ਚੰਡੀਗੜ੍ਹ- ਦੇਸ਼ ਦੇ ਕਰੋੜਾਂ ਲੋਕ ਦਾਣੇ-ਦਾਣੇ ਨੂੰ ਤਰਸਦੇ ਭੁੱਖੇ ਪੇਟ ਸੌਣ ਲਈ ਮਜ਼ਬੂਰ ਹਨ, ਪਰ ਪੰਜਾਬ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਲਾਪ੍ਰਵਾਹੀ ਅਤੇ ਆਪਸੀ ਮੱਤਭੇਦ ਹੋਣ ਕਰਕੇ ਪਿੱਛਲੇ ਪੰਜ ਸਾਲਾਂ ਵਿੱਚ 10 ਕਰੋੜ ਤੋਂ ਵੱਧ ਦਾ ਅਨਾਜ ਖਰਾਬ ਹੋ ਗਿਆ ਹੈ ਜੋ ਕਿ ਖਾਣ ਦੇ ਯੋਗ ਨਹੀਂ ਰਿਹਾ।
ਪੰਜਾਬ ਵਿੱਚ ਸਰਕਾਰੀ ਅੰਕੜੇ ਦਸਦੇ ਹਨ ਕਿ 97 ਹਜ਼ਾਰ ਦੀ ਕਣਕ ਸੜ ਚੁੱਕੀ ਹੈ। ਇਸ ਵਿੱਚੋਂ 47 ਹਜ਼ਾਰ ਟਨ ਦੀ ਨੀਲਾਮੀ ਕੀਤੀ ਜਾਵੇਗੀ। ਇਸ ਤੋਂ ਜਾਂ ਤਾਂ ਪਸ਼ੂਆਂ ਲਈ ਫੀਡ ਬਣਾਈ ਜਾਵੇਗੀ ਅਤੇ ਜਾਂ ਸ਼ਰਾਬ ਦੀਆਂ ਕੰਪਨੀਆਂ ਇਸ ਦੀ ਖ੍ਰੀਦ ਕਰਨਗੀਆਂ। ਖਾਧ ਅਤੇ ਸਪਲਾਈ ਮੰਤਰੀ ਆਦੇਸ਼ਪ੍ਰਤਾਪ ਸਿੰਘ ਕੈਰੋਂ ਅਤੇ ਐਫਸੀਆਈ ਦੇ ਸੀਨੀਅਰ ਜਨਰਲ ਮੈਨੇਜਰ ਨੀਲਕੰਠ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜੋ 47 ਹਜ਼ਾਰ ਟਨ ਕਣਕ ਨੀਲਾਮ ਕਰਨੀ ਹੈ, ਉਸ ਨੂੰ ਵੀ ਮਨਜੂਰੀ ਮਿਲਣ ਤੋਂ ਬਾਅਦ ਹੀ ਨੀਲਾਮ ਕੀਤਾ ਜਾਵੇਗਾ। ਪੰਜਾਬ ਵਿੱਚ 2.04 ਕਰੋੜ ਟਨ ਅਨਾਜ ਰੱਖਣ ਦੀ ਸਮਰੱਥਾ ਹੈ । ਇਸ ਵਿੱਚੋਂ ਇੱਕ ਕਰੋੜ ਟਨ ਕਵਰਡ ਗੋਦਾਮਾਂ ਵਿੱਚ ਅਤੇ 1.04 ਕਰੋੜ ਟਨ ਖੁਲ੍ਹੇ ਵਿੱਚ ਰੱਖਿਆ ਜਾਂਦਾ ਹੈ। ਇਸ ਸਮੇਂ 65 ਲੱਖ ਟਨ ਕਣਕ ਅਤੇ 55 ਲੱਖ ਟਨ ਚੌਲ ਅਜੇ ਵੀ ਗੋਦਾਮਾਂ ਵਿੱਚ ਪਿਆ ਹੋਇਆ ਹੈ, ਜਦ ਕਿ 1.20 ਕਰੋੜ ਟਨ ਕਣਕ ਦੇ ਇਸ ਸਾਲ ਵਿੱਚ ਆਉਣ ਦੀ ਸੰਭਾਵਨਾ ਹੈ।