ਲੁਧਿਆਣਾ:-ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਅਤੇ ਕੀਨੀਆ ਦੀ ਇਗਰਟਿਨ ਯੂਨੀਵਰਸਿਟੀ ਦੇ ਚਾਰ ਮੈਂਬਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਮਾਰਕ ਅਰਬੌਗ ਕਰ ਰਹੇ ਸਨ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਡੀਨਜ਼ ਤੇ ਡਾਇਰੈਕਟਰ ਸਾਹਿਬਾਨ ਨਾਲ ਵੀ ਮੁਲਾਕਾਤ ਕੀਤੀ। ਡਾ: ਢਿੱਲੋਂ ਨੇ ਆਪਣੇ ਵਿਚਾਰ ਵਟਾਂਦਰੇ ਦੌਰਾਨ ਦੱਸਿਆ ਕਿ ਤਿੰਨਾਂ ਦੇਸ਼ਾਂ ਦੇ ਤਿੰਨ ਪਾਸੜੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਤਿੰਨਾਂ ਦੇਸ਼ਾਂ ਦੇ ਵਿਗਿਆਨੀਆਂ ਨੂੰ ਵਧੇਰੇ ਲਾਭ ਮਿਲੇਗਾ ਅਤੇ ਸਿੱਖਿਆ ਦੇ ਨਾਲ ਖੋਜ ਪ੍ਰਾਪਤੀਆਂ ਵੀ ਸਾਂਝੀਆਂ ਕੀਤੀਆਂ ਜਾ ਸਕਣਗੀਆਂ। ਪਸਾਰ ਸਿੱਖਿਆ ਢਾਂਚੇ ਬਾਰੇ ਜਾਣਕਾਰੀ ਦਿੰਦਿਆਂ ਡਾ: ਢਿੱਲੋਂ ਨੇ ਦੱਸਿਆ ਕਿ ਪੰਜਾਬ ਦਾ ਕਿਸਾਨ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਵਿੱਚ ਭਰਪੂਰ ਦਿਲਚਸਪੀ ਲੈਂਦਾ ਹੈ ਅਤੇ ਇਨ੍ਹਾਂ ਖੋਜ ਪ੍ਰਾਪਤੀਆਂ ਨੂੰ ਕਿਸਾਨਾਂ ਤੀਕ ਪਹੁੰਚਾਉਣ ਲਈ ਇਸ ਢਾਂਚੇ ਰਾਹੀਂ ਤਕਨਾਲੋਜੀ ਨੂੰ ਕਿਸਾਨਾਂ ਦੇ ਖੇਤ ਤਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ।
ਇਸ ਮੌਕੇ ਸ਼੍ਰੀਮਾਨ ਅਰਬੌਗ ਨੇ ਬੋਲਦਿਆਂ ਕਿਹਾ ਕਿ ਤਿੰਨਾਂ ਦੇਸ਼ਾਂ ਵੱਲੋਂ ਪਸਾਰ ਸਿੱਖਿਆ, ਸਿਖਲਾਈ, ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਖੋਜ ਪ੍ਰਾਪਤੀਆਂ ਸਾਂਝੀਆਂ ਕਰਨਾ ਇਸ ਫੇਰੀ ਦਾ ਮੁੱਖ ਮੰਤਵ ਹੈ। ਉਨ੍ਹਾਂ ਦੱਸਿਆ ਕਿ ਭੋਜਨ ਚੱਕਰ, ਨਵੇਂ ਸਿੱਖਿਆ ਦੇ ਕੋਰਸ ਤਿਆਰ ਕਰਨਾ, ਨਿੱਜੀ ਅਦਾਰਿਆਂ ਨਾਲ ਮੇਲ ਮਿਲਾਪ ਅਤੇ ਸਿਖਲਾਈ ਮੁੱਖ ਖੇਤਰ ਹਨ ਜਿਨ੍ਹਾਂ ਵਿੱਚ ਸਹਿਯੋਗ ਦੀ ਜ਼ਰੂਰਤ ਹੈ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਇਸ ਮੌਕੇ ਦੱਸਿਆ ਕਿ ਖੇਤੀ ਪੈਦਾਵਾਰ ਵਧਾਉਣ ਦੇ ਨਾਲ ਨਾਲ ਵਾਤਾਵਰਨ ਵਿੱਚ ਆ ਰਹੇ ਵਿਗਾੜ ਨੂੰ ਰੋਕਣਾ ਯੂਨੀਵਰਸਿਟੀ ਦਾ ਮੁੱਖ ਟੀਚਾ ਹੈ। ਯੂਨੀਵਰਸਿਟੀ ਦੇ ਪ੍ਰਬੰਧਕੀ ਢਾਂਚੇ ਬਾਰੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਵਫਦ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਅਪਰ ਨਿਰਦੇਸ਼ਕ ਖੋਜ (ਭੋਜਨ ਵਿਗਿਆਨ) ਡਾ: ਪੀ ਕੇ ਖੰਨਾ ਨੇ ਵਫਦ ਨੂੰ ਜੀ ਆਇਆਂ ਦੇ ਸ਼ਬਦ ਬੋਲਦਿਆਂ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ ਵਿੱਚ ਪੰਜਾਬ ਸੂਬੇ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।