ਫਤਹਿਗੜ੍ਹ ਸਾਹਿਬ – “ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਜੋ ਬੀਤੇ ਦਿਨੀਂ ਪੰਜਾਬ ਪੁਲਿਸ ਦੇ ਮੁੱਖੀਂ ਅਤੇ ਹੋਰ ਉੱਚ ਅਫਸਰਾਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਹੈ, ਕਿ ਕਿਸੇ ਵੀ ਪੁਲਿਸ ਅਫ਼ਸਰ ਦੀ ਬਦਲੀ ਹੋਣ ਉਪਰੰਤ, ਉਹ ਆਪਣੇ ਚਹੇਤੇ ਮੁਲਾਜ਼ਮਾਂ ਨੂੰ ਆਪਣੇ ਨਾਲ ਨਹੀ ਲੈ ਜਾ ਸਕੇਗਾਂ । ਇਹ ਫੈਸਲਾ ਦਰੁਸਤ ਅਤੇ ਸਲਾਘਾਯੋਗ ਹੈ ਅਤੇ ਅਜਿਹਾ ਅਮਲ ਹੋਣ ਤੇ ਪੁਲਿਸ ਵਿਭਾਗ ਵਿਚ ਮੰਨਮਾਨੀਆ ਕਰਨ, ਜ਼ਬਰ-ਜੁਲਮ ਹੋਣ, ਜਾਂ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਦਾ ਰੁਝਾਨ ਬੰਦ ਹੋਣ ਵੱਲ ਵੱਧੇਗਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੁਲਿਸ ਦੇ ਅਫ਼ਸਰਾਂ ਵੱਲੋਂ ਨਿਰੰਤਰ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਦੇ ਵੱਧਦੇ ਜਾ ਰਹੇ ਅਮਲਾਂ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਹੇ । ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਚੰਗੀਆਂ ਪਿਰਤਾ ਪਾਉਣ ਦੀ ਗੱਲ ਹੋ ਰਹੀ ਹੈ ਅਤੇ ਦੂਸਰੇ ਪਾਸੇ ਸ੍ਰੀ ਸੁਮੇਧ ਸੈਣੀ ਵਰਗੇ ਸਿੱਖ ਕੌਮ ਦੇ ਕਾਤਿਲ ਅਫ਼ਸਰ ਨੂੰ ਪੰਜਾਬ ਪੁਲਿਸ ਦਾ ਮੁੱਖੀ ਬਣਾਕੇ ਉਸ ਨੂੰ ਨਿਯੁਕਤੀਆਂ ਕਰਨ ਲਈ ਆਜ਼ਾਦ ਹੱਥ ਦਿੱਤਾ ਜਾ ਰਿਹਾ ਹੈ । ਜਿਸ ਨਾਲ ਪੰਜਾਬ ਵਿਚਲਾ ਸਮਾਜਿਕ ਮਾਹੌਲ ਹੋਰ ਵੀ ਗੰਧਲਾਂ ਹੁੰਦਾ ਜਾ ਰਿਹਾ ਹੈ । ਉਹਨਾਂ ਸਵਾਲ ਕੀਤਾ ਕਿ ਸ੍ਰੀ ਸੁਮੇਧ ਸੈਣੀ ਦੇ ਚਹੇਤੇ ਅਫ਼ਸਰਾਂ ਨੂੰ ਮੋਗੇ ਅਤੇ ਗੁਰਦਾਸਪੁਰ ਵਿਖੇ ਐਸ.ਐਸ.ਪੀ. ਕਿਉ ਲਗਾਏ ਗਏ ? ਗੁਰਦਾਸਪੁਰ ਦੇ ਸ. ਜਸਪਾਲ ਸਿੰਘ ਦੇ ਸ਼ਹੀਦ ਹੋਣ ਪਿੱਛੇ ਕੀ ਸ੍ਰੀ ਸੈਣੀ ਦੇ ਚਹੇਤੇ ਅਫ਼ਸਰ ਜਿੰਮੇਵਾਰ ਨਹੀ ? ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸਿੱਖ ਕੌਮ ਦੇ ਕਾਤਿਲ ਸ੍ਰੀ ਐਸ.ਐਸ. ਵਿਰਕ ਨੂੰ ਲਗਾਇਆ ਗਿਆ । ਫਿਰ ਸ੍ਰੀ ਕੇ.ਪੀ.ਐਸ. ਗਿੱਲ ਸਾਬਕਾ ਸਜ਼ਾਂ ਯਾਫਤ ਦੀ ਅਗਵਾਈ ਹੇਠ ਪੁਲਿਸ ਦੇ ਹੈੱਡਕੁਆਰਟਰ ਵਿਖੇ ਸਮੁੱਚੇ ਅਫ਼ਸਰਾਂ ਦੀ ਮੀਟਿੰਗ ਕਿਹੜੇ ਕਾਨੂੰਨ ਅਤੇ ਕਿਹੜੇ ਇਖ਼ਲਾਕ ਰਾਹੀ ਹੋਣ ਦਿੱਤੀ ਗਈ, ਉਸ ਤੋ ਸਾਨੂੰ ਜਾਣੂ ਕਰਾਉਣ । ਸ੍ਰੀ ਗਿੱਲ, ਸ੍ਰੀ ਐਨ.ਪੀ.ਐਸ. ਔਲਖ, ਇਜ਼ਹਾਰ ਆਲਮ, ਸੈਣੀ, ਵਿਰਕ, ਆਦਿ ਜ਼ਾਬਰ ਪੁਲਿਸ ਅਫ਼ਸਰਾਂ ਨੂੰ ਵਾਰ-ਵਾਰ ਹੁਕਮਰਾਨ ਪੰਜਾਬ ਸੂਬੇ ਉਤੇ ਕਿਉ ਥੋਪ ਰਹੇ ਹਨ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਪੰਜਾਬ ਵਿੱਚ ਕਿਸੇ ਵੀ ਜ਼ਬਰ ਪੁਲਿਸ ਅਫ਼ਸਰ ਦੀਆਂ ਕਾਰਵਾਈਆ ਨੂੰ ਕਦੀ ਪ੍ਰਵਾਨ ਨਹੀ ਕਰੇਗੀ ।