ਨਵੀਂ ਦਿੱਲੀ- ਅੰਨਾ ਦੀ ਆਧਾਰਹੀਣ ਮੰਡਲੀ ਵੱਲੋਂ ਲਗਾਏ ਗਏ ਅਰੋਪਾਂ ਦਾ ਦ੍ਰਿੜਤਾ ਨਾਲ ਜਵਾਬ ਦਿੰਦੇ ਹੋਏ ਪ੍ਰਧਾਨਮੰਤਰੀ ਸ੍ਰ: ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜੇ ਉਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਅਰੋਪ ਸਾਬਿਤ ਹੋ ਜਾਂਦੇ ਹਨ ਤਾਂ ਉਹ ਆਪਣੇ ਸਰਵਜਨਿਕ ਜੀਵਨ ਤੋਂ ਸੰਨਿਆਸ ਲੈ ਲੈਣਗੇ।
ਪ੍ਰਧਾਨਮੰਤਰੀ ਨੇ ਦੇਸ਼ ਪਰਤਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟੀਮ ਅੰਨਾ ਵੱਲੋਂ ਲਗਾਏ ਗਏ ਅਰੋਪਾਂ ਨੂੰ ਦੁਰਭਾਗਿਆਪੂਰਣ ਅਤੇ ਗੈਰ ਜਿੰਮੇਵਾਰਾਨਾ ਦਸਿਆ। ਉਨ੍ਹਾਂ ਨੇ ਕਿਹਾ ਕਿ ਕੋਇਲਾ ਬਲਾਕ ਦੀ ਵੰਡਾਈ ਬਾਰੇ ਬਿਨਾਂ ਤੱਥਾਂ ਦੀ ਛਾਣਬੀਣ ਕੀਤਿਆਂ ਅਰੋਪ ਲਗਾਏ ਜਾ ਰਹੇ ਹਨ ਜੋ ਕਿ ਦੁਰਭਾਗਿਆ ਪੂਰਣ ਹੈ। ਦੇਸ਼ ਦੇ ਵਿੱਤਮੰਤਰੀ, ਰਾਜ ਸੱਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨਮੰਤਰੀ ਦੇ ਰੂਪ ਵਿੱਚ ਉਨ੍ਹਾਂ ਦਾ ਜੀਵਨ ਇੱਕ ਖੁਲ੍ਹੀ ਕਿਤਾਬ ਦੀ ਤਰ੍ਹਾਂ ਹੈ।
ਜਿਕਰਯੋਗ ਹੈ ਕਿ ਅੰਨਾ ਮੰਡਲੀ ਨੇ ਪ੍ਰਧਾਨਮੰਤਰੀ, ਵਿੱਤਮੰਤਰੀ ਪ੍ਰਣਬ ਸਮੇਤ 15 ਕੇਂਦਰੀ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਅਰੋਪ ਲਗਾਏ ਹਨ। ਮੁੱਖ ਅਰੋਪ ਕੋਇਲਾ ਬਲਾਕਾਂ ਦੇ ਵੰਡਣ ਨਾਲ ਸਬੰਧਿਤ ਹੈ। ਕੁਝ ਮੰਤਰੀਆਂ ਨੇ ਇਨ੍ਹਾਂ ਅਰੋਪਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਅੰਨਾ ਦੇ ਦੁਮਛੱਲਿਆਂ ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰਨ ਦੀ ਵੀ ਗੱਲ ਕਰ ਰਹੇ ਹਨ। ਅੰਨਾ ਦੀ ਆਪਣੀ ਟੀਮ ਵਿੱਚ ਹੀ ਇਸ ਅਰੋਪ ਨਾਲ ਫੁੱਟ ਪੈ ਗਈ ਹੈ ਸੰਤੋਸ਼ ਹੇਗੜੇ ਨੇ ਖੁਦ ਨੂੰ ਇਸ ਤੋਂ ਪਾਸੇ ਦਸਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨਾਲ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ।