ਵੱਖ ਵੱਖ ਜਮਾਤਾਂ ਅਤੇ ਸ਼ਖ਼ਸੀਅਤਾਂ ਨੇ ਕਈ ਵਾਰ 1978, 1984, 1985-93 ਦੇ ਘੱਲੂਘਾਰਿਆਂ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਗੱਲ ਕੀਤੀ ਹੈ। ਪਹਿਲੋਂ ਅਜਿਹੀ ਹੀ ਗੱਲ ਗੁਰਦਾਸ ਨੰਗਲ, ਕਾਹਨੂੰਵਾਨ, ਕੁਪ-ਰਹੀੜਾ ਵਿਚ (ਤਰਤੀਬਵਾਰ 1716, 1746, 1762) ਦੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਵਾਸਤੇ ਵੀ ਚਲਾਈ ਗਈ ਸੀ। ਉਂਞ ਤਾਂ 1947 ਵਿਚ ਮਾਰੇ ਗਏ ਸਿੱਖਾਂ ਦੀ ਯਾਦਗਾਰ (ਕੀ ਉਹ ਸ਼ਹੀਦ ਸਨ ਜਾਂ ਨਹੀਂ, ਇਕ ਬਹਿਸ ਵਾਲਾ ਨੁਕਤਾ ਹੈ) ਦੀ ਗੱਲ ਕਦੇ ਨਹੀਂ ਚੱਲੀ। ਅਜੇ ਤਾਂ ਅਸੀਂ ਨਿਰਮੋਹਗੜ੍ਹ (8 ਤੋਂ 13 ਅਕਤੂਬਰ 1700), ਸ਼ਾਹੀ ਟਿੱਬੀ (6 ਦਸੰਬਰ 1705), ਮਲਕਪੁਰ (6 ਦਸੰਬਰ 1705), ਸਰਹੰਦ ਤੇ ਚਿੱਪੜੀ-ਚਿੜੀ (12-14 ਮਈ 1710), ਸਢੌਰਾ, ਸਮਾਣਾ, ਘੁੜਾਮ, ਰਾਹੋਂ, ਬਿਲਾਸਪੁਰ (1709-10) ਦੇ ਸ਼ਹੀਦਾਂ ਦੀ ਕੋਈ ਯਾਦਗਾਰ ਨਹੀਂ ਬਣਾ ਸਕੇ। ਇਸ ਤੋਂ ਪਹਿਲਾਂ ਰੁਹੀਲਾ (ਹਰਿਗੋਬਿੰਦਪੁਰ), ਲੋਹਗੜ੍ਹ (ਅੰਮ੍ਰਿਤਸਰ), ਮਹਿਰਾਜ ਤੇ ਕਰਤਾਰਪੁਰ (ਤਰਤੀਬਵਾਰ 1621, 1634 ਤੇ 1635), ਫਗਵਾੜਾ (1635) ਦੇ ਸ਼ਹੀਦਾਂ ਦੀ ਮੁਨਾਸਿਬ ਯਾਦਗਾਰ ਨਹੀਂ ਬਣਾ ਸਕੇ। ਅੱਜ ਤਾਂ ਪੰਜਾਬੀ ਸੂਬੇ ਦੇ ਸ਼ਹੀਦਾਂ ਦੀ (12 ਜੂਨ 1960) ਦਿੱਲੀ ਵਿਚ ਯਾਦਗਾਰ ਬਣਨੀ ਬਾਕੀ ਹੈ ਅਤੇ ਕਰਨਾਲ ਵਿਚ ਕਾਕਾ ਇੰਦਰਜੀਤ ਸਿੰਘ ਮੈਮੋਰੀਅਲ ਵੀ ਅਜੇ ਬਣਨਾ ਹੈ। ਇਸ ਤੋਂ ਇਲਾਵਾ ਹੋਰ ਵੀ ਅਜਿਹੀਆਂਕਈ ਸ਼ਹੀਦੀ ਯਾਦਾਗਰਾਂ ਬਣਨੀਆਂ ਜ਼ਰੂਰੀ ਹਨ।
ਉਂਞ ਤਾਂ, ਅਸੂਲੀ ਤੌਰ ’ਤੇ, ਜਿਥੇ ਵੀ ਕੋਈ ਸਿੱਖ ਸ਼ਹੀਦ ਹੋਇਆ ਸੀ, ਉਸੇ ਥਾਂ ਤੇ ਉਸ ਦੀ ‘ਸ਼ਹੀਦੀ ਯਾਦਗਾਰ’ ਬਣਾਈ ਜਾਣੀ ਚਾਹੀਦੀ ਹੈ। ਪਰ ਸਵਾਲ ਇਹ ਹੈ ਕਿ ਇਹ ਯਾਦਗਾਰ ਕਿਹੋ ਜਿਹੀ ਹੋਵੇ? ਅਜੇ ਤਾਂ ਰਿਵਾਜ਼ ਇਹੀ ਰਿਹਾ ਹੈ ਕਿ ਇਕ ਗੁਰਦੁਆਰਾ ਉਸਾਰ ਕੇ ਉਸ ਦਾ ਨਾਂ ‘ਸ਼ਹੀਦ ਗੰਜ’ ਰਖ ਦਿੱਤਾ ਜਾਂਦਾ ਹੈ। ਇੰਞ ਹੀ ਕਈ ਵਾਰ ਤਾਂ ਇਕੋ ਥਾਂ ’ਤੇ ਪੰਜ-ਪੰਜ ਦਸ-ਦਸ ਗੁਰਦੁਆਰੇ ਬਣਾਏ ਜਾਂਦੇ ਹਨ ਅਤੇ ਹਰ ਥਾਂ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕਰ ਦਿੱਤਾ ਜਾਂਦਾ ਹੈ। ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕਰਨਾ ਸਹੀ ਨਹੀਂ ਹੈ। ਜਿੱਥੇ ਵਧੇਰੇ ਯਾਦਗਾਰੀ ਘਟਨਾਵਾਂ ਹੋਈਆਂ ਹਨ, ਉੱਥੇ ਸਿਰਫ ਇਕ ਗੁਰਦੁਆਰਾ ਉਸਾਰਿਆ ਜਾਣਾ ਚਾਹੀਦਾ ਹੈ ਅਤੇ ਬਾਕੀ ਥਾਂਵਾਂ ਤੇ ਯਾਦਗਾਰੀ-ਮੀਨਾਰ, ਥੰਮ ਜਾਂ ਚਬੂਤਰੇ ਉਸਾਰ ਕੇ, ਉਸ ’ਤੇ, ਉਸ ਘਟਨਾ ਦੀ ਤਵਾਰੀਖ਼ ਲਿਖ ਦਿੱਤੀ ਜਾਣੀ ਚਾਹੀਦੀ ਹੈ। ਇੰਞ ਇਕੋ ਕੰਪਲੈਕਸ ਵਿਚ ਪੰਜ-ਸਤ ਗੁਰਦੁਆਰਿਆਂ ਦੀ ਜਗ੍ਹਾ ਸਿਰਫ਼ ਇਕ ਗੁਰਦੁਆਰਾ ਹੋਵੇ ਤੇ ਬਾਕੀ ਮੈਮੋਰੀਅਲ ਹੋਣ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦਾ ਵਧੇਰੇ ਅਦਬ ਰਹਿ ਸਕੇ।
ਸ਼ਹੀਦੀ ਮੀਨਾਰ:- ਜਿਥੇ ਵੀ ਕੋਈ ਸਿੰਘ ਸ਼ਹੀਦ ਹੋਏ ਹੋਣ ਉਥੇ ਇਕ ਸ਼ਹੀਦੀ ਮੀਨਾਰ/ਚਬੂਤਰਾ/ਥੰਮ੍ਹ ਬਣਾ ਦਿੱਤਾ ਜਾਣਾ ਚਾਹੀਦਾ ਹੈ ’ਤੇ ਉਸ ਉੱਤੇ ਉਸ ਸ਼ਹੀਦੀ ਦੀ ਤਵਾਰੀਖ਼ ਉਕਰ ਦਿੱਤੀ ਜਾਣੀ ਚਾਹੀਦੀ ਹੈ। ਜਿਸ ਥਾਂ ’ਤੇ ਵਧੇਰੇ ਸ਼ਹੀਦੀਆਂ ਹੋਈਆਂ ਹੋਣ, ਉੱਥੇ ਇੱਕੋ ਸ਼ਹੀਦੀ ਪਿੱਲਰ ਉੱਤੇ ਤਵਾਰੀਖ਼ ਅਤੇ ਹਰ ਸ਼ਹੀਦੀ ਦੀ ਜੀਵਨੀ (ਜਿੰਨੀ ਵੀ ਮਿਲਦੀ ਹੋਵੇ) ਉਕਰ ਦਿਤੀ ਜਾਣੀ ਚਾਹੀਦੀ ਹੈ।
ਅਜਾਇਬ ਘਰ ਵਰਗਾ ਮੈਮੋਰੀਅਲ:- ਕੁਝ ਵੱਡੀਆਂ ਸ਼ਹੀਦੀਆਂ ਵਾਲੀਆਂ ਥਾਂਵਾਂ ’ਤੇ ਅਜਾਇਬ ਘਰ ਵਰਗੇ ਮੈਮੋਰੀਅਲ ਬਣਾਏ ਜਾਣੇ ਚਾਹੀਦੇ ਹਨ, ਜਿੰਨ੍ਹਾਂ ਵਿਚ ਪੇਂਟਿੰਗਜ਼ ਅਤੇ ਉਸ ਘਟਨਾ ਬਾਰੇ ਛਪੀਆਂ ਕਿਤਾਬਾਂ ਅਤੇ ਹੋਰ ਸੋਮਿਆਂ ਵਿਚ ਆਏ ਜ਼ਿਕਰ ਦੀ ਇਕ-ਇਕ ਫ਼ੋਟੋ ਕਾਪੀ ਵੀ ਰੱਖੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜੇ ਹੋ ਸਕੇ ਤਾਂ, ਕੰਪਿਊਟਰਾਈਜ਼ਡ ਸਪੀਕਿੰਗ ਯੂਨਿਟ ਵੀ ਲਾਏ ਜਾ ਸਕਦੇ ਹਨ। ਇੰਞ ਹੀ ਘਟਨਾ ਦੀ ਜਾਂ ਸ਼ਹੀਦ ਦੀ ਜਾਂ ਸ਼ਹੀਦ ਦੀ ਤਸਵੀਰ ਦੇ ਨੇੜੇ ਬਟਨ ਲਾ ਕੇ ਵੱਖ-ਵੱਖ ਜ਼ੁਬਾਨਾਂ ਵਿਚ ਉਸ ਬਾਰੇ ਤਫ਼ਸੀਲ ਰੀਲੇਅ ਕੀਤੀ ਜਾ ਸਕਦੀ ਹੈ। ਅਜਿਹੇ ਅਜਾਇਬ ਘਰ ਅਨੰਦਪੁਰ ਸਾਹਿਬ (ਲੋਹਗੜ੍ਹ, ਹੋਲਗੜ੍ਹ, ਫ਼ਤਹਿਗੜ੍ਹ, ਤਾਰਾਗੜ੍ਹ, ਨਿਰਮੋਹਗੜ੍ਹ ਦੀ ਯਾਦ ਵਿਚ), ਚਮਕੌਰ, ਮੁਕਤਸਰ, ਸ਼ਾਹੀ ਟਿੱਬੀ, ਝੱਖੀਆਂ (ਸਰਸਾ ਨਦੀ ਦੇ ਕੰਢੇ), ਮਲਕਪੁਰ ਵਿਚ ਬਣਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ, ਦਿੱਲੀ, ਲੰਡਨ, ਵਾਸ਼ਿੰਗਟਨ, ਆਟਵਾ (ਕਨੇਡਾ) ਅਤੇ ਕੁਝ ਹੋਰ ਸ਼ਹਿਰਾਂ ਵਿਚ ਵੀ ਸਪੀਕਿੰਗ ਮਿਊਜ਼ੀਅਮ ਬਣਾਏ ਜਾ ਸਕਦੇ ਹਨ। ਕੰਪਿਊਟਰ ਰਾਹੀਂ ਤਵਾਰੀਖ਼ ਸਿਖਾਉਣ ਦਾ ਤਰੀਕਾ ਤਾਂ ਹਰ ਤਵਾਰੀਖ਼ੀ ਗੁਰਦੁਆਰੇ ਵਿਚ ਵੀ ਕਾਇਮ ਕੀਤਾ ਜਾ ਸਕਦਾ ਹੈ। ਇਸ ਨਾਲ ਹਰ ਗੁਰਦੁਆਰੇ ਦਾ ਇਤਿਹਾਸ ਦਰਸ਼ਨ ਕਰਨ ਆਈਆਂ ਸੰਗਤਾਂ ਪੰਜਾਬੀ, ਅੰਗਰੇਜ਼ੀ ਅਤੇ ਕੁਝ ਹੋਰ ਜ਼ਬਾਨਾਂ ਵਿਚ ਹਾਸਿਲ ਕਰ ਸਕਿਆ ਕਰਨਗੀਆਂ।
ਸ਼ਹੀਦੀ ਗੇਟ/ਮੀਨਾਰ:- ਇਸ ਸਾਰੇ ਤੋਂ ਇਲਾਵਾ ਸਿੱਖ ਪੰਥ ਨੂੰ ਇਕ ਵੱਡਾ ‘ਸੈਂਟਰਲ ਸ਼ਹੀਦੀ ਗੇਟ’ ਜਾਂ ‘ਸ਼ਹੀਦੀ ਮੀਨਾਰ’ ਵੀ ਉਸਾਰਨਾ ਚਾਹੀਦਾ ਹੈ, ਜਿਸ ਵਿਚ 1606 ਤੋਂ ਲੈ ਕੇ ਅਜ ਤਕ ਦੇ ਸਾਰੇ ਸ਼ਹੀਦਾਂ ਦੀ ਪੂਰੀ ਸੂਚੀ ਤੇ ਜੇ ਹੋ ਸਕੇ ਤਾਂ ਪੂਰੀ ਤਵਾਰੀਖ਼ ਤੇ ਜੇ ਮੁਮਕਿਨ ਹੋਵੇ ਤਾਂ ਘਟਨਾਵਾਂ ਅਤੇ ਸ਼ਹੀਦਾਂ ਦੀਆਂ ਤਸਵੀਰਾਂ/ਪੇਟਿੰਗਜ਼ ਵੀ ਹੋਣ। ਇੱਥੇ ਵੀ ਸਪੀਕਿੰਗ ਮਿਊਜ਼ੀਅਮ ਅਤੇ ਇਲੈਕਟਰਾਨਿਕ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਹ ਸ਼ਹੀਦੀ ਗੇਟ ਮੁੰਬਈ ਦੇ ‘ਗੇਟਵੇਅ ਆਫ਼ ਇੰਡੀਆ’ ਜਾਂ ਦਿਲੀ ਦੇ ‘ਇੰਡੀਆ ਗੇਟ’ ਦੀ ਤਰਜ਼ ’ਤੇ ਬਣਾਇਆ ਜਾ ਸਕਦਾ ਹੈ।
ਇਸ ਸ਼ਹੀਦੀ ਗੇਟ/ਮੀਨਾਰ (Martyrs’ Gate/Tower) ਦੀਆਂ ਇਕ ਤੋਂ ਵੱਧ ਮੰਜ਼ਿਲਾਂ ਹੋ ਸਕਦੀਆਂ ਹਨ। ਇਸ ਗੇਟ/ਮੀਨਾਰ ਦੇ ਨੇੜੇ ਹੀ ਅਜਾਇਬ ਘਰ ਹੋਵੇ, ਜਿਸ ਵਿਚ ਇਨ੍ਹਾਂ ਸ਼ਹੀਦੀਆਂ ਦੀ ਤਵਾਰੀਖ਼ ਅਤੇ ਸ਼ਹੀਦਾਂ ਦੀਆਂ ਜੀਵਨੀਆਂ ਤੇ ਤਸਵੀਰਾਂ/ਪੇਟਿੰਗਜ਼ ਵੀ ਪਈਆਂ ਹੋਣ ਅਤੇ ਨਾਲ ਹੀ ਇਕ ਲਾਇਬਰੇਰੀ ਵੀ ਹੋਵੇ, ਜਿਸ ਵਿਚ ਸ਼ਹੀਦਾਂ/ਸ਼ਹੀਦੀ ਘਟਨਾਵਾਂ ਬਾਰੇ ਛਪੀ ਹਰ ਪਬਲੀਕੇਸ਼ਨ ਪਈ ਹੋਵੇ।
ਹੁਣ ਸਵਾਲ ਇਹ ਹੈ ਕਿ ਇਹ ਮੁੱਖ/ਸੈਂਟਰਲ ਸ਼ਹੀਦੀ ਮੀਨਾਰ/ਗੇਟ ਕਿਸ ਸ਼ਹਿਰ ਵਿਚ ਹੋਵੇ? ਅੱਵਲ ਤਾਂ ਇਹ ਮੀਨਾਰ ਅੰਮ੍ਰਿਤਸਰ, ਦਿੱਲੀ, ਅਨੰਦਪੁਰ ਸਾਹਿਬ, ਚੰਡੀਗੜ੍ਹ, ਵਾਸ਼ਿੰਗਟਨ ਤੇ ਲੰਡਨ ਵਿਚ ਹਰ ਥਾਂ ਬਣਨੇ ਚਾਹੀਦੇ ਹਨ, ਪਰ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿਚ ਇਹੋ ਜਿਹਾ ਮੀਨਾਰ/ਗੇਟ ਜ਼ਰੂਰ ਬਣਨਾ ਚਾਹੀਦਾ ਹੈ। ਅੰਮ੍ਰਿਤਸਰ ਵਿਚ ਇਹ ‘ਸ਼ਹੀਦੀ ਗੇਟ’ ਅਕਾਲ ਤਖ਼ਤ ਸਾਹਿਬ ਅਤੇ ਥੜ੍ਹਾ ਸਾਹਿਬ ਗੁਰਦੁਆਰੇ ਦੇ ਵਿਚਕਾਰ ਬਣਨਾ ਚਾਹੀਦਾ ਹੈ। ਇਹ ਉਹੀ ਥਾਂ ਹੈ ਜਿਸ ਥਾਂ ’ਤੇ 1 ਦਸੰਬਰ 1764 ਦੇ ਦਿਨ ਬਾਬਾ ਗੁਰਬਖਸ਼ ਸਿੰਘ ਲੀਲ੍ਹ ਦੀ ਅਗਵਾਈ ਵਿਚ ਸ਼ਹੀਦ ਹੋਏ 30 ਸਿੰਘਾਂ ਦੀ ਯਾਦਗਾਰ ਬਣੀ ਹੋਈ ਸੀ ਤੇ ਹੁਣ ਅਖੰਡ ਪਾਠਾਂ ਵਾਸਤੇ ਕੈਬਿਨਾਂ (ਚੈਂਬਰ) ਬਣਾ ਦਿਤੇ ਗਏ ਹਨ (ਜੋ ਸਿੱਖ ਫ਼ਲਸਫ਼ੇ ਨਾਲ ਜ਼ਿਆਦਤੀ ਹਨ) ਇਥੇ ਸ਼ਹੀਦੀ ਮੀਨਾਰ ਬਣਾਉਣ ਵਾਸਤੇ ਕਾਫ਼ੀ ਜਗ੍ਹਾ ਹੈ ਅਤੇ ਪਿੱਛੇ ਕਮਰਿਆਂ ਨੂੰ ਵੱਖ-ਵੱਖ ਸ਼ਹੀਦੀ ਸਾਕਿਆਂ ਦੇ ਅਜਾਇਬ ਘਰਾਂ ਵਾਸਤੇ ਵਰਤਿਆ ਜਾ ਸਕਦਾ ਹੈ।
ਇਸ ਜਗ੍ਹਾ ਦਾ ਪਿਛੋਕੜ:- ਬਹੁਤ ਘਟ ਲੋਕਾਂ/ਵਿਦਵਾਨਾਂ ਨੂੰ ਪਤਾ ਹੈ ਕਿ 1577 ਤੋਂ 1860 ਤਕ, ਤਿੰਨ ਸੌ ਸਾਲ ਤਕ, ਦਰਬਾਰ ਸਾਹਿਬ ਦਾ ਸਿਰਫ਼ ਇਹੀ ਇਕ ਗੇਟ ਸੀ ਜਿੱਥੋਂ ਸੰਗਤਾਂ ਦਰਬਾਰ ਸਾਹਿਬ ਵਿਚ ਦਾਖ਼ਿਲ ਹੋਈਆ ਕਰਦੀਆਂ ਸਨ। ਹੁਣ ਵਾਲਾ ਘੰਟਾ ਘਰ ਗੇਟ ਤਾਂ ਅੰਗਰੇਜ਼ਾਂ ਨੇ ‘ਘੰਟਾ ਘਰ’ (ਜੋ ਗਿਰਜੇ ਦੀ ਸ਼ਕਲ ਵਿਚ ਉਸਾਰਿਆ ਗਿਆ ਸੀ ਤੇ 1948 ਵਿਚ ਢਾਹ ਦਿਤਾ ਗਿਆ ਸੀ) ਬਣਾਉਣ ਵੇਲੇ ਸ਼ੁਰੂ ਕੀਤਾ ਸੀ। ਗੁਰੂ ਸਾਹਿਬ ਵੇਲੇ ਦਰਬਾਰ ਸਾਹਿਬ ਦਾ ਰਸਤਾ ਹੁਣ ਦੇ ਦਰਸ਼ਨ ਡਿਉਢੀ (ਗੁਰੁ ਬਜ਼ਾਰ ਵੱਲੋਂ) ਗੁਰਦੁਆਰੇ ਵੱਲੋਂ ਆਉਂਦਾ ਸੀ। ਇਸੇ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਨਵੰਬਰ 1664 ਵਿਚ ਇੱਥੋਂ ਹੀ ਦਰਸ਼ਨ ਕਰ ਕੇ ਮੁੜੇ ਸਨ (ਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ)। ਇਸੇ ਗੇਟ ’ਤੇ ਹੀ ਅਹਿਮਦ ਸ਼ਾਹ ਦੁਰਾਨੀ ਨੇ ਪਹਿਲੀ ਦਸੰਬਰ 1764 ਨੂੰ ਹਮਲਾ ਕੀਤਾ ਸੀ ਅਤੇ ਗੇਟ ’ਤੇ ਬਾਬਾ ਗੁਰਬਖਸ਼ ਸਿੰਘ 29 ਸਾਥੀਆਂ ਸਣੇ ਰਾਖੀ ਕਰਦੇ ਸ਼ਹੀਦ ਹੋਏ ਸਨ। ਇਥੇ ਸ਼ਹੀਦੀ ਮੀਨਾਰ ਬਣਨ ਨਾਲ ਇਕ ਤਾਂ ਗੁਰੂ ਸਾਹਿਬ ਦਾ ਬਣਾਇਆ ‘ਅਸਲ ਰਸਤਾ’ (ਜਿਸ ਨੂੰ ਬੇਸਮਝ ਸਿੱਖਾਂ ਨੇ ਬਿਨਾ ਸੋਚੇ ਸਮਝਿਓਂ ਕਬੂਲ ਬੰਦ ਕਰ ਦਿਤਾ ਹੈ) ਵੀ ਮੁੜ ਕਾਇਮ ਹੋ ਜਾਵੇਗਾ ਅਤੇ ਸ਼ਹੀਦਾਂ ਦੀ ਯਾਦ ਵਿਚ ਮੀਨਾਰ ਵੀ ਉਸਰ ਜਾਵੇਗਾ। ਪਰ ਪਤਾ ਨਹੀਂ ਸਿੱਖ ਆਗੂਆਂ ਕੋਲ ਇਹ ਸੋਚਣ ਦਾ ਵਕਤ ਹੈ ਵੀ ਕਿ ਨਹੀਂ ?!