ਲੁਧਿਆਣਾ:ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਕਾਟਲੈਂਡ ਤੋਂ ਆਏ ਵਿਗਿਆਨੀਆਂ ਦੇ ਵਫਦ ਨੇ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਲੈਸਲੀ ਟਰਾਂਸ ਕਰ ਰਹੇ ਸਨ। ਇਸ ਵਫਦ ਨੇ ਨੈਨੋ ਸਾਇੰਸ ਲੈਬਾਰਟਰੀ, ਕੀਟ ਵਿਗਿਆਨ ਵਿਭਾਗ ਵਿਖੇ ਸਥਿਤ ਕੀਟਨਾਸ਼ਕਾਂ ਦੀ ਰਹਿੰਦ ਖੂਹੰਦ ਦੀ ਜਾਂਚ ਪਰਖ਼ ਲਈ ਸਥਾਪਿਤ ਲੈਬਾਰਟਰੀ, ਬਾਇਓ ਟੈਕਨਾਲੋਜੀ ਸਕੂਲ, ਪੌਦਾ ਰੋਗ ਹਸਪਤਾਲ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਪ੍ਰਦਰਸ਼ਨੀ ਪਲਾਟਾਂ ਦਾ ਦੌਰਾ ਕੀਤਾ।
ਪ੍ਰੋਫੈਸਰ ਲੈਸਲੀ ਨੇ ਆਪਣੀ ਇਸ ਦੋ ਰੋਜ਼ਾ ਫੇਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਵਿਦਿਆਰਥੀਆਂ ਅਤੇ ਵਿਗਿਆਨੀਆਂ ਦੇ ਅਦਾਨ ਪ੍ਰਦਾਨ ਨਾਲ ਸਬੰਧਿਤ ਹੈ ਤਾਂ ਜੋ ਦੋਹਾਂ ਦੇਸ਼ਾਂ ਵਿੱਚ ਹੋ ਰਹੇ ਖੋਜ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟਮਾਟਰ, ਆਲੂ, ਅਨਾਜ ਅਤੇ ਹੋਰ ਮੁੱਖ ਫ਼ਸਲਾਂ ਦੀਆਂ ਬੀਮਾਰੀਆਂ ਵਿੱਚ ਹੋ ਰਹੀ ਖੋਜ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਕਾਟਲੈਂਡ ਵਿੱਚ ਵਧੇਰੇ ਉਤਪਾਦ ਦੇ ਨਾਲ ਨਾਲ ਖੁਰਾਕੀ ਮਹੱਤਤਾ ਵੱਲ ਵਿਸੇਸ਼ ਖੋਜ ਕਾਰਜ ਨਬੇੜੇ ਜਾ ਰਹੇ ਹਨ। ਫੇਰੀ ਦੌਰਾਨ ਅਪਰ ਨਿਰਦੇਸ਼ਕ ਖੋਜ (ਖੇਤੀਬਾੜੀ) ਅਤੇ ਪੌਦਾ ਰੋਗ ਵਿਗਿਆਨ ਦੇ ਮੁਖੀ ਡਾ: ਤਰਲੋਚਨ ਸਿੰਘ ਥਿੰਦ ਨੇ ਦੱਸਿਆ ਕਿ ਆਰਥਿਕ ਪੱਖੋਂ ਅਨੁਕੂਲ ਬੀਮਾਰੀਆਂ ਤੇ ਕਾਬੂ ਪਾਉਣ ਲਈ ਤਕਨੀਕਾਂ ਵਿੱਢੀਆਂ ਜਾ ਰਹੀਆਂ ਹਨ ਅਤੇ ਦੱਸਿਆ ਕਿ ਨਵੀਆਂ ਪੇਸ਼ ਆ ਰਹੀਆਂ ਬੀਮਾਰੀਆਂ ਅਤੇ ਫ਼ਸਲਾਂ ਤੇ ਕੀਟਾਣੂਆਂ ਦੇ ਹਮਲੇ ਸੰਬੰਧੀ ਸਮੇਂ ਸਮੇਂ ਤੇ ਸਰਵੇਖਣ ਕੀਤੇ ਜਾਂਦੇ ਹਨ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਕੀਟਨਾਸ਼ਕਾਂ ਦੀ ਰਹਿੰਦ ਖੂਹੰਦ ਅਤੇ ਕੀੜਿਆਂ ਵਿੱਚ ਆ ਰਹੀ ਕੀਟਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਇਸ ਵਿਭਾਗ ਦੇ ਮੁੱਖ ਖੋਜ ਕਾਰਜਾਂ ਵਿਚੋਂ ਇਕ ਹੈ। ਉਨ੍ਹਾਂ ਦੱਸਿਆ ਕਿ ਬੀ ਟੀ ਜੀਨ ਦੀ ਆਮਦ ਨਾਲ ਕੀਟਨਾਸ਼ਕਾਂ ਦੀ ਵਰਤੋਂ ਪੰਜਾਬ ਸੂਬੇ ਵਿੱਚ ਕਾਫੀ ਹੱਦ ਤਕ ਘਟੀ ਹੈ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਉੱਘੇ ਬਾਇਓ ਟੈਕਨਾਲੋਜੀ ਦੇ ਵਿਗਿਆਨੀ ਡਾ: ਦਰਸ਼ਨ ਸਿੰਘ ਬਰਾੜ ਨਾਲ ਮੁਲਾਕਾਤ ਕੀਤੀ। ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ: ਪਰਮਜੀਤ ਸਿੰਘ ਬਰਾੜ ਨੇ ਵਫਦ ਨੂੰ ਦੱਸਿਆ ਕਿ ਇਸ ਖੇਤਰ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ 145 ਤੋਂ ਵੱਧ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਸਬਜ਼ੀ ਦੀਆਂ ਅਤੇ ਪੌਸ਼ਟਿਕ ਤੱਤਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਖੇਤਰ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬਾਇਓ ਟੈਕਨਾਲੋਜੀ ਲੈਬਾਰਟਰੀ ਦੀ ਫੇਰੀ ਦੌਰਾਨ ਡਾ: ਅਨੂ ਕਾਲੀਆ ਨੇ ਇਸ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ।