ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਸਾਰੇ ਹੀ ਸਿੱਖ ਪੰਥ ਵਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਡੀ ਸਿੱਖ ਕੌਮ ਦੇ ਲੀਡਰਾਂ ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਅਤੇ ਹੋਰ ਦਿਹਾੜੇ ਮਨਾਉਣ ਲਈ ਤਾਂ ਸਮਾਂ ਹੈ ਪਰੰਤੂ ਉਨ੍ਹਾਂ ਪਾਸ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਅਪਨਾਉਣ ਲਈ ਸਮਾਂ ਨਹੀਂ ਹੈ। ਕਿਉਂਕਿ ਉਨ੍ਹਾਂ ਦੇ ਮੋਢਿਆਂ ‘ਤੇ ਗੁਰੂ ਘਰਾਂ ਦੀ ਸੇਵਾ ਦੀ ਇਕ ਬਹੁਤ ਵੱਡੀ ਜਿ਼ੰਮੇਵਾਰੀ ਜੋ ਸੰਗਤ ਵਲੋਂ ਪਾਈ ਗਈ ਹੈ, ਭਾਵ ਇਨ੍ਹਾਂ ਧਾਰਮਕ ਲੀਡਰਾਂ ਜਾਂ ਪ੍ਰਬੰਧਕਾਂ ਵਲੋਂ ਧੱਕੇ ਨਾਲ ਲਈ ਗਈ ਹੈ।
ਇਨ੍ਹਾਂ ਸੇਵਾ ਦੇ ਅਭਿਲਾਖੀ ਲੀਡਰਾਂ ਦੇ ਮਨ ਵਿਚ ਸੇਵਾ ਕਰਨ ਦੀ ਬਹੁਤ ਤੀਰਬ ਇੱਛਾ ਰਹਿੰਦੀ ਹੈ। ਪਰ ਇਹ ਸੇਵਾ ਦੀ ਇੱਛਾ ਉਦੋਂ ਤੱਕ ਹੀ ਇਨ੍ਹਾਂ ਦੇ ਮਨਾਂ ਵਿਚ ਰਹਿੰਦੀ ਹੈ ਜਦੋਂ ਤੱਕ ਇਨ੍ਹਾਂ ਪਾਸ ਪ੍ਰਧਾਨਗੀ, ਸਕੱਤਰੀ, ਖਜ਼ਾਨਚੀ ਦਾ ਅਹੁਦਾ ਆਦਿ ਰਹਿੰਦੇ ਹਨ। ਉਸਤੋਂ ਉਪਰੰਤ ਇਹ ਸਿੱਖ ਪੰਥ ਦੇ ਉੱਘੇ ਸੇਵਾਦਾਰਾਂ ਦੇ ਗੁਰੂਘਰਾਂ ਵਿਚ ਦਰਸ਼ਨ ਕਰਨੇ ਵੀ ਦੁਰਲੱਭ ਹੋ ਜਾਂਦੇ ਹਨ। ਇਸੇ ਹੀ ਸੇਵਾ ਦੀ ਪ੍ਰਾਪਤੀ ਲਈ ਕਈ ਗੁਰੂਘਰਾਂ ਵਿਚ ਤਾਂ ਇਹ ਸੇਵਾਦਾਰ ਸ਼ਰੇਆਮ ਆਪਣੇ ਵਿਰੋਧੀਆਂ ਨੂੰ ਅਜਿਹੀਆਂ ਗਾਲ੍ਹਾਂ ਕੱਢਦੇ ਵੇਖੇ ਸੁਣੇ ਜਾ ਸਕਦੇ ਹਨ ਜਿਨ੍ਹਾਂ ਨੂੰ ਸੁਣਕੇ ਰੱਬ ਵੀ ਹੈਰਾਨ ਹੁੰਦਾ ਹੋਵੇਗਾ ਕਿ ਇਹ ਸਿੱਖ ਕਿਸ ਸਿੱਖ ਰੂਪ ਨੂੰ ਧਾਰਨ ਕਰੀ ਬੈਠੇ ਹਨ?
ਗਾਲ੍ਹਾਂ ਹੀ ਕਿਉਂ ਜੇਕਰ ਇਨ੍ਹਾਂ ਗੁਰੂ ਕੇ ਪਿਆਰਿਆਂ ਨੂੰ ਆਪਣੀ ਪ੍ਰਧਾਨਗੀ ਖੁੱਸੀ ਦਿਸਦੀ ਹੈ ਤਾਂ ਉਹ ਆਪਣੇ ਵਿਰੋਧੀ ਦੀਆਂ ਧੀਆਂ ਭੈਣਾਂ ਉਪਰ ਦੂਸ਼ਣਬਾਜ਼ੀ ਭਰਪੂਰ ਵਾਰ ਕਰਨੋਂ ਵੀ ਬਾਜ਼ ਨਹੀਂ ਆਉਂਦੇ। ਇਹੀ ਹਾਲ ਉਨ੍ਹਾਂ ਦੇ ਵਿਰੋਧੀਆਂ ਦਾ ਹੁੰਦਾ ਹੈ ਉਹ ਵੀ ਕੁਝ ਅਜਿਹੀ ਹੀ ਨੀਤੀ ਅਖ਼ਤਿਆਰ ਕਰੀ ਬੈਠੇ ਹੁੰਦੇ ਹਨ। ਜੇਕਰ ਉਨ੍ਹਾਂ ਭਲੇ ਮਾਣਸਾਂ ਨੂੰ ਇੰਜ ਕਰਨ ਤੋਂ ਬਾਅਦ ਵੀ ਕੋਈ ਅਹੁਦਾ ਨਹੀਂ ਮਿਲਦਾ ਤਾਂ ਉਹ ਆਪਣੇ ਵਿਰੋਧੀਆਂ ਦੀਆਂ ਪੱਗਾਂ ਲਾਹੁਣੋਂ ਅਤੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕਰਨੋਂ ਵੀ ਬਾਜ਼ ਨਹੀਂ ਆਉਂਦੇ। ਜਿਸ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਸਿੱਖ ਨੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਉਹੀ ਗੁਰੂ ਕੇ ਸਿੱਖ ਗੁਰੂ ਸਾਹਿਬਾਂ ਦੇ ਮਿਸ਼ਨ ਨੂੰ ਢਾਹ ਲਾਉਂਦੇ ਹੋਏ ਆਪਣੇ ਵਿਰੋਧੀਆਂ ਦੇ ਕੇਸਾਂ ਦੀ ਬੇਅਦਬੀ ਕਰਦੇ ਹੋਏ ਉਨ੍ਹਾਂ ਦੀਆਂ ਪੱਗਾਂ ਲਾਹੁੰਦੇ ਹੋਏ ਵੇਖੇ ਗਏ ਹਨ। ਇਹ ਹੀ ਨਹੀਂ ਜੇਕਰ ਉਨ੍ਹਾਂ ਦੀ ਫਿਰ ਵੀ ਤਸਲੀ ਨਹੀਂ ਹੁੰਦੀ ਤਾਂ ਉਹ ਆਪਣੇ ਵਿਰੋਧੀ ਦੇ ਸਾਹਮਣੇ ਕ੍ਰਿਪਾਨਾਂ ਅਤੇ ਡਾਂਗਾਂ ਸੂਤਕੇ ਖੜੇ ਹੋ ਜਾਂਦੇ ਹਨ। ਕੁਰਬਾਨ ਜਾਈਏ ਅਜਿਹੇ ਗੁਰੂ ਘਰਾਂ ਦੇ ਸੇਵਾਦਾਰਾਂ ਦੇ।
ਇਹ ਹਾਲਤ ਸਿਰਫ਼ ਕਿਸੇ ਇਕ ਥਾਂ ਦੀ ਨਹੀਂ ਦੁਨੀਆਂ ਵਿਚ ਜਿਥੇ ਵੀ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਹੈ, ਉਥੇ ਪਹਿਲੀ ਕਮੇਟੀ ਹੀ ਸਰਬਸੰਮਤੀ ਨਾਲ ਕੰਮ ਕਰਦੀ ਵੇਖੀ ਜਾ ਸਕਦੀ ਹੈ। ਬਾਕੀ ਦੀਆਂ ਅਮੂਮਨ ਸਾਰੀਆਂ ਹੀ ਕਮੇਟੀਆਂ ਦੂਜੀ ਕਮੇਟੀ ਬਣਨ ਤੱਕ ਆਪਣਾ ਕਬਜ਼ਾ ਜਮਾਉਣ ਲਈ ਪਹਿਲੀ ਕਮੇਟੀ ਉਪਰ ਦੂਸ਼ਣਬਾਜ਼ੀ ਸ਼ੁਰੂ ਕਰ ਦਿੰਦੀਆਂ ਹਨ।
ਇਥੇ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਇਹ ਅਖੌਤੀ ਧਾਰਮਕ ਆਗੂ ਸਿਰਫ਼ ਗੁਰੂ ਕੀ ਗੋਲਕ ਦੀ ਪ੍ਰਧਾਨਗੀ ਲਈ ਹੀ ਕਿਉਂ ਸੇਵਾ ਭਾਵਨਾ ਰੱਖਦੇ ਹਨ? ਸੇਵਾ ਕਰਨ ਲਈ ਗੁਰੂ ਸਾਹਿਬਾਨ ਨੇ ਲੰਗਰ ਦੀ ਸੇਵਾ, ਜੋੜੇ ਝਾੜਣ ਦੀ ਸੇਵਾ, ਝਾੜੂ ਪੋਚਾ ਲਾਉਣ ਦੀ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਵਿਦੇਸ਼ਾਂ ਵਿਚ ਕਾਰਪੇਟ ਵੈਕਿਊਮ ਕਰਨ ਦੀ ਸੇਵਾ ਅਤੇ ਹੋਰ ਅਨੇਕਾ ਸੇਵਾਵਾਂ ਉਨ੍ਹਾਂ ਲਈ ਰੱਖੀਆਂ ਹੋਈਆਂ ਹਨ ਫਿਰ ਇਹ ਲੀਡਰ ਉਹ ਸੇਵਾ ਕਿਉਂ ਨਹੀਂ ਕਰਦੇ?
ਇਥੇ ਇਕ ਗੱਲ ਹੋਰ ਵੀ ਜਿ਼ਕਰਯੋਗ ਹੈ ਕਿ ਸਾਡੇ ਇਹ ਅਖੌਤੀ ਧਾਰਮਕ ਆਗੂ ਚੋਣਾਂ ਉਪਰ ਜਾਂ ਆਪਣੇ ਵਿਰੋਧੀਆਂ ਦੇ ਖਿਲਾਫ਼ ਦੂਸ਼ਣਬਾਜ਼ੀ ਭਰਪੂਰ ਪ੍ਰਚਾਰ ਕਰਨ ਲਈ ਤਾਂ ਹਜ਼ਾਰਾਂ ਲੱਖਾਂ ਰੁਪਏ, ਡਾਲਰਾਂ ਜਾਂ ਪੌਡਾਂ ਦਾ ਖਰਚਾ ਤਾਂ ਕਰ ਸਕਦੇ ਹਨ ਪਰੰਤੂ ਇਹ ਕਦੀ ਵੀ ਗੁਰਦੁਆਰਾ ਸਾਹਿਬ ਦੇ ਕਿਸੇ ਭਲਾਈ ਕਾਰਜ ਲਈ ਆਪਣੀ ਜੇਬ ਵਿਚੋਂ ਇਕ ਪੈਸਾ ਤੱਕ ਕੱਢਦੇ ਦਿਖਾਈ ਨਹੀਂ ਦਿੰਦੇ। ਹਾਂ ਜਦੋਂ ਇਹ ਕਿਸੇ ਧਾਰਮਕ ਕਾਰਜ ਲਈ ਕਿਸੇ ਗੁਰਸਿੱਖ ਦੇ ਘਰ ਜਾਂਦੇ ਹਨ ਤਾਂ ਉਸ ਸਾਹਮਣੇ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਲੱਖਾਂ ਦੀ ਸੇਵਾ ਦਾ ਹੁਕਮ ਸੁਣਾ ਦਿੰਦੇ ਹਨ।
ਕੀ ਇਸੇ ਨੂੰ ਹੀ ਸੇਵਾ ਕਿਹਾ ਜਾਂਦਾ ਹੈ ਕਿ ਸੇਵਾ ਦੇ ਨਾਮ ‘ਤੇ ਗੁਰੂ ਕੀ ਗੋਲਕ ਨੂੰ ਵੱਡਿਆਂ ਕੀਤਾ ਜਾਵੇ। ਕਈ ਗੁਰਸਿੱਖ ਤਾਂ ਗੁਰੂ ਕੀ ਗੋਲਕ ਚੋਂ ਆਪਣੇ ਨਿਜੀ ਗੱਫ਼ੇ ਲਾਉਣੇ ਵੀ ਨਹੀਂ ਭੁੱਲਦੇ। ਉਹ ਕਿਸੇ ਨਾ ਕਿਸੇ ਢੰਗ ਨਾਲ ਗੁਰੂ ਕੀ ਗੋਲਕ ਚੋਂ ਆਪਣੀ ਪ੍ਰਧਾਨਗੀ, ਸਕੱਤਰੀ ਜਾਂ ਖ਼ਜ਼ਾਨਚੀ ਦੀ ਸੇਵਾ ਦਾ ਸੇਵਾ ਫਲ ਕੱਢ ਹੀ ਲੈਂਦੇ ਹਨ। ਕੁਝ ਲੋਕਾਂ ਵਿਚ ਪੈਸੇ ਦੀ ਭੁੱਖ ਨਹੀਂ ਹੁੰਦੀ ਜਾਂ ਕਹਿ ਲਵੋ ਉਨ੍ਹਾਂ ਦਾ ਦਾਅ ਨਹੀਂ ਲਗਦਾ। ਪਰ ਉਹ ਆਪਣੀ ਇਸ ਪ੍ਰਧਾਨਗੀ ਸਕੱਤਰੀ ਦਾ ਫਾਇਦਾ ਚੁੱਕਦੇ ਹੋਏ ਸਰਕਾਰੇ ਦਰਬਾਰੇ ਕੋਈ ਨਾ ਕੋਈ ਫਾਇਦਾ ਜ਼ਰੂਰ ਲੈ ਲੈਂਦੇ ਹਨ। ਕਈ ਲੀਡਰ ਜਿਨ੍ਹਾਂ ਦਾ ਹੱਥ ਸੇਵਾ ਫਲ ਲੈਣ ਤੱਕ ਨਹੀਂ ਪਹੁੰਚਦਾ ਉਨ੍ਹਾਂ ਵਿਚ ਚੌਧਰ ਦੀ ਭੁੱਖ ਹੁੰਦੀ ਹੈ। ਉਹ ਚਾਹੁੰਦੇ ਹਨ ਕਿ ਸੰਗਤ ਦੇ ਲੋਕੀਂ ਉਨ੍ਹਾਂ ਨੂੰ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਆਦਿ ਅਹੁਦਿਆਂ ਨਾਲ ਨਿਵਾਜਦੇ ਹੋਏ ਉਨ੍ਹਾਂ ਦੇ ਅਗੇ ਪਿਛੇ ਘੁੰਮਦੇ ਫਿਰਨ। ਇਸ ਸਮੇਂ ਮੈਂ ਸਿਰਫ਼ ਇਨ੍ਹਾਂ ਗੁਰਸਿੱਖਾਂ ਵਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਦਾ ਜਿ਼ਕਰ ਹੀ ਕਰਾਂਗਾ। ਇਹ ਆਪਣੀਆਂ ਸੇਵਾਵਾਂ ਦਾ ਫੱਲ ਕਿਸ ਕਿਸ ਢੰਗ ਨਾਲ ਹਾਸਲ ਕਰਦੇ ਹਨ, ਉਹ ਆਪਣੇ ਅਗਲੇ ਕਿਸੇ ਸੰਪਾਦਕੀ ਲੇਖ ਵਿਚ ਲਿਖਾਂਗਾ।
ਹਾਂ, ਗੱਲ ਚਲ ਰਹੀ ਸੀ ਸਿੱਖਾਂ ਵਿਚ ਸੇਵਾ ਭਾਵ ਲਈ ਅਹੁਦੇ ਹਾਸਲ ਕਰਨ ਦੀ। ਪੁਰਾਣੇ ਸਮਿਆਂ ਵਿਚ ਪ੍ਰਧਾਨ ਸਕੱਤਰ ਦੀ ਚੋਣ ਸਾਰੇ ਮੈਂਬਰਾਂ ਜਾਂ ਇਲਾਕੇ ਦੇ ਲੋਕਾਂ ਦੀ ਰਜ਼ਾਮੰਦੀ ਨਾਲ ਹੀ ਹੋ ਜਾਇਆ ਕਰਦੀ ਸੀ। ਪਰ ਜਦੋਂ ਸੇਵਾਦਾਰਾਂ ਦੀ ਗਿਣਤੀ ਵਿਚ ਕੁਝ ਵਾਧਾ ਹੋਣ ਲੱਗ ਪਿਆ ਤਾਂ ਸੇਵਾਦਾਰਾਂ ਨੇ ਸਭ ਕੁਝ ਆਪਣੇ ਗੁਰੂ ਸਾਹਿਬਾਂ ਦੇ ਸਪੁਰਦ ਕਰਦੇ ਹੋਏ ਆਪਣੇ ਨਾਵਾਂ ਦੀ ਪਰਚੀ ਕੱਢ ਲੈਣੀ। ਇਸਤੋਂ ਬਾਅਦ ਜਦੋਂ ਸੇਵਾ ਦੇ ਅਭਿਲਾਖੀ ਸੱਜਣਾਂ ਨੇ ਇਹ ਵੇਖਿਆ ਕਿ ਬਈ ਗੁਰਸਿਖੋ ਬੰਦੇ ਤਾਂ ਮੇਰੇ ਪਿੱਛੇ ਜਿ਼ਆਦਾ ਨੇ ਅਤੇ ਪ੍ਰਧਾਨ ਫਲਾਣਾ ਸਿੰਘ ਬਣ ਕੇ ਬੈਠ ਗਿਆ ਇਹ ਤਾਂ ਬੜੀ ਬੇ ਇਨਸਾਫ਼ੀ ਵਾਲੀ ਗੱਲ ਹੋਈ। ਇਸਤੋਂ ਬਾਅਦ ਸਾਡੇ ਇਨ੍ਹਾਂ ਲੀਡਰਾਂ ਵਲੋਂ ਆਪਣੇ ਬੰਦਿਆਂ ਵਲੋਂ ਜ਼ੋਰ ਅਜ਼ਮਾਈ ਭਾਵ ਗਾਲ੍ਹਾਂ, ਡਾਂਗਾਂ, ਤਲਵਾਰਾਂ ਆਦਿ ਦੀ ਵਰਤੋਂ ਕਰਕੇ ਇਹ ਸੇਵਾ ਹਾਸਲ ਕਰਨ ਲਈ ਉਪਰਾਲੇ ਸ਼ੁਰੂ ਹੋ ਗਏ। ਇਸਤੋਂ ਬਾਅਦ ਜਦੋਂ ਉਨ੍ਹਾਂ ਨੇ ਵੇਖਿਆ ਕਿ ਇਸ ਸੇਵਾ ਦੇ ਬਦਲੇ ਡਾਂਗਾਂ ਖਾਣ ਵਾਲਾ ਸੌਦਾ ਕੁਝ ਮਹਿੰਗਾ ਜਿਹਾ ਹੈ ਤਾਂ ਇਨ੍ਹਾਂ ਨੇ ਇਸਤੋਂ ਗੁਰੇਜ਼ ਕਰਨਾ ਹੀ ਬੇਹਤਰ ਸਮਝਿਆ ਅਤੇ ਚੋਣ ਦੀ ਨੀਤੀ ਨੂੰ ਅਖ਼ਤਿਆਰ ਕਰ ਲਿਆ। ਕਿਉਂਕਿ ਭਾਰਤ ਵਿਚ ਤਾਂ ਡਾਂਗਾਂ ਕ੍ਰਿਪਾਨਾਂ ਨਾਲ ਬਹੁਤ ਨੁਕਸਾਨ ਨਹੀਂ ਹੁੰਦਾ ਪਰ ਵਿਦੇਸ਼ਾਂ ਵਿਚ ਜੇਕਰ ਪੁਲਿਸ ਕਿਸੇ ਸ਼ਰਧਾ ਭਾਵਨਾ ਵਾਲੇ ਕਿਸੇ ਸੇਵਾਦਾਰ ਨੂੰ ਜੇਲ੍ਹ ਵਿਚ ਸੁੱਟ ਦਿੰਦੀ ਹੈ ਤਾਂ ਉਹ ਕਰਮ ਉਸਦੇ ਰਿਕਾਰਡ ਵਿਚ ਦਰਜ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਨੇ ਇਸ ਸੇਵਾ ਭਾਵਨਾ ਦੀ ਖਾਤਰ ਆਪਣੇ ਨਿਜੀ ਰਿਕਾਰਡ ਨੂੰ ਨਿਰਲੇਪ ਰੱਖਣ ਲਈ ਚੋਣਾਂ ਵਾਲਾ ਢੰਗ ਅਖ਼ਤਿਆਰ ਕਰ ਲਿਆ।
ਹੁਣ ਜਦੋਂ ਸਾਡੇ ਗੁਰੂਘਰਾਂ ਵਿਚ ਸੇਵਾ ਕਰਨ ਦੇ ਚਾਹਵਾਨ ਸਿੰਘਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਉਹ ਇਲਾਕੇ ਦੀਆਂ ਸੰਗਤਾਂ ਉਪਰ ਆਪਣੇ ਅਸਰ ਰਸੂਖ, ਆਪਣੇ ਕੀਤੇ ਗਏ ਅਹਿਸਾਨਾਂ ਦਾ ਵਾਸਤਾ ਪਾਕੇ ਵੋਟਾਂ ਹਾਸਲ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਸਭ ਤੋਂ ਇਲਾਵਾ ਕੁਝ ਅਜਿਹੇ ਸੇਵਾਦਾਰ ਵੀ ਹਨ ਜੋ ਸੇਵਾ ਕਰਨੀ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਦਾ ਧੜਾ ਛੋਟਾ ਹੋਣ ਕਰਕੇ ਉਹ ਇਕੱਲਿਆਂ ਇਹ ਸੇਵਾ ਹਾਸਲ ਨਹੀਂ ਕਰ ਸਕਦੇ ਤਾਂ ਉਹ ਫਿਰ ਕਿਸੇ ਅਜਿਹੇ ਧੜੇ ਨਾਲ ਰੱਲਕੇ ਸੇਵਾ ਦੀ ਹਿੱਸੇਦਾਰੀ ਪਾ ਲੈਂਦੇ ਹਨ ਜਿਹੜਾ ਇਹ ਸੋਚਦਾ ਹੋਵੇ ਕਿ ਜੇਕਰ ਉਸਨੂੰ ਕੁਝ ਹੋਰ ਵੋਟਾਂ ਨਾਲ ਮਿਲੀਆਂ ਤਾਂ ਉਸਦੀ ਬੇੜੀ ਡੁੱਬੀ ਹੀ ਸਮਝੋ। ਇਸੇ ਬਹਾਨੇ ਇਨ੍ਹਾਂ ਛੋਟੇ ਧੜਿਆਂ ਦੇ ਲੀਡਰਾਂ ਦਾ ਵੀ ਕੋਈ ਨਾ ਕੋਈ ਨੁਮਾਇੰਦਾ ਕੋਈ ਛੋਟਾ ਜਿਹਾ ਅਹੁਦਾ ਜਾਂ ਅਗ਼ਜ਼ੈਕਟਿਵ ਕਮੇਟੀ ਦਾ ਮੈਂਬਰ ਬਣ ਕੇ ਹੀ ਆਪਣੀ ਸ਼ਰਧਾ ਅਤੇ ਸੇਵਾ ਭਾਵਨਾ ਨੂੰ ਜਗ ਜ਼ਾਹਰ ਕਰ ਦਿੰਦਾ ਹੈ।
ਇਥੇ ਇਹ ਗੱਲ ਵੀ ਜਿ਼ਕਰਯੋਗ ਹੈ ਕਿ ਇਹ ਸੇਵਕ ਸੱਜਣ ਗੁਰਦੁਆਰਾ ਸਾਹਿਬ ਵਿਖੇ ਮਾਈਕ ਫੜਣ, ਦਫਤਰ ਵਿਖੇ ਪੈਨ ਫੜਣ ਅਤੇ ਹੁਣ ਕੰਪਿਊਟਰ ਤੱਕ ਹੀ ਸੀਮਤ ਹਨ। ਹੋਰ ਕਿਸੇ ਸੇਵਾ ਲਈ ਨਹੀਂ ਕਿਉਂਕਿ ਲੰਗਰ ਜਾਂ ਹੋਰਨਾਂ ਸੇਵਾਵਾਂ ਲਈ ਬਾਕੀ ਸੰਗਤ ਥੋੜ੍ਹੀ ਹੈ ਜਿਹੜੀ ਰੋਜ਼ਾਨਾ ਗੁਰੂਘਰ ਵਿਖੇ ਆਉਂਦੀ ਹੈ। ਮਾਇਆ ਦੇਣ ਦੀ ਸੇਵਾ ਉਨ੍ਹਾਂ ਨੇ ਸੰਗਤ ਦੇ ਹਿੱਸੇ ਲਾਈ ਹੋਈ ਹੈ ਗਿਣਨ ਦੀ ਆਪਣੇ ਜਿ਼ੰਮੇ।
ਇਸਤੋਂ ਅਗਲੇ ਕਿਸੇ ਲੇਖ ਵਿਚ ਮੈਂ ਇਹ ਜਾਣਕਾਰੀ ਦਿਆਂਗਾ ਕਿ ਇਸ ਸੇਵਾ ਲਈ ਇਹ ਮਾਰੋ ਮਾਰ ਕਿਉਂ ਪਈ ਹੋਈ ਹੈ। ਕਿਉਂਕਿ ਇਸ ਲਈ ਇਕ ਦੂਜੇ ਦੀਆਂ ਇੱਜ਼ਤਾਂ ਅਤੇ ਪੱਗਾਂ ਉਛਾਲੀਆਂ ਜਾ ਰਹੀਆਂ ਹਨ?
ਇਹ ਗੁਰਦਵਾਰਿਆਂ ਤੇ ਕਬਜਿਆਂ ਦੀ ਲੜਾਂਈ ਕਦੋਂ ਮੁਕੇਗੀ ?
This entry was posted in ਸੰਪਾਦਕੀ.