਕੈਦ ਕੀਤਾ ਜਾ ਸਕਦਾ । ਉਸ ਦੀ ਸ਼ਾਇਰੀ ਵਿਚਲੇ ਬਿੰਬਾਂ ਨੂੰ ਸਮਝਣ ਵਿੱਚ ਉਮਰ ਲੱਗ ਸਕਦੀ ਹੈ। ਸ਼ਾਇਰ ਦੀ ਉੜਾਨ ਤੀਕ ਪਹੁੰਚਣ ਲਈ ਸਾਨੂੰ ਉਸ ਦੇ ਪੱਧਰ ਦੀ ਕੈਫੀਅਤ ਚਾਹੀਦੀ ਹੈ। ਸੰਚਾਰ ਕੇਂਦਰ ਦੇ ਸਹਾਇਕ ਨਿਰਦੇਸ਼ਕ ਡਾ: ਅਨਿਲ ਸ਼ਰਮਾ ਨੇ ਕਿਹਾ ਕਿ ਉਹ ਲੂਣਾਂ ਦਾ ਨਾਟਕੀ ਰੁਪਾਂਤਰ ਵਿਦਿਆਰਥੀਆਂ ਦੀ ਮਦਦ ਨਾਲ ਤਿਆਰ ਕਰਨਗੇ ਤਾਂ ਜੋ ਇਸ ਮੁੱਲਵਾਨ ਰਚਨਾ ਨੂੰ ਭਵਿੱਖ ਪੀੜ੍ਹੀਆਂ ਤੀਕ ਪਹੁੰਚਾਇਆ ਜਾ ਸਕੇ। ਡਾ:ਮਨੂ ਸ਼ਰਮਾ ਸੋਹਲ ਨੇ ਦੱਸਿਆ ਕਿ ਉਹ ਸ਼ਿਵ ਕੁਮਾਰ ਬਟਾਲਵੀ ਅਤੇ ਗੋਪਾਲ ਦਾਸ ਨੀਰਜ ਦੀ ਕਵਿਤਾ ਦਾ ਤੁਲਨਾਤਮਕ ਅਧਿਐਨ ਕਰਕੇ ਡਾਕਟਰੇਟ ਦੀ ਡਿਗਰੀ ਹਾਸਿਲ ਕਰਨ ਉਪਰੰਤ ਹੁਣ ਸ਼ਿਵ ਕੁਮਾਰ ਨੂੰ ਯਾਦਾਂ ਦੇ ਝਰੋਖੇ ਵਿਚੋਂ ਪੇਸ਼ ਕਰ ਰਹੇ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਵੀ ਸ਼ਿਵ ਕੁਮਾਰ ਬਟਾਲਵੀ ਦੀ ਕੋਈ ਯਾਦਗਾਰੀ ਤਸਵੀਰ ਜਾਂ ਆਵਾਜ਼ ਦਾ ਨਮੂਨਾ ਹੋਵੇ ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਰਾਹੀਂ ਮੈਨੂੰ ਭੇਜ ਸਕਦਾ ਹੈ। ਡਾ:ਜਸਵਿੰਦਰ ਭੱਲਾ ਨੇ ਆਖਿਆ ਕਿ ਇਕੱਲ ਦੇ ਪਲਾਂ ਵਿੱਚ ਹਰ ਪੰਜਾਬੀ ਨੂੰ ਸ਼ਿਵ ਕੁਮਾਰ ਦੀ ਸ਼ਾਇਰੀ ਦਾ ਇਵੇਂ ਹੀ ਆਸਰਾ ਮਿਲਦਾ ਹੈ ਜਿਵੇਂ ਤਪਦੀ ਧਰਤੀ ਤੇ ਅੰਬਰੋਂ ਕਣੀਆਂ ਪੈ ਜਾਣ। ਉਨ੍ਹਾਂ ਆਖਿਆ ਕਿ ਅਮਰੀਕਾ, ਆਸਟਰੇਲੀਆ, ਇੰਗਲੈਂਡ ਆਦਿ ਦੇਸ਼ਾਂ ਵਿੱਚ ਵਸਦੇ ਪੰਜਾਬੀ ਸ਼ਿਵ ਕੁਮਾਰ ਦੀ ਸ਼ਾਇਰੀ ਦੇ ਸਾਡੇ ਨਾਲੋਂ ਵੀ ਵੱਧ ਕਦਰਦਾਨ ਹਨ। ਭਾਸ਼ਾਵਾਂ, ਪੱਤਰਕਾਰੀ ਅਤੇ ਸਭਿਆਚਾਰ ਵਿਭਾਗ ਦੇ ਅਧਿਆਪਕ ਡਾ: ਸਾਕ ਮੁਹੰਮਦ ਨੇ ਆਖਿਆ ਕਿ ਸ਼ਿਵ ਕੁਮਾਰ ਸਰਵਕਾਲੀ ਵੇਦਨਾ ਦਾ ਸ਼ਾਇਰ ਹੈ ਜਿਸ ਨੂੰ ਸਮਾਂ ਪੈਣ ਤੇ ਹੋਰ ਮਹੱਤਵ ਮਿਲੇਗਾ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਸੰਚਾਰ ਡਾ:ਜਗਤਾਰ ਸਿੰਘ ਧੀਮਾਨ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਆਖਿਆ ਕਿ ਸ਼ਿਵ ਕੁਮਾਰ ਬਟਾਲਵੀ ਨੇ 1970 ਵਿੱਚ ਇਸ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿੱਚ ਕਿਸਾਨਾਂ ਲਈ ਗੀਤ ਗਾਏ। ਸਾਹਿਰ ਲੁਧਿਆਣਵੀ ਅਤੇ ਜਾਂ ਨਿਸਾਰ ਅਖ਼ਤਰ ਦੇ ਨਾਲ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਵੀ ਮਿਲਣ ਆਏ। ਸ਼ਿਵ ਕੁਮਾਰ ਦੀ ਕਵਿਤਾ ਵਿੱਚ ਖੇਤੀਬਾੜੀ ਦਾ ਚਿਤਰਣ ਅੱਜ ਵੀ ਸਾਡੇ ਸਭ ਲਈ ਪ੍ਰੇਰਨਾ ਦਾ ਸੋਮਾ ਹੈ। ਉਨ੍ਹਾਂ ਪੀ ਏ ਯੂ ਸਾਹਿਤ ਸਭਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਵਿਸ਼ਵ ਕਵਿਤਾ ਦਿਵਸ ਮੌਕੇ ਇਸ ਯੂਨੀਵਰਸਿਟੀ ਵਿੱਚ ਚੇਤੇ ਕਰਨ ਦਾ ਵਸੀਲਾ ਬਣਾਇਆ।