ਫਤਹਿਗੜ੍ਹ ਸਾਹਿਬ – “ਜਦੋ ਬਾਬਾ ਹਰਨਾਮ ਸਿੰਘ ਧੂੰਮਾ ਅਤੇ ਐਸਜੀਪੀਸੀ ਦੇ ਅਧਿਕਾਰੀਆਂ ਨੂੰ ਪਤਾ ਹੈ ਕਿ ਕੌਮ ਦੀ ਪ੍ਰਵਾਨਗੀ ਤੋ ਬਿਨ੍ਹਾਂ ਜ਼ਬਰੀ ਬਣਾਈ ਜਾ ਰਹੀ ਸ਼ਹੀਦੀ ਯਾਦਗਾਰ ਨੂੰ ਕੌਮ ਨੇ ਬਿਲਕੁਲ ਪ੍ਰਵਾਨ ਨਹੀ ਕਰਨਾ । ਕਿਉਕਿ ਬਾਬਾ ਸੰਤਾ ਸਿੰਘ ਦੁਆਰਾ ਸਰਕਾਰੀ ਸਰਪ੍ਰਸਤੀ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਣ ਵਾਲੀ ਉਸਾਰੀ ਨੂੰ ਵੀ ਜਿਵੇ ਸਿੱਖ ਸੰਗਤ ਨੇ ਪ੍ਰਵਾਨ ਹੀ ਸੀ ਕੀਤਾ, ਉਸੇ ਤਰ੍ਹਾਂ ਆਰ.ਐਸ.ਐਸ ਅਤੇ ਬੀਜੇਪੀ ਦੀਆਂ ਗੁਪਤ ਹਿਦਾਇਤਾਂ ਉਤੇ ਸ. ਬਾਦਲ ਅਤੇ ਸ. ਮੱਕੜ ਵੱਲੋਂ ਬਾਬੇ ਧੂੰਮੇ ਨੂੰ ਇਹ ਉਪਰੋਕਤ ਦਿੱਤੀ ਗਈ ਸੇਵਾ ਨੂੰ ਵੀ ਕੌਮ ਨੇ ਦੁਰਕਾਰ ਦੇਣਾ ਹੈ । ਇਸ ਲਈ ਕੌਮ ਦੀ ਇਕ ਰਾਇ ਬਣਾਉਣ ਲਈ ਇਹ ਜਰੂਰੀ ਹੈ ਕਿ ਜੇਕਰ ਬਾਬਾ ਧੂੰਮਾ ਇਸ ਮਿਲੀ ਜ਼ਬਰੀ ਸੇਵਾ ਨੂੰ ਆਪ ਹੀ ਛੱਡ ਦੇਣ ਤਾਂ ਇਹ ਉਹਨਾਂ ਲਈ ਅਤੇ ਕੌਮ ਲਈ ਦੋਵਾਂ ਲਈ ਬਹਿਤਰ ਹੋਵੇਗਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 20 ਮਈ ਨੂੰ ਸਾਜਸ਼ੀ ਢੰਗ ਨਾਲ ਸ਼ਹੀਦੀ ਯਾਦਗਾਰ ਦੀ ਸੁਰੂਆਤ ਕੀਤੇ ਜਾਣ ਦੇ ਕੌਮ ਵਿਰੋਧੀ ਅਮਲ ਉਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇਕ ਬਿਆਨ ਵਿਚ ਜਾਹਿਰ ਕੀਤੇ । ਉਹਨਾਂ ਕਿਹਾ ਕਿ ਜਦੋ ਵੀ ਕੌਮੀ ਸ਼ਹੀਦਾਂ ਦੀਆਂ ਯਾਦਗਰਾਂ ਬਣਦੀਆਂ ਹਨ, ਤਾਂ ਉਸ ਸਮੇ ਸਭ ਤੋ ਪਹਿਲੇ ਉਸ ਯਾਦਗਾਰ ਦੇ ਨਮੂਨੇ ਦਾ ਨਕਸਾ ਬਣਾਕੇ ਕੌਮ ਨੂੰ ਅਰਪਿਤ ਕੀਤਾ ਜਾਂਦਾ ਹੈ । ਫਿਰ ਸਮੂੱਚੀ ਕੌਮ ਦੇ ਆਗੂ ਬੁੱਧੀ ਜੀਵੀ, ਧਾਰਮਿਕ ਰਹਿਬਰ, ਸੰਗਠਨ, ਉਸ ਨਕਸੇ ਪ੍ਰਤੀ ਆਪੋ-ਆਪਣੇ ਖਿਆਲਾਤਾਂ ਤੋ ਅਤੇ ਸੁਝਾਵਾਂ ਤੋ ਜਾਣੂ ਕਰਾਉਦੇ ਹਨ । ਫਿਰ ਕੌਮ ਦੀ ਇਕ ਸਾਝੀ ਰਾਇ ਅਨੁਸਾਰ ਅਜਿਹੀਆਂ ਮਹਾਨ ਯਾਦਗਰਾਂ ਕਾਇਮ ਹੁੰਦੀਆ ਹਨ । ਜਿਵੇ ਫਰਾਂਸ, ਇਟਲੀ, ਨਿਊਜੀਲੈਡ ਆਦਿ ਮੁਲਕਾਂ ਵਿਚ ਅਜਿਹੀਆਂ ਯਾਦਗਾਰਾਂ ਸਥਾਪਿਤ ਹਨ । ਪਰ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲੀਆਂ ਦੇ ਆਗੂਆਂ ਨੇ ਇਸ ਯਾਦਗਾਰ ਨੂੰ ਕਾਇਮ ਕਰਨ ਲਈ ਇਤਿਹਾਸਿਕ ਨਿਯਮਾਂ ਅਤੇ ਅਸੂਲਾਂ ਵਿਚੋਂ ਲੰਘਣ ਦੀ ਪ੍ਰਕਿਰਿਆਂ ਨੂੰ ਨਜ਼ਰ ਅੰਦਾਜ ਕਰਕੇ ਬਹੁਤ ਕਾਹਲੀ ਵਿਚ ਫੈਸਲੇ ਕਰਕੇ ਇਸ ਯਾਦਗਾਰ ਬਣਾਉਣ ਦੀ ਜਿੰਮੇਵਾਰੀ ਉਹਨਾਂ ਲੋਕਾਂ ਨੂੰ ਦੇ ਦਿੱਤੀ ਹੈ, ਜਿਨ੍ਹਾਂ ਦਾ ਬੀਤੇ ਸਮੇ ਦਾ ਇਖਲਾਕ ਅਤੇ ਕਿਰਦਾਰ ਸੱਕੀ ਰਿਹਾ ਹੈ ਅਤੇ ਜੋ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਸਿੱਖ ਕੌਮ ਦੇ ਕਾਤਿਲ ਕੇ.ਪੀ.ਐਸ. ਗਿੱਲ ਅਤੇ ਸੁਦਰਸਨ ਬਾਬੂ ਜੋ ਉਸ ਸਮੇ ਦੇ ਆਰ.ਐਸ.ਐਸ. ਦੇ ਮੁੱਖੀ ਸਨ ਨੂੰ ਬੁਲਾਕੇ ਗੁਪਤ ਮੀਟਿੰਗਾਂ ਵੀ ਕਰਦੇ ਰਹੇ ਹਨ ਅਤੇ ਇਹ ਲੋਕ ਇਹਨਾਂ ਪੰਥ ਵਿਰੋਧੀਆਂ ਨੂੰ ਸਨਮਾਨਿਤ ਵੀ ਕਰਦੇ ਰਹੇ ਹਨ । ਅਜਿਹੇ ਲੋਕਾਂ ਵੱਲੋ ਜੰਗੀ ਸ਼ਹੀਦਾਂ ਦੀ ਯਾਦਗਾਰ ਬਣਵਾਉਣਾ ਵੀ ਕੌਮ ਦੀ ਨਜ਼ਰ ਵਿਚ ਵੱਡੇ ਸੰਕੇ ਉਤਪੰਨ ਕਰਦੀ ਹੈ ਅਤੇ ਕੌਮ ਨੇ ਅਜਿਹੀ ਬਣਾਈ ਜਾ ਰਹੀ ਯਾਦਗਾਰ ਨੂੰ ਬਿਲਕੁਲ ਪ੍ਰਵਾਨ ਨਹੀ ਕਰਨਾ ।
ਸ. ਮਾਨ ਨੇ ਕਿਹਾ ਕਿ ਬਾਬਾ ਧੂੰਮਾਂ ਦੀ ਭੂਮਿਕਾਂ ਬਾਬਾ ਰਾਮ ਰਾਇ ਵਰਗੀ ਹੈ । ਜਿਨ੍ਹਾਂ ਨੇ ਔਰੰਗਜ਼ੇਬ ਮੁਸਲਿਮ ਹਾਕਮ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀਆਂ ਪੰਕਤੀਆਂ “ਮਿੱਟੀ ਮੁਸਲਮਾਨ ਕੀ” ਨੂੰ “ਮਿੱਟੀ ਬੇਈਮਾਨ ਕੀ” ਆਖ ਕੇ ਗੁਰੂ ਘਰ ਨਾਲ ਧੋਖਾ ਕੀਤਾ ਸੀ । ਬੇਸੱ਼ਕ ਪੰਜਾਬ ਦੀ ਮੌਜੂਦਾਂ ਬਾਦਲ ਹਕੂਮਤ, ਸ੍ਰੀ ਮੱਕੜ, ਬਾਬਾ ਧੂੰਮਾ, ਜਸਵੀਰ ਸਿੰਘ ਰੋਡੇ, ਸੰਤ ਸਮਾਜ, ਫੰਡਰੇਸ਼ਨਾਂ, ਆਦਿ ਹਕੂਮਤ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਅਜਿਹੀ ਯਾਦਗਾਰ ਬਣਾਉਣ ਨੂੰ ਸਹਿਮਤੀ ਦੇ ਦੇਣ, ਪਰ ਜਦੋ ਤੱਕ ਇਹ ਸ਼ਹੀਦੀ ਯਾਦਗਾਰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਨਹੀ ਉਸਾਰੀ ਜਾਂਦੀ, ਉਦੋ ਤੱਕ ਅਜਿਹੇ ਤਾਨਾਸ਼ਾਹੀ ਫੈਸਲਿਆਂ ਅਤੇ ਅਮਲਾਂ ਨੂੰ ਕੌਮ ਨੇ ਨਾ ਕਦੇ ਬੀਤੇ ਸਮੇ ਵਿਚ ਅਤੇ ਨਾ ਹੀ ਅੱਜ, ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਪ੍ਰਵਾਨ ਕਰਨਾ ਹੈ ।