ਅੰਮ੍ਰਿਤਸਰ:- ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਅਮਰੀਕਾ ਵੱਲੋਂ ਸਿੱਖ ਦੀ ਪਰਿਭਾਸ਼ਾ ਨੂੰ ਸਮਝ ਦੇ ਹੋਏ ਆਪਣੇ ਦੇਸ਼ ‘ਚ ਕਾਨੂੰਨ ਵਿਵੱਸਥਾ ਨੂੰ ਬਣਾਏ ਰੱਖਣ ਵਾਲੀ ਪੁਲੀਸ ਫੋਰਸ ਵਿੱਚ ਸਿੱਖ ਨੂੰ ਦਸਤਾਰ ਸਜਾ ਕੇ ਡਿਊਟੀ ਕਰਨ ਨੂੰ ਪ੍ਰਵਾਨਗੀ ਦੇਣਾ ਅਤੇ ਅੰਮ੍ਰਿਤਧਾਰੀ ਸਿੰਘ ਨੂੰ ਅਦਾਲਤ ਪਰਿਸਰ ‘ਚ ਥੱਲਿਓ ਦੀ ਕ੍ਰਿਪਾਨ ਪਾ ਕੇ ਜਾਣ ਦੇਣ ਦੀ ਖੁੱਲ ਦੇਣ ਨਾਲ ਹਰੇਕ ਸਿੱਖ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸੇ ਹਰੇਕ ਗੁਰਸਿੱਖ ਨੇ ਅਮਰੀਕਾ ਸਰਕਾਰ ਦੇ ਇਸ ਫੈਸਲੇ ਦੀ ਸਹਾਰਨਾ ਕੀਤੀ ਪ੍ਰੰਤੂ ਕੁਝ ਦੇਸ਼ ਅਜੇ ਵੀ ਸਿੱਖ ਦੀ ਅਸਲ ਪਰਿਭਾਸ਼ਾ ਨੂੰ ਸਮਝ ਨਹੀ ਸਕੇ ਜੋ ਚਿੰਤਾ ਦਾ ਵਿਸ਼ਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬੀਤੇ ਦਿਨੀ ਕਨੇਡਾ ‘ਚ ਫਰਾਂਸੀਸੀ ਵਸੋਂ ਵਾਲੇ ਕਿਉਬਿਕ ਸੂਬੇ ਦੇ ਮੁੱਖ ਸ਼ਹਿਰ ਮਾਂਟਰੀਅਲ ਨੇੜੇ ਲਾਸਾਲ ਇਲਾਕੇ ਦੇ ਰਹਿਣ ਵਾਲੇ 11 ਸਾਲਾ ਸਿੱਖ ਲੜਕੇ ਫੁਟਬਾਲ ਖਿਲਾੜੀ ਅਨਿਲ ਸਿੰਘ ਸਮਰਾ ਨੂੰ ਸੋਕਰ ਲੀਗ ‘ਚ ਖੇਡਣ ਲਈ ਚੁਣਿਆ ਗਿਆ ਸੀ ਪ੍ਰੰਤੂ ਰੀਜਨਲ ਸੋਕਰ ਐਸੋਸੀਏਸ਼ਨ ਵੱਲੋਂ ਅੰਤਰ ਰਾਸ਼ਟਰੀ ਫੁਟਬਾਲ ਸੰਸਥਾ ਫੀਫਾ ਦੇ ਨਿਯਮਾਂ ਦਾ ਹਵਾਲਾ ਦੇ ਕੇ ਸਿੱਖ ਖਿਡਾਰੀ ਅਨਿਲ ਸਿੰਘ ਨੂੰ ਮੈਚ ਖੇਡਣ ਤੋਂ ਰੋਕ ਦਿੱਤਾ ਹੈ ਉਸ ਦਾ ਕਸੂਰ ਸਿਰਫ ਇੰਨਾਂ ਹੈ ਕਿ ਉਹ ਸਿੱਖ ਹੈ ਤੇ ਦਸਤਾਰ ਸਜਾ ਕੇ ਖੇਡਦਾ ਹੈ। ਐਸੋਸੀਏਸ਼ਨ ਦਾ ਇਹ ਫੈਸਲਾ ਨਿੰਦਣ ਯੋਗ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਖੇਡ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਕੋਈ ਖਿਡਾਰੀ ਚੰਗੀ ਖੇਡ ਦਿਖਾਉਦਾ ਹੈ ਤਾਂ ਖਿਡਾਰੀ ਦੇ ਨਾਲ-ਨਾਲ ਉਸ ਦੇਸ਼ ਦਾ ਹੀ ਨਾਮ ਉੱਚਾ ਹੁੰਦਾ ਹੈ ਜਿਸ ਦੇਸ਼ ਲਈ ਖਿਡਾਰੀ ਖੇਡਦਾ ਹੋਵੇ। ਉਹਨਾਂ ਕਿਹਾ ਕਿ ਸੋਕਰ ਐਸੋਸੀਏਸ਼ਨ ਦਾ ਫੈਸਲਾ ਗਲਤ ਤੇ ਨਿੰਦਣ ਯੋਗ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਨੇਡਾ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾਏ ਕਿ ਉਹ ਵੀ ਅਮਰੀਕਾ ਦੇਸ਼ ਵਾਂਗ ਫਰਾਖ ਦਿੱਲੀ ਨਾਲ ਫੈਸਲਾ ਲਵੇ ਤੇ ਸਿੱਖ ਖਿਡਾਰੀਆਂ ਨੂੰ ਆਪਣੇ ਰਵਾਇਤੀ ਡਰੈਸ ‘ਚ ਦਸਤਾਰ ਸਜਾ ਕੇ ਖੇਡਣ ਦੀ ਇਜਾਜ਼ਤ ਦੇਵੇ। ਕਨੇਡਾ ਸਰਕਾਰ ਵੱਲੋਂ ਜੇਕਰ ਸਿੱਖ ਬੱਚਿਆਂ ਦੇ ਹੱਕ ‘ਚ ਫੈਸਲਾ ਲਿਆ ਜਾਂਦਾ ਹੈ ਤਾਂ ਇਹ ਸਮੂਹ ਸਿੱਖ-ਭਾਈਚਾਰੇ ਦਾ ਦਿਲ ਜਿੱਤਣ ਵਾਲੀ ਗੱਲ ਹੋਵੇਗੀ।