ਮੋਗਾ- ਪੰਜਾਬ ਦੇ ਮੋਗਾ ਸ਼ਹਿਰ ਦੇ ਨਜ਼ਦੀਕ ਇੱਕ ਮਿੰਨੀ ਟਰੱਕ ਅਤੇ 10 ਟਾਇਰਾਂ ਵਾਲੇ ਟਰੱਕ ਟਰਾਲੇ ਵਿੱਚ ਟੱਕਰ ਹੋ ਜਾਣ ਨਾਲ 18 ਲੋਕਾਂ ਦੀ ਮੌਤ ਹੋ ਗਈ। ਦੋ ਪਰੀਵਾਰਾਂ ਦੇ 16 ਵਿਅਕਤੀ ਮਾਰੇ ਗਏ ਹਨ। ਇਹ ਲੋਕ ਧਾਰਮਿਕ ਸਥਾਨ ਤੋਂ ਆ ਰਹੇ ਸਨ।
ਮੋਗਾ, ਫਿਰੋਜਪੁਰ ਰੋਡ ਤੇ ਰਾਤ ਦੇ 12 ਵਜੇ ਥਾਣਾ ਸਦਰ ਦੇ ਨਜ਼ਦੀਕ ਸ਼ਰਧਾਲੂਆਂ ਨਾਲ ਭਰੇ ਇੱਕ ਕੈਂਟਰ ਦੀ 10 ਟਾਇਰਾਂ ਵਾਲੇ ਟਰੱਕ ਟਰਾਲੇ ਨਾਲ ਜਬਰਦਸਤ ਟੱਕਰ ਹੋਣ ਨਾਲ 18 ਸ਼ਰਧਾਲੂਆਂ ਦੀ , ਜਿਸ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਸਨ, ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੇ ਮੋਗੇ ਤੋਂ ਉਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਮਾਜ ਸੇਵੀ ਸੁਸਾਇਟੀਆਂਦੇ ਮੈਂਬਰ ਤੁਰੰਤ ਪਹੁੰਚ ਗਏ। ਕੈਂਟਰ ਵਿੱਚ ਫਸੇ ਮ੍ਰਿਤਕ ਸਰੀਰਾਂ ਨੂੰ ਛੋਟੀ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।ਇਹ ਲੋਕ ਪੁੰਨਿਆਂ ਦੇ ਦਿਹਾੜੇ ਤੇ ਨਾਨਕਸਰ ਵਿੱਖੇ ਮਹਾਂ ਪੁਰਖਾਂ ਦੇ ਪ੍ਰਵੱਚਨ ਸੁਣਨ ਲਈ ਗਏ ਸਨ। ਜਦੋਂ ਉਹ ਵਾਪਿਸ ਆ ਰਹੇ ਸਨ ਤਾਂ ਫਿਰੋਜ਼ਪੁਰ ਤੋਂ ਇੱਕ ਤੇਜ਼ ਰਫ਼ਤਾਰ ਆ ਰਹੇ ਟਰੱਕ ਨੇ ਉਨ੍ਹਾਂ ਦੇ ਕੈਂਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਰਨ ਵਾਲਿਆਂ ਵਿੱਚੋਂ 11 ਇੱਕ ਹੀ ਪਰੀਵਾਰ ਦੇ ਹਨ ਅਤੇ 5 ਦੂਸਰੇ ਇੱਕ ਹੀ ਪਰੀਵਾਰ ਦੇ ਹਨ। ਮੁੱਖਮੰਤਰੀ ਬਾਦਲ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਮੌਤ ਤੇ ਡੂੰਘਾ ਦੁੱਖ ਜਾਹਿਰ ਕੀਤਾ ਹੈ ਅਤੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਇੱਕ-ਇੱਕ ਲੱਖ ਦੀ ਐਕਸਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ।