ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿਚ ਸੈਸ਼ਨ ਦੌਰਾਨ ਕਾਫੀ ਹੰਗਾਮਾ ਹੋਇਆ। ਸਦਨ ਵਿਚ ਗਵਰਨਰ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਕਾਂਗਰਸੀ ਵਿਧਾਇਕਾਂ ਵਲੋਂ ਰੌਲਾਰੱਪਾ ਪਾਇਆ ਗਿਆ। ਖੂਬ ਨਾਅਰੇਬਾਜ਼ੀ ਕੀਤੀ ਗਈ ਅਤੇ ਸਦਨ ਵਿਚੋਂ ਵਾਕਆਊਟ ਕਰ ਗਏ। ਜਿਸ ਸਮੇਂ ਰਾਜਪਾਲ ਐਸ ਐਫ ਰੋਡਰਿਗਸ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਉਸ ਦੇ ਬਰਾਬਰ ਹੀ ਕਾਂਗਰਸ ਦੇ ਵਿਧਾਇਕ ਮੱਖਣ ਸਿੰਘ ਨੇ ਵੀ ਭਾਸ਼ਣ ਦੇਣਾ ਸ਼ੁਰੂ ਕਰ ਦਿਤਾ। ਉਸ ਸਮੇਂ ਕਾਫੀ ਰੌਲੇ ਰੱਪੇ ਵਾਲਾ ਮਹੌਲ ਬਣ ਗਿਆ। ਪਰ ਗਵਰਨਰ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਇਸ ਤਰ੍ਹਾਂ 15 ਕੁ ਮਿੰਟ ਦੇ ਸ਼ੋਰ ਸ਼ਰਾਬੇ ਤੋਂ ਬਾਅਦ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਅਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਕਾਂਗਰਸੀ ਵਿਧਾਇਕ ਸਦਨ ਤੋਂ ਬਾਹਰ ਚਲੇ ਗਏ। ਮੱਖਣ ਸਿੰਘ ਵਲੋਂ ਪੜ੍ਹੇ ਗਏ ਭਾਸਣ ਵਿਚ ਕਿਹਾ ਗਿਆ ਕਿ ਸਾਡਾ ਮਕਸਦ ਰਾਜਪਾਲ ਦੀ ਸ਼ਾਨ ਵਿਚ ਬੋਲਣ ਦਾ ਨਹੀਂ ਸੀ। ਅਸੀਂ ਭਾਜਪਾ ਅਤੇ ਬਾਦਲ ਦੀ ਸਰਕਾਰ ਦੀਆਂ ਨਕਾਮੀਆਂ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਬਜਟ ਸੈਸ਼ਨ ਹੈ ਅਤੇ ਬਜਟ ਦਾ ਨਾਂ ਨਿਸ਼ਾਨ ਵੀ ਨਹੀਂ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿਚ ਕਨੂੰਨ ਦਾ ਰਾਜ ਖਤਮ ਹੋ ਗਿਆ ਹੈ। ਕਾਂਗਰਸ ਦੇ 1100 ਵਰਕਰਾਂ ਤੇ ਝੂਠੇ ਕੇਸ ਬਣਾਏ ਗਏ ਹਨ। ਔਰਤਾਂ ਨੂੰ ਵੀ ਨਹੀਂ ਬਖਸਿ਼ਆ ਗਿਆ।
ਰਾਜਪਾਲ ਜਨਰਲ ਐਸ ਐਫ ਰੋਡਰਿਗਸ ਨੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਖੇਤਰ ਪੰਜਾਬ ਦੇ ਹਵਾਲੇ ਕਰਨ ਲਈ ਕਿਹਾ ਅਤੇ ਨਾਲ ਹੀ ਦੂਸਰੇ ਰਾਜਾਂ ਨੂੰ ਪੰਜਾਬ ਦਾ ਪਾਣੀ ਦਿਤੇ ਜਾਣ ਦਾ ਵਿਰੋਧ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਫੈਡਰਲ ਢਾਂਚਾ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਆਪਣੇ ਭਾਸ਼ਣ ਵਿਚ ਰਾਜਪਾਲ ਨੇ ਬਾਦਲ ਦੇ ਗੁਣ ਗਾਉਂਦੇ ਹੋਏ ੳਨ੍ਹਾਂ ਨੂੰ ਇਤਿਹਾਸਕ ਨੇਤਾ ਦਸਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀਆਂ ਨਕਾਰਤਮਕ ਨੀਤੀਆਂ ਕਰਕੇ ਖੇਤੀ ਉਦਯੋਗ ਗੰਭੀਰ ਸੰਕਟ ਵਿਚ ਹੈ।