ਲਾਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਸਾਲ ਭਰ ਵਿੱਚ ਹੀ ਆਪਣੇ ਵਪਾਰਿਕ ਸਬੰਧ ਚੰਗੇ ਬਣਾਉਣ ਵਿੱਚ ਕਾਫ਼ੀ ਤਰੱਕੀ ਕੀਤੀ ਹੈ। ਗਿਲਾਨੀ ਨੇ ਲਹੌਰ ਵਿੱਚ ਦੋਵਾਂ ਦੇਸ਼ਾਂ ਦੇ ਉਦਯੋਗਪਤੀਆਂ ਲਈ ਆਯੋਜਿਤ ਇੱਕ ਸਮਾਗਮ ਦੌਰਾਨ ਕਿਹਾ ਕਿ ਸਾਡੇ ਆਪਸੀ ਸਬੰਧਾਂ ਨੂੰ ਖਰਾਬ ਕਰਨ ਅਤੇ ਸ਼ਾਂਤੀ ਭੰਗ ਕਰਨ ਲਈ ਕਈ ਗੁੱਟ ਸਾਜਿਸ਼ਾਂ ਰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਸੁਖਾਲੇ ਹੋਣ ਦੇ ਪੱਖ ਵਿੱਚ ਹੈ।
ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ ਭਾਰਤ ਨਾਲ ਸਬੰਧ ਸੁਧਰਨ ਨਾਲ ਪਾਕਿਸਤਾਨ ਦੇ ਐਕਸਪੋਰਟਰਾਂ ਨੂੰ ਇੱਕ ਅਰਬ ਤੋਂ ਜਿਆਦਾ ਆਬਾਦੀ ਵਾਲਾ ਬਾਜ਼ਾਰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਥੋੜੇ ਜਿਹੇ ਸਮੇਂ ਦੌਰਾਨ ਹੀ ਦੋਵਾਂ ਦੇਸ਼ਾਂ ਨੇ ਨਾਂ ਸਿਰਫ਼ ਸਬੰਧ ਸੁਧਾਰਨ ਵਿੱਚ ਹੀ ਪਰਗਤੀ ਕੀਤੀ ਹੈ, ਸਗੋਂ ਵਪਾਰ ਅਤੇ ਆਰਥਿਕ ਸਬੰਧਾਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਵੀ ਦੂਰ ਕੀਤਾ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਸਾਡਾ ਸੱਭ ਤੋਂ ਕਰੀਬੀ ਦੋਸਤ ਅਤੇ ਰਣਨੀਤੀ ਵਿੱਚ ਸਾਡਾ ਭਾਈਵਾਲ ਚੀਨ ਵੀ ਪਾਕਿਸਤਾਨ ਨਾਲ ਭਾਰਤ ਦੇ ਸੁਖਾਵੇਂ ਸਬੰਧਾਂ ਦੇ ਹੱਕ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਤਿਹਾਸ ਦੇ ਬੇਹੱਦ ੳਤਰਾਅ-ਚੜਾਅ ਵਾਲੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਅਤੇ ਗੈਰ ਸਰਕਾਰੀ ਤੱਤ ਸ਼ਾਂਤੀ ਭੰਗ ਕਰਨ ਦੀ ਪੂਰੀ ਕੋਸਿ਼ਸ਼ ਕਰ ਰਹੇ ਹਨ। ਅਜਿਹੇ ਲੋਕ ਸਰਹੱਦ ਦੇ ਦੋਵੇ ਪਾਸੇ ਹਨ ਅਤੇ ਸਾਨੂੰ ਚੌਕੰਨੇ ਰਹਿਣਾ ਹੋਵੇਗਾ ਕਿ ਜੋ ਅਸਾਂ ਪ੍ਰਾਪਤ ਕੀਤਾ ਹੈ, ਉਸ ਨੂੰ ਗਵਾ ਨਾਂ ਦੇਈਏ।
ਪਾਕਿਸਤਾਨ ਤੋਂ ਐਫਡੀਆਈ ਨੂੰ ਮਨਜੂਰੀ ਦਿੱਤੇ ਜਾਣ ਦੇ ਸਬੰਧ ਵਿੱਚ ਭਾਰਤ ਦੀ ਘੋਸ਼ਣਾ ਦਾ ਸਵਾਗਤ ਕਰਦੇ ਹੋਏ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਨਵੀਂ ਦਿੱਲੀ ਦੇ ਨਾਨ ਟੈਰਿਫ਼ ਬੈਰੀਅਰ ਹਟਾਉਣ ਵਰਗੇ ਕਦਮ ਉਠਾਉਣ ਦਾ ਇੰਤਜਾਰ ਕਰ ਰਹੀ ਹੈ। ਇਸ ਰੁਕਾਵਟ ਕਰਕੇ ਪਾਕਿਸਤਾਨੀ ਐਕਸਪੋਰਟ ਭਾਰਤੀ ਬਾਜ਼ਾਰ ਵਿੱਚ ਪ੍ਰਭਾਵਿਤ ਹੁੰਦਾ ਹੈ।