ਅਹਿਮਦਾਬਾਦ- ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਦੇ ਖਿਲਾਫ਼ ਸਾਬਕਾ ਮੁੱਖਮੰਤਰੀ ਕੇਸ਼ੂਭਾਈ ਦੇ ਖੇਮੇ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੋਦੀ ਦੀਆਂ ਨੀਤੀਆਂ ਤੋਂ ਨਰਾਜ਼ ਸਾਬਕਾ ਸਾਂਸਦ, ਨੇਤਾ, ਵਿਧਾਇਕ ਅਤੇ ਸਾਬਕਾ ਪਾਰਸ਼ਦਾਂ ਨੇ ਕੇਸ਼ੂਭਾਈ ਦੇ ਗਾਂਧੀ ਨਗਰ ਸਥਿਤ ਨਿਵਾਸ ਤੇ ਬੈਠਕ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ।
ਮਹਾਂ ਗੁਜਰਾਤ ਜਨਤਾ ਪਾਰਟੀ ਦੇ ਪ੍ਰਧਾਨ ਗੋਰਧਨ ਝੜਪੀਆ ਨੇ ਕਿਹਾ ਕਿ ਕੇਸ਼ੂਭਾਈ ਦੇ ਸਰਕਾਰ ਵਿਰੋਧੀ ਬਿਆਨਾਂ ਤੋਂ ਬਾਅਦ ਰਾਜ ਦੇ ਕਈ ਨੇਤਾ ਉਸ ਦੇ ਸੰਪਰਕ ਵਿੱਚ ਸਨ ਅਤੇ ਉਸ ਨਾਲ ਮਿਲਣਾ ਚਾਹੁੰਦੇ ਸਨ। ਬੇਸ਼ੱਕ ਉਸ ਨੇ ਕਿਸੇ ਨੇਤਾ ਦਾ ਨਾਂ ਨਹੀਂ ਲਿਆ ਪਰ ਉਸ ਰਹੀਂ ਕਈ ਸਥਾਨਕ ਨੇਤਾ ਕੇਸ਼ੂਭਾਈ ਨਾਲ ਗੁਪਤ ਮੁਲਾਕਾਤਾਂ ਕਰ ਰਹੇ ਹਨ। ਵਿਰੋਧੀਆਂ ਦੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਭਾਜਪਾ ਵੀ ਚੁਕੰਨੀ ਹੋ ਗਈ ਹੈ। ਕੇਸ਼ੂਭਾਈ ਅਤੇ ਝੜਫੀਆ ਨੂੰ ਮਿਲਣ ਵਾਲੇ ਸਥਾਨਕ ਨੇਤਾਵਾਂ ਤੇ ਨਜ਼ਰ ਰੱਖੀ ਜਾ ਰਹੀ ਹੈ।