ਨਵੀਂ ਦਿੱਲੀ- ਏਅਰ ਇੰਡੀਆ ਨੇ ਸੋਮਵਾਰ ਨੂੰ ਹੜਤਾਲ ਕਰਨ ਵਾਲੇ 30 ਹੋਰ ਪਾਈਲਟਾਂ ਨੂੰ ਬਰਖਾਸਤ ਕਰ ਦਿੱਤਾ। 200 ਤੋਂ ਵੱਧ ਪਾਈਲਟਾਂ ਦੀ ਹੜਤਾਲ ਦੇ 14ਵੇਂ ਦਿਨ ਵਿੱਚ ਚਲੇ ਜਾਣ ਨਾਲ ਕੰਪਨੀ ਅਤੇ ਹੜਤਾਲੀ ਕਰਮਚਾਰੀਆਂ ਵਿੱਚਕਾਰ ਮਸਲਾ ਹੱਲ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ।
ਏਅਰ ਇੰਡੀਆ ਦਾ ਕਹਿਣਾ ਹੈ ਕਿ 30 ਹੋਰ ਪਈਲਟਾ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਬਰਖਾਸਤ ਕੀਤੇ ਗਏ ਪਾਈਲਟਾਂ ਦੀ ਗਿਣਤੀ 101 ਹੋ ਗਈ ਹੈ। ਇਹ ਬਰਖਾਸਤਗੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਕਿ ਜਹਾਜ਼ ਮੰਤਰੀ ਅਜੀਤ ਸਿੰਘ ਨੇ ਦਿੱਲੀ ਵਿੱਚ ਮਾਨਤਾ ਪ੍ਰਾਪਤ 10 ਯੂਨੀਅਨਾਂ ਦੇ ਨੇਤਾਵਾਂ ਨਾਲ ਮਿਲਕੇ ਆਈਪੀਜੀ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਕੰਪਨੀ ਪ੍ਰਬੰਧਕਾਂ ਨੇ ਦਾਅਵਾ ਕੀਤਾ ਸੀ ਕਿ ਮਾਨਤਾ ਗਵਾ ਚੁੱਕੀ ਯੂਨੀਅਨ ਇੰਡੀਅਨ ਪਾਈਲਟਸ ਗਿਲਡ ਦੇ ਦੋ ਮੈਂਬਰ ਡਿਊਟੀ ਤੇ ਵਾਪਿਸ ਆ ਗਏ ਹਨ, ਜਿਸ ਨਾਲ ਕੰਮ ਤੇ ਵਾਪਿਸ ਪਰਤਣ ਵਾਲੇ ਬੀਮਾਰ ਪਾਈਲਟਾਂ ਦੀ ਸੰਖਿਆ ਵੱਧ ਕੇ ਪੰਜ ਹੋ ਗਈ ਹੈ। ਏਅਰ ਇੰਡੀਆ ਇੰਜੀਨੀਅਰਜ਼ ਐਸੋਸੀਏਸ਼ਨ ਦੇ ਮੁੱਖ ਸਕੱਤਰ ਦਾ ਕਹਿਣਾ ਹੈ ਕਿ ਯੂਨੀਅਨਾਂ ਨੇ ਮਿਲ ਕੇ ਅਜੀਤ ਸਿੰਘ ਨੂੰ ਇੱਕ ਸਮਝੌਤੇ ਦਾ ਫਾਰਮੂਲਾ ਲਿਆਉਣ ਅਤੇ ਬਰਖਾਸਤ ਕੀਤੇ ਗਏ ਪਾਈਲਟਾਂ ਨੂੰ ਬਹਾਲ ਕਰਨ ਦਾ ਭਰੋਸਾ ਦੇਣ ਦੀ ਸਲਾਹ ਦਿੱਤੀ ਹੈ।