ਫਤਹਿਗੜ੍ਹ ਸਾਹਿਬ -“ਕਹਿਣ ਨੂੰ ਤਾਂ ਇਹ ਹਿੰਦ ਦੇ ਮੁਲਕ ਦਾ ਵਿਧਾਨ ਧਰਮ ਨਿਰਪੱਖ ਹੈ, ਪਰ ਜਦੋ ਹੁਕਮਰਾਨ ਅਮਲ ਕਰਦੇ ਹਨ ਤਾਂ ਹਰ ਖੇਤਰ ਵਿਚ ਮੁਸਲਿਮ, ਸਿੱਖ ਅਤੇ ਈਸਾਈ ਕੌਮਾਂ ਨਾਲ ਬੇਇਨਸਾਫ਼ੀਆਂ ਅਤੇ ਘੋਰ ਵਿਤਰਕੇ ਕਰਦੇ ਆਏ ਹਨ । ਇਸ ਦੀ ਤਾਜ਼ਾ ਮਿਸ਼ਾਲ ਹੁਣੇ ਹੀ ਸੁਪਰੀਮ ਕੋਰਟ ਦੇ ਮੁੱਖ ਜੱਜ਼ ਵੱਲੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਨਵੇ ਜੱਜ਼ਾਂ ਦੀ ਜੋ ਨਿਯੁਕਤੀ ਕੀਤੀ ਗਈ ਹੈ, ਉਸ ਵਿਚ ਇਕ ਵੀ ਸਿੱਖ ਨੂੰ ਜੱਜ਼ ਨਹੀ ਲਗਾਇਆ ਗਿਆ, ਜੋ ਘੋਰ ਵਿਤਕਰੇ ਵਾਲਾ ਅਸਹਿ ਅਮਲ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋ 1966 ਤੋ ਹੀ ਜਦੋ ਤੋ ਪੰਜਾਬ ਹੋਂਦ ਵਿਚ ਆਇਆ ਹੈ, ਉਸ ਸਮੇ ਤੋ ਹੀ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਨੂੰ ਮੰਦਭਾਗਾਂ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ 1966 ਤੋ ਹੀ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਹਿੰਦੂ ਜੱਜ਼ਾਂ ਬਹੁ ਗਿਣਤੀ ਚੱਲੀ ਆ ਰਹੀ ਹੈ । ਇਥੋ ਤੱਕ ਕਿ ਹਰਿਆਣਾ ਸੂਬੇ ਵੱਲੋ ਕਿਸੇ ਇਕ ਵੀ ਸਿੱਖ ਜੱਜ਼ ਨੂੰ ਲਗਾਉਣ ਦੀ ਸਿਫਾਰਿਸ਼ ਨਹੀ ਕੀਤੀ ਗਈ । ਜਿਸ ਤੋ ਸਪੱਸਟ ਹੋ ਜਾਂਦਾ ਹੈ ਕਿ ਅਜਿਹਾ ਅਮਲ ਮੁਤੱਸਵੀਂ ਅਤੇ ਫਿਰਕੂ ਸੋਚ ਅਧੀਨ ਕੀਤਾ ਜਾਂਦਾ ਹੈ । ਅੱਜ ਇਹੀ ਕਾਰਨ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸਿੱਖ ਜੱਜ਼ਾਂ ਦੀ ਪ੍ਰਤੀਸਤਾਂ ਬਹੁਤ ਘੱਟ ਗਈ ਹੈ । ਇਹੀ ਮੁੱਖ ਕਾਰਨ ਹੈ ਕਿ ਸਿੱਖ ਕੌਮ ਨੂੰ ਬਣਦਾ ਇਨਸਾਫ਼ ਵੀ ਨਹੀ ਮਿਲ ਰਿਹਾ । ਇਥੋ ਤੱਕ ਕਿ ਸਿੱਖਾਂ ਵੱਲੋਂ ਪਾਈਆ ਜਾਣ ਵਾਲੀਆਂ ਪੀ.ਆਈ.ਐਲ. ਵਾਲੀਆ ਪਟੀਸ਼ਨਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀ ਕੀਤਾ ਜਾਂਦਾ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁਪਰੀਮ ਕੋਰਟ ਦੇ ਮੁੱਖ ਜੱਜ਼, ਦੋਵਾਂ ਪੰਜਾਬ ਅਤੇ ਹਰਿਆਣਾ ਸੂਬੇ ਦੇ ਮੁੱਖ ਮੰਤਰੀਆਂ ਤੋ ਪੁੱਛਣਾ ਚਾਹੇਗਾਂ ਕਿ ਜੱਜ਼ਾਂ ਦੀ ਨਿਯੁਕਤੀ ਕਰਦੇ ਸਮੇ ਕਾਬਿਲ ਕਾਨੂੰਨਦਾਨ ਸਿੱਖਾਂ ਨੂੰ ਨਜ਼ਰ ਅੰਦਾਜ਼ ਕਿਉ ਕੀਤਾ ਜਾਂਦਾ ਹੈ ? ਅਤੇ ਅਜਿਹੇ ਜੱਜ਼ਾਂ ਦੀ ਨਿਯੁਕਤੀ ਕਰਦੇ ਸਮੇ ਫਿਰਕੂ ਸੋਚ ਕਿਉ ਭਾਰੀ ਹੋ ਜਾਂਦੀ ਹੈ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਰੰਜ਼ਨ ਲਖਨਪਾਲ ਐਡਵੋਕੇਟ ਜੋ ਨਿਰਸਵਾਰਥ ਹੋਕੇ ਪੰਜਾਬੀਆਂ ਅਤੇ ਸਿੱਖ ਕੌਮ ਲਈ ਇਨਸਾਫ਼ ਪ੍ਰਾਪਤ ਕਰਨ ਲਈ ਲੰਮੇ ਸਮੇ ਤੋ ਨਿਡਰਤਾਂ ਨਾਲ ਜੂਝਦੇ ਆ ਰਹੇ ਹਨ, ਉਹਨਾਂ ਨੂੰ ਜੱਜ਼ ਬਣਾਉਣ ਤੋ ਹੁਕਮਰਾਨ ਕਿਉ ਭੱਜ ਰਹੇ ਹਨ ? ਜਦੋ ਕਿ ਸਿੱਖ ਵਿਰੋਧੀ ਤਾਕਤਾਂ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਹੋਣ ਵਾਲਿਆਂ ਨੂੰ ਹਿੰਦੂਤਵ ਹਕੂਮਤ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ਼, ਜੱਜ਼ ਵਾਲੀ ਮੁੱਖ ਜਿੰਮੇਵਾਰੀ ਦੇਕੇ ਖੁਸ਼ੀ ਮਹਿਸੂਸ ਕਰਦੇ ਹਨ । ਮੁਸਲਿਮ, ਸਿੱਖ ਅਤੇ ਈਸਾਈ ਕੌਮ ਨਾਲ ਸੰਬੰਧਿਤ ਕਾਬਿਲ ਵਕੀਲਾਂ ਨੂੰ ਇਕ ਸਾਜਿਸ਼ ਤਹਿਤ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ । ਜਿਸ ਨਾਲ ਹੁਕਮਰਾਨ ਖੁਦ ਹਿੰਦ ਦੇ ਵਿਧਾਨ ਵਿਚ ਬਰਾਬਰਤਾਂ ਵਾਲੀ ਮੱਦ ਦੀ ਉਲੰਘਣਾ ਕਰਦੇ ਨਜ਼ਰ ਆਉਦੇ ਹਨ । ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ ।