ਨਵੀਂ ਦਿੱਲੀ- ਪੈਟਰੌਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਵਿਰੋਧ ਵਿੱਚ ਰਾਜਗ, ਵਾਮ ਦਲਾਂ ਅਤੇ ਵਪਾਰੀ ਸੰਗਠਨਾਂ ਵੱਲੋਂ ਕੀਤੇ ਗਏ ਬੰਦ ਦਾ ਵਿਆਪਕ ਅਸਰ ਵੇਖਿਆ ਗਿਆ। ਸਮਾਜਵਾਦੀ ਪਾਰਟੀ ਨੇ ਵੀ ਬੰਦ ਦਾ ਸਮਰਥਣ ਕੀਤਾ। ਭਾਜਪਾ ਦੇ ਰਾਜ ਵਾਲੇ ਸੂਬਿਆਂ ਗੋਆ, ਮੱਧਪ੍ਰਦੇਸ਼, ਛਤੀਸਗੜ੍ਹ ਅਤੇ ਬੈਂਗਲੂਰੂ ਵਿੱਚ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਖੇਤਰ ਵਿੱਚ ਬੰਦ ਦਾ ਅਸਰ ਵਿਖਾਈ ਦਿੱਤਾ।
ਬੰਦ ਦੇ ਦੌਰਾਨ ਕੁਝ ਸਥਾਨਾਂ ਤੇ ਤੋੜਫੋੜ ਅਤੇ ਸਾੜਫੂਕ ਦੀਆਂ ਘਟਨਾਵਾਂ ਵੀ ਵਾਪਰੀਆਂ। ਬੈਂਗਲੂਰੂ ਵਿੱਚ ਭਾਜਪਾ ਵਰਕਰਾਂ ਨੇ 3 ਸਰਕਾਰੀ ਬੱਸਾਂ ਨੂੰ ਅੱਗ ਲਗਾ ਦਿੱਤੀ ਅਤੇ ਬੱਸ ਅੱਡਿਆਂ ਤੇ ਤੋੜਭੰਨ ਕੀਤੀ। ਇੱਥੇ ਵੱਖ-ਵੱਖ ਥਾਂਵਾਂ ਤੇ 10 ਹੋਰ ਬੱਸਾਂ ਵਿੱਚ ਵੀ ਭੰਨਤੋੜ ਕੀਤੀ ਗਈ। ਬਿਹਾਰ ਅਤੇ ਯਪੀ ਵਿੱਚ ਵੀ ਬੰਦ ਦਾ ਅਸਰ ਰਿਹਾ। ਰਾਜਧਾਨੀ ਪਟਨਾ ਦੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹੇ। ਯਪੀ ਵਿੱਚ ਸਪਾ ਵਰਕਰਾਂ ਨੇ ਟਰੇਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਦਿੱਲੀ ਵਿੱਚ ਬੰਦ ਦੇ ਨਾਲ-ਨਾਲ ਆਟੋ ਅਤੇ ਟੈਕਸੀ ਵਾਲਿਆਂ ਨੇ ਵੀ ਹੜਤਾਲ ਕੀਤੀ। ਆਟੋ ਅਤੇ ਟੈਕਸੀ ਯੂਨੀਅਨਾਂ ਨੇ ਸੀਐਨਜੀ ਦੇ ਰੇਟ ਵਧਾਉਣ ਦਾ ਵਿਰੋਧ ਕੀਤਾ। ਦਿੱਲੀ ਵਿੱਚ ਬੰਦ ਕਰਵਾਉਣ ਲਈ ਜਬਰਦਸਤੀ ਕਰਦੇ ਹੋਏ ਭਾਜਪਾ ਦੇ ਕਈ ਨੇਤਾ ਹਿਰਾਸਤ ਵਿੱਚ ਲਏ ਗਏ। ਇਸ ਬੰਦ ਦਾ ਅਸਰ ਆਮ ਲੋਕਾਂ ਦੇ ਜੀਵਨ ਤੇ ਪਿਆ। ਮੁੰਬਈ ਵਿੱਚ ਕਾਮਕਾਜੀ ਲੋਕਾਂ ਨੂੰ ਭੁੱਖਿਆਂ ਰਹਿਣਾ ਪਿਆ ਕਿਉਂਕਿ ਡੱਬੇ ਵਾਲਿਆਂ ਨੇ ਉਨ੍ਹਾਂ ਨੂੰ ਖਾਣਾ ਨਹੀਂ ਪਹੁੰਚਾਇਆ।