ਲੁਧਿਆਣਾ:-ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਲੇਖਕ ਅਤੇ ਪੰਜਾਬ ਸਰਕਾਰ ਦੇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਸ਼੍ਰੀ ਜੰਗ ਬਹਾਦਰ ਗੋਇਲ ਵੱਲੋਂ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲਾਂ ਦੇ ਤੀਸਰੇ ਭਾਗ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵਿਸ਼ਵ ਦੇ ਪ੍ਰਮੁੱਖ ਲੇਖਕਾਂ ਵੱਲੋਂ ਲਿਖੀ ਸ਼ਾਹਕਾਰ ਨਾਵਲਾਂ ਨੂੰ ਪੰਜਾਬੀ ਵਿੱਚ ਸੁਖੈਨ ਭਾਸ਼ਾ ਅੰਦਰ ਪੇਸ਼ ਕਰਨਾ ਸ਼੍ਰੀ ਗੋਇਲ ਦੀ ਹੀ ਪ੍ਰਾਪਤੀ ਕਹੀ ਜਾ ਸਕਦੀ ਹੈ। ਤੀਸਰੇ ਭਾਗ ਵਿੱਚ ਦਸ ਨਾਵਲ ਸ਼ਾਮਿਲ ਕੀਤੇ ਗਏ ਹਨ। ‘ਥੈਕਰੇ’ ਦਾ ਨਾਵਲ ਵੈਨਿਟੀ ਫੇਅਰ, ਹੈਰੀਅਟ ਬੀਚਰ ਸਟੋਅ ਦਾ ਅੰਕਲ ਟੌਮਜ਼ ਕੈਵਿਨ, ਸ਼ਰਲਿਟ ਬਰੌਨਟੇ ਦਾ ਵੁਧਰਿੰਗ ਹਾਈਟਸ, ਅਲੈਗਜੈਂਡਰ ਕੁਪਰਿਨ ਦਾ ਜਾਮਾ ਦਾ ਪਿਟ, ਸ਼ਰਦ ਚੰਦਰ ਦਾ ਦੇਵਦਾਸ, ਐਰਿਕ ਮਾਰੀਆ ਰੇਮਾਰਕ, ਆਲਕੁਆਇਟ ਆਨ ਦਾ ਵੈਸਟਰਨ ਫਰੰਟ, ਜਾਰਜ ਔਰਵਿਲ ਦਾ ਐਨੀਮਲ ਫਾਰਮ, ਸ਼ੋਲੋਖੋਵ ਦਾ ਐਂਡ ਕਵਾਇਟ ਫਲੋਜ਼ ਦ ਡਾਨ, ਹਾਰਪਰ ਲੀ ਦਾ ਟੁ ਕਿੱਲ ਏ ਮੌਕਿੰਗ ਬਰਡ ਇਸ ਸੰਗ੍ਰਿਹ ਦੀ ਸ਼ਾਨ ਬਣੇ ਹਨ। ਇਹ ਦਸ ਸ਼ਾਹਕਾਰ ਰਚਨਾਵਾਂ ਹੁਣ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਪੰਜਾਬੀ ਪ੍ਰੇਮੀਆਂ ਦੀ ਲਿਆਕਤ ਨੂੰ ਵੀ ਵਿਸ਼ਵ ਪੱਧਰੀ ਬਣਾਉਣਗੀਆਂ। ਉਨ੍ਹਾਂ ਆਖਿਆ ਕਿ ਸ਼੍ਰੀ ਗੋਇਲ ਵੱਲੋਂ ਹੁਣ ਤੀਕ 46 ਨਾਵਲਾਂ ਦਾ ਆਸਾਨ ਭਾਸ਼ਾ ਵਿੱਚ ਪੇਸ਼ ਹੋਣਾ ਜਿਥੇ ਪੰਜਾਬੀ ਭਾਸ਼ਾ ਲਈ ਮਾਣ ਵਾਲੀ ਗੱਲ ਹੈ ਉਥੇ ਸ਼੍ਰੀ ਗੋਇਲ ਲਈ ਵੀ ਜੀਵਨ ਪ੍ਰਾਪਤੀ ਵਰਗਾ ਅਹਿਸਾਸ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਨਾਵਲਾਂ ਵਿੱਚ ਇਕ ਵੀ ਸ਼ਬਦ ਅੰਗਰੇਜ਼ੀ ਦਾ ਨਹੀਂ ਵਰਤਿਆ ਗਿਆ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਡਾਇਰੈਕਟਰ ਰੈਫਰੈਂਸ ਲਾਇਬ੍ਰੇਰੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਆਖਿਆ ਕਿ ਸ਼੍ਰੀ ਜੰਗ ਬਹਾਦਰ ਗੋਇਲ ਨੇ ਜੈਤੋ ਦੀ ਸਾਹਿਤਕ ਮਰਿਆਦਾ ਨੂੰ ਇਨ੍ਹਾਂ ਸ਼ਾਹਕਾਰ ਨਾਵਲਾਂ ਰਾਹੀਂ ਵਿਸ਼ਵ ਪੱਧਰੀ ਬਣਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਗਿਆਨਪੀਠ ਪੁਰਸਕਾਰ ਵਿਜੇਤਾ ਨਾਵਲਕਾਰ ਗੁਰਦਿਆਲ ਸਿੰਘ ਦੀ ਟਿੱਪਣੀ ਮੁੱਲਵਾਨ ਹੈ। ਜਿਸ ਨੇ ਇਸ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਨਾਵਲਾਂ ਨੂੰ ਪੜ੍ਹਨ ਨਾਲ ਪੰਜਾਬੀ ਜਨ ਮਾਣਸ ਯਕੀਨਨ ਸਾਹਿਤਕ ਪੱਖੋਂ ਅਮੀਰ ਹੋਵੇਗਾ। ਪੰਜਾਬੀ ਸਾਹਿਤ ਅਕੈਡਮੀ ਦੇ ਮੀਤ ਪ੍ਰਧਾਨ ਡਾ: ਗੁਰਇਕਬਾਲ ਸਿੰਘ ਨੇ ਇਨ੍ਹਾਂ ਨਾਵਲਾਂ ਦੀ ਪੇਸ਼ਕਾਰੀ ਵਿੱਚ ਆਮ ਸਧਾਰਨ ਭਾਸ਼ਾ ਦੀ ਵਰਤੋਂ ਨੂੰ ਪੰਜਾਬੀ ਸਾਹਿਤ ਲਈ ਵਡਮੁੱਲੀ ਵਿਧੀ ਦੱਸਿਆ। ਉਨ੍ਹਾਂ ਆਖਿਆ ਕਿ ਕਿਸੇ ਵੀ ਭਾਸ਼ਾ ਦੇ ਵਿਕਾਸ ਲਈ ਵਿਸ਼ਵ ਸਾਹਿਤ ਦਾ ਦਖਲ ਬਹੁਤ ਜ਼ਰੂਰੀ ਹੈ ਤਾਂ ਜੋ ਸਾਡਾ ਪੰਜਾਬੀ ਪਾਠਕ ਵੀ ਵਿਸ਼ਵ ਦੀਆਂ ਸਾਹਿਤਕ ਸਿਖ਼ਰਾਂ ਤੋਂ ਜਾਣੂ ਹੋ ਸਕੇ। ਜੰਗ ਬਹਾਦਰ ਗੋਇਲ ਦੀ ਧਰਮ ਪਤਨੀ ਪ੍ਰਿੰਸੀਪਲ ਡਾ: ਨੀਲਮ ਗੋਇਲ ਨੇ ਇਨ੍ਹਾਂ ਨਾਵਲਾਂ ਨੂੰ ਸੰਜੀਵਨੀ ਬੂਟੀ ਵਰਗਾ ਕਿਹਾ ਜਿਸ ਦੇ ਆਸਰੇ ਸ਼੍ਰੀ ਜੰਗ ਬਹਾਦਰ ਗੋਇਲ ਜ਼ਿੰਦਾ ਹਨ। ਬਹੁਤ ਹੀ ਭਿਆਨਕ ਬੀਮਾਰੀ ਨਾਲ ਤਿੰਨ ਸਾਲ ਜੂਝਦਿਆਂ ਸ਼੍ਰੀ ਗੋਇਲ ਨੇ ਇਹ ਮਹਾਨ ਰਚਨਾ ਨੇਪਰੇ ਚਾੜੀ ਹੈ। ਇਸ ਮੌਕੇ ਸ਼੍ਰੀ ਗੋਇਲ ਦੇ ਛੋਟੇ ਭਰਾ ਅਤੇ ਉੱਘੇ ਪੰਜਾਬੀ ਲੇਖਕ ਭਾਰਤ ਭੂਸ਼ਨ ਤੋਂ ਇਲਾਵਾ ਸ਼੍ਰੀ ਸਤੀਸ਼ ਗੁਲਾਟੀ, ਤਰਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੋ: ਰਵਿੰਦਰ ਭੱਠਲ, ਜਸਵਿੰਦਰ ਧਨਾਨਸੂ, ਸਤਬੀਰ ਸਿੰਘ, ਪ੍ਰੀਤਮ ਸਿੰਘ ਭਰੋਵਾਲ, ਸ਼੍ਰੀ ਵਿਨੋਦ ਮਹਿੰਦਰਾ, ਰਵਿੰਦਰ ਦੀਵਾਨਾ ਤੋਂ ਇਲਾਵਾ ਕਈ ਹੋਰ ਪ੍ਰਮੁਖ ਵਿਅਕਤੀ ਹਾਜ਼ਰ ਸਨ।